ਲਾਂਘੇ ਰਾਹੀਂ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਨੂੰ ਕਰਵਾਉਣੀ ਪਵੇਗੀ 2 ਵਾਰ ਚੈਕਿੰਗ
Wednesday, Nov 06, 2019 - 11:58 AM (IST)
ਡੇਰਾ ਬਾਬਾ ਨਾਨਕ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 9 ਨਵੰਬਰ ਨੂੰ ਕਰਤਾਰਪੁਰ ਲਾਂਘੇ ਦਾ ਉਦਘਾਟਨ ਕੀਤਾ ਜਾ ਰਿਹਾ ਹੈ, ਜਿਸ ਨੂੰ ਲੈ ਕੇ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ। ਇਸ ਮੌਕੇ ਸੁਰੱਖਿਆ ਦੇ ਮੱਦੇਨਜ਼ਰ ਜਿਥੇ ਡੇਰਾ ਬਾਬਾ ਨਾਨਕ ਨੂੰ ਛਾਉਣੀ 'ਚ ਤਬਦੀਲ ਕੀਤਾ ਹੋਇਆ ਹੈ, ਉੱਥੇ ਹੀ ਪਾਕਿਸਤਾਨ ਨੇ ਮੁੱਖ ਗੇਟ ਨੇੜੇ ਆਪਣੇ ਪਾਸੇ ਦੋ ਚੈੱਕ ਪੋਸਟਾਂ ਦਾ ਨਿਰਮਾਣ ਕਰ ਲਿਆ ਹੈ। ਇਨ੍ਹਾਂ ਪੋਸਟਾਂ ਦੇ ਮੱਦੇਨਜ਼ਰ ਬੀ.ਐੱਸ.ਐੱਫ. ਨੇ ਵੀ ਇਨ੍ਹਾਂ ਦੋ ਚੈੱਕ ਪੋਸਟਾਂ ਦੇ ਬਿਲਕੁਲ ਸਾਹਮਣੇ ਭਾਰਤ ਵਾਲੇ ਪਾਸੇ ਦੋ ਅਸਥਾਈ ਚੈੱਕ ਪੋਸਟਾਂ ਬਣਾ ਲਈਆਂ ਹਨ।
ਸੂਤਰਾਂ ਅਨੁਸਾਰ ਲਾਂਘੇ ਦੇ ਪਹਿਲੇ ਦਿਨ 675 ਸ਼ਰਧਾਲੂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾਣਗੇ। ਇਨ੍ਹਾਂ ਵਿਚ ਉਪ ਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਹੋਰ ਵੀਵੀਆਈਪੀਜ਼ ਸ਼ਾਮਲ ਹੋਣਗੇ। ਇੰਟੈਗ੍ਰੇਟਿਡ ਚੈੱਕ ਪੋਸਟ (ਆਈਸੀਪੀ) ਤੋਂ ਲਾਂਘੇ 'ਚ ਸ਼ਾਮਲ ਹੋਣ ਵਾਲੇ ਸ਼ਰਧਾਲੂਆਂ ਨੂੰ ਪਹਿਲਾਂ ਬੀ.ਐੱਸ.ਐੱਫ. ਚੈੱਕ ਪੋਸਟ 'ਤੇ ਜਵਾਨ ਰਸਮੀ ਚੈੱਕ ਕਰਨਗੇ, ਮਗਰੋਂ ਉਨ੍ਹਾਂ ਨੂੰ ਕੁਝ ਫੁੱਟ 'ਤੇ ਪਾਕਿਸਤਾਨ ਦੁਆਰਾ ਤਿਆਰ ਕੀਤੀਆਂ ਦੋ ਚੈੱਕ ਪੋਸਟਾਂ 'ਤੇ ਚੈਕਿੰਗ ਪ੍ਰਕ੍ਰਿਰਿਆ 'ਚੋਂ ਗੁਜ਼ਰਨਾ ਪਵੇਗਾ। ਇਸ ਮਗਰੋਂ ਉੱਥੋਂ ਪਾਕਿਸਤਾਨ ਦੀ ਆਈ.ਸੀ.ਪੀ. 'ਚ ਜਾਣਾ ਹੋਵੇਗਾ, ਜਿੱਥੋਂ ਉਨ੍ਹਾਂ ਨੂੰ ਬੱਸਾਂ ਰਾਹੀਂ ਗੁਰਦੁਆਰਾ ਸਾਹਿਬ ਲਿਜਾਇਆ ਜਾਵੇਗਾ। ਇਸ ਦੌਰਾਨ ਸ਼ਰਧਾਲੂ ਪੈਦਲ ਵੀ ਜਾ ਸਕਦੇ ਹਨ। ਸੂਤਰਾਂ ਅਨੁਸਾਰ ਅਪੰਗ ਜਾਂ ਬਿਮਾਰ ਸ਼ਰਧਾਲੂਆਂ ਲਈ ਪਾਕਿਸਤਾਨ ਵਲੋਂ ਵ੍ਹੀਲ ਚੇਅਰ, ਬਿਜਲਈ ਚੇਅਰ ਆਦਿ ਦੇ ਪ੍ਰਬੰਧ ਵੀ ਕੀਤੇ ਗਏ ਹਨ।