6 ਮਈ ਤੋਂ ਨਹੀਂ ਕਰ ਸਕੋਗੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ
Tuesday, Apr 30, 2019 - 10:39 AM (IST)
ਡੇਰਾ ਬਾਬਾ ਨਾਨਕ (ਕੰਵਲਜੀਤ) : ਚੈਰੀਟੇਬਲ ਹਸਪਤਾਲ ਦੇ ਚੇਅਰਮੈਨ ਤੇ ਗੁਰੂ ਨਾਨਕ ਵੰਸਜ਼ ਬਾਬਾ ਸੁਖਦੀਪ ਸਿੰਘ ਬੇਦੀ ਨੇ ਅੱਜ ਆਪਣੇ ਦਫਤਰ 'ਚ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਨਿਰਮਾਣ ਕਾਰਜਾਂ ਨੂੰ ਲੈ ਕੇ 6 ਮਈ ਤੋਂ ਸ੍ਰੀ ਕਰਤਾਰਪੁਰ ਸਾਹਿਬ ਮਾਰਗ ਸੰਗਤਾਂ ਲਈ ਬੰਦ ਕਰ ਦਿੱਤਾ ਜਾ ਰਿਹਾ ਹੈ, ਜਿਸ ਤੋਂ ਬਾਅਦ ਸੰਗਤਾਂ ਇਸ ਮਾਰਗ ਰਾਹੀਂ ਸਰਹੱਦ ਤੱਕ ਨਹੀਂ ਪਹੁੰਚ ਸਕਣਗੀਆਂ ਤੇ ਨਾ ਹੀ ਦੂਰਬੀਨ ਨਾਲ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰ ਕਰ ਸਕਣਗੀਆਂ।
ਬਾਬਾ ਬੇਦੀ ਨੇ ਦੱਸਿਆ ਕਿ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਸੜਕ ਨੂੰ ਤੋੜਣ, ਦਰੱਖਤ ਵੱਢਣ ਤੇ ਸ੍ਰੀ ਕਰਤਾਰਪੁਰ ਦਰਸ਼ਨ ਸਥੱਲ ਸਮੇਤ ਕੰਟੀਨ, ਸੰਗਤਾਂ ਦਾ ਵਿਸ਼ਰਾਮ ਘਰ ਆਦਿ ਇਮਾਰਤਾਂ ਨੂੰ ਤੋੜ ਦਿੱਤਾ ਜਾਵੇਗਾ ਤੇ ਇਸ ਮਾਰਗ ਦੇ ਨਿਰਮਾਣ 'ਚ ਵੱਡੀਆਂ ਮਸ਼ੀਨਾਂ ਦੀ ਵਰਤੋਂ ਹੋਣੀ ਹੈ ਤੇ ਸੰਗਤ ਦੀ ਸਹੂਲਤ ਲਈ ਇਹ ਮਾਰਗ ਬੰਦ ਕਰਨਾ ਪੈਣਾ ਹੈ ਤੇ ਲਾਂਘਾ ਖੁੱਲ੍ਹਣ ਤੱਕ ਇਹ ਮਾਰਗ ਸੰਗਤ ਲਈ ਬੰਦ ਰਹੇਗਾ।
ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ 6 ਮਈ ਤੋਂ ਡੇਰਾ ਬਾਬਾ ਨਾਨਕ ਪਹੁੰਚ ਕੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਨਾ ਆਉਣ, ਕਿਉਂਕਿ ਸੰਗਤ ਨੂੰ ਕਿਸੇ ਤਰ੍ਹਾਂ ਦੀ ਵੀ ਖੱਜਲ-ਖੁਆਰੀ ਤੋਂ ਬਚਾਉਣਾ ਸਾਡਾ ਮਕਸਦ ਹੈ। ਉਨ੍ਹਾਂ ਕਿਹਾ ਕਿ 6 ਮਈ 2008 ਨੂੰ ਹੀ ਸ੍ਰੀ ਕਰਤਾਰਪੁਰ ਦਰਸ਼ਨ ਸਥੱਲ ਦਾ ਨਿਰਮਾਣ ਹੋਇਆ ਸੀ ਅਤੇ ਹੁਣ 11 ਸਾਲਾਂ ਬਾਅਦ ਉਸੇ ਤਰੀਕ ਨੂੰ ਇਹ ਦਰਸ਼ਨ ਸਥੱਲ ਤੋੜ ਕੇ ਲਾਂਘੇ ਦਾ ਕੰਮ ਸ਼ੁਰੂ ਹੋ ਰਿਹਾ ਹੈ। ਬਾਬਾ ਬੇਦੀ ਨੇ ਕਿਹਾ ਕਿ ਸੜਕ ਨਿਰਮਾਣ ਦੌਰਾਨ ਜਿੰਨੇ ਵੀ ਰੁੱਖ ਵੱਢੇ ਜਾਣਗੇ, ਉਨ੍ਹਾਂ ਤੋਂ ਦੁੱਗਣੇ ਰੁੱਖ ਉਨ੍ਹਾਂ ਵੱਲੋਂ ਸੇਵਾ ਵਜੋਂ ਲਵਾਏ ਜਾਣਗੇ। ਇਸ ਮੌਕੇ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀ ਜਤਿੰਦਰ ਸਿੰਘ ਵੀ ਹਾਜ਼ਰ ਸਨ।