ਦਿੱਲੀ ਏਅਰਪੋਰਟ ਵਰਗਾ ਬਣੇਗਾ ਕਰਤਾਰਪੁਰ ਕੋਰੀਡੋਰ ਟਰਮੀਨਲ
Sunday, Dec 08, 2019 - 07:10 PM (IST)
ਡੇਰਾ ਬਾਬਾ ਨਾਨਕ : ਕਰਤਾਰਪੁਰ ਕੋਰੀਡੋਰ ਨੂੰ ਦਿੱਲੀ ਦੇ ਕੌਮਾਂਤਰੀ ਏਅਰਪੋਰਟ ਵਰਗਾ ਤਿਆਰ ਕੀਤਾ ਜਾ ਰਿਹਾ ਹੈ। ਨਵੇਂ ਵੇਟਿੰਗ ਹਾਲ ਤੋਂ ਇਲਾਵਾ 'ਫੂਡ ਕੋਟ' ਵੀ ਲਗਭਗ ਆਖਰੀ ਪੜਾਅ 'ਤੇ ਹੈ। ਇਸ ਨਾਲ ਯਾਤਰੀਆਂ ਨੂੰ ਅਹਿਸਾਸ ਹੋਵੇਗਾ ਕਿ ਉਹ ਇਕ ਕੌਮਾਂਤਰੀ ਸਥੱਲ 'ਤੇ ਹਨ।
9 ਨਵੰਬਰ ਨੂੰ ਕਰਤਾਰਪੁਰ ਕੋਰੀਡੋਰ ਨੂੰ ਸ਼ੁਰੂ ਕੀਤਾ ਗਿਆ ਪਰ ਸੁਵਿਧਾਵਾਂ ਨਾ ਦੇ ਬਰਾਬਰ ਸੀ। ਹੁਣ ਨਵਾਂ ਸ਼ੇਡ ਬਿਲਕੁਲ ਕੌਮਾਂਤਰੀ ਏਅਰਪੋਰਟ ਦੀ ਤਰਜ਼ 'ਤੇ ਬਣਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਇਕ ਸ਼ਾਨਦਾਰ 'ਫੂਡ ਕੋਟ' ਅਤੇ ਕੈਂਟੀਨ ਲਗਭਗ ਤਿਆਰ ਹੋ ਚੁੱਕੀ ਹੈ, ਇਥੇ ਸੀ.ਸੀ.ਡੀ. ਕੌਫੀ ਤੋਂ ਲੈ ਕੇ ਹੋਰ ਖਾਣ ਦਾ ਸਾਮਾਨ ਮਿਲੇਗਾ। ਕੈਂਟੀਨ ਅਤੇ ਫੂਡ ਕੋਟ 'ਚ ਬੈਠਣ ਦੀ ਸਮਰੱਥਾ ਕਰੀਬ 500 ਹੈ, ਜਿਸ 'ਚ ਵੱਖ-ਵੱਖ ਸਟਾਲ ਲਗਾਏ ਜਾਣਗੇ। ਇਸ ਤੋਂ ਇਲਾਵਾ ਅਜੇ ਤੱਕ ਯਾਤਰੀਆਂ ਦੇ ਬੈਠਣ ਲਈ ਸਿਰਫ ਟਰਮੀਨਲ ਦੇ ਨੇੜੇ ਹੀ ਸਥਾਨ ਸੀ, ਜਿਸ ਦੀ ਸਮਰੱਥਾ ਕਾਫੀ ਘੱਟ ਹੈ। ਇਸ ਦੇ ਅੰਦਰ ਵੀ ਕੇਵਲ ਉਹ ਲੋਕ ਹੀ ਜਾ ਸਕਦੇ ਹਨ, ਜਿਨ੍ਹਾਂ ਕੋਲ ਗ੍ਰਹਿ ਮੰਤਰਾਲੇ ਦਾ ਟ੍ਰੇਵਲ ਡਾਕਿਊਮੈਂਟ ਹੈ।
ਇਕ ਹਿੰਦੀ ਅਖਬਾਰ ਮੁਤਾਬਕ ਗੁਪਤ ਏਜੰਸੀਆਂ ਦੇ ਅਧਿਕਾਰੀਆਂ ਲਈ ਅਜੇ ਤੱਕ ਇਥੇ ਕੋਈ ਕਮਰਾ ਨਹੀਂ ਹੈ। ਸੈਨਾ ਅਤੇ ਬੀ.ਐੱਸ.ਐੱਫ. ਤੋਂ ਇਲਾਵਾ ਆਈ.ਬੀ. ਅਤੇ ਹੋਰ ਅਧਿਕਾਰੀਆਂ ਦੇ ਲਈ ਕਮਰੇ ਤਿਆਰ ਕੀਤੇ ਜਾ ਰਹੇ ਹਨ। ਹੁਣ ਤੱਕ ਸਾਰੇ ਅਧਿਕਾਰੀ ਬਾਹਰ ਹੀ ਕੁਰਸੀਆਂ 'ਤੇ ਬੈਠਦੇ ਹਨ। ਇਕ ਪਾਸੇ ਵੇਟਿੰਗ ਹਾਲ ਅਤੇ ਦੂਜੇ ਪਾਸੇ ਸ਼ਾਨਦਾਰ ਫੂਡ ਕੋਟ ਹੈ। ਇਸ ਤੋਂ ਇਲਾਵਾ ਪਾਰਕ, ਫਵਾਰਾ ਪਾਰਕ ਅਤੇ ਬਾਹਰ ਬਾਥਰੂਮ ਤਿਆਰ ਹੋ ਗਿਆ ਹੈ। ਬਾਥਰੂਮ ਅਤੇ ਟਰਮੀਨਲ ਦੀ ਸਫਾਈ ਦੀ ਜਿੰਮੇਵਾਰੀ ਇਕ ਨਿੱਜੀ ਕੰਪਨੀ ਨੂੰ ਦਿੱਤੀ ਗਈ ਹੈ।