ਕਰਤਾਰਪੁਰ ਸਾਹਿਬ ਗੁਰਦੁਆਰਾ ਦੇ ਦਰਸ਼ਨ ਕਰਨ ਵਾਲਿਆਂ ਲਈ ਅਹਿਮ ਖਬਰ
Thursday, Apr 11, 2019 - 09:28 AM (IST)
ਚੰਡੀਗੜ੍ਹ : ਸ੍ਰੀ ਕਰਤਾਰਪੁਰ ਸਾਹਿਬ ਸਥਿਤ ਗੁਰਦੁਆਰੇ ਦੇ ਦਰਸ਼ਨ ਕਰਨ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖਬਰ ਹੈ। ਅਸਲ 'ਚ ਕੇਂਦਰ ਸਰਕਾਰ ਵਲੋਂ ਡੇਰਾ ਬਾਬਾ ਨਾਨਕ 'ਚ ਆਧੁਨਿਕ ਚੈੱਕ ਪੋਸਟ ਬਣਾਉਣ ਦਾ ਫੈਸਲਾ ਲਿਆ ਗਿਆ ਹੈ। ਇਸ 'ਚ 2 ਵੀ. ਆਈ. ਪੀ. ਕਾਊਂਟਰਾਂ ਸਮੇਤ 54 ਕਾਊਂਟਰ ਹੋਣਗੇ ਤਾਂ ਜੋ ਗੁਰਦੁਆਰੇ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਨੂੰ ਚੈੱਕ ਪੋਸਟਾਂ 'ਤੇ ਕਾਗਜ਼ ਪੱਤਰ ਬਣਾਉਣ 'ਚ ਬਹੁਤੀ ਉਡੀਕ ਨਾ ਕਰਨੀ ਪਵੇ। ਇਹ ਚੈੱਕ ਪੋਸਟ 165 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ।
ਇਨ੍ਹਾਂ 54 ਕਾਊਂਟਰਾਂ 'ਚੋਂ ਇਕ ਕਾਊਂਟਰ ਅਮਰਜੈਂਸੀ ਹਾਲਾਤ ਨਾਲ ਨਜਿੱਠਣ ਲਈ ਹੋਵੇਗਾ ਤਾਂ ਜੋ ਕਿਸੇ ਦੇ ਬੀਮਾਰ ਹੋਣ ਦੀ ਸੂਰਤ 'ਚ ਉਸ ਨੂੰ ਬਿਨਾਂ ਦੇਰੀ ਕੀਤੇ ਵਾਪਸ ਲਿਆਂਦਾ ਜਾਵੇ। ਇਸ ਚੈੱਕ ਪੋਸਟ 'ਚ ਇੱਕੋ ਸਮੇਂ ਦੋ ਹਜ਼ਾਰ ਲੋਕਾਂ ਦੇ ਬੈਠਣ ਦਾ ਪ੍ਰਬੰਧ ਹੋਵੇਗਾ। ਦੱਸ ਦੇਈਏ ਕਿ ਕਰਤਾਰਪੁਰ ਲਾਂਘੇ ਨਾਲ ਜੁੜੇ ਮਸਲਿਆਂ ਦੇ ਹੱਲ ਅਤੇ ਆਪਸੀ ਸਹਿਮਤੀ ਬਣਾਉਣ ਲਈ ਦੋਵੇਂ ਮੁਲਕਾਂ ਦੇ ਅਧਿਕਾਰੀਆਂ ਵਿਚਕਾਰ 16 ਅਪ੍ਰੈਲ ਨੂੰ ਇਕ ਹੋਰ ਮੀਟਿੰਗ ਹੋਵੇਗੀ।