ਡੇਰਾ ਬਾਬਾ ਨਾਨਕ ਵਿਖੇ ਸੁੰਦਰ ਲਾਈਟਾਂ ਨਾਲ ਸਜਾਈ ਗਈ ਗੁਰਦੁਆਰਾ ਸਾਹਿਬ ਦੀ ਇਮਾਰਤ
Thursday, Nov 07, 2019 - 10:53 AM (IST)
ਡੇਰਾ ਬਾਬਾ ਨਾਨਕ (ਵਤਨ) : ਡੇਰਾ ਬਾਬਾ ਨਾਨਕ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਸ ਮਹਾਨ ਦਿਹਾੜੇ ਨੂੰ ਮਨਾਉਣ ਅਤੇ ਸੰਗਤਾਂ ਦੇ ਸਵਾਗਤ ਲਈ ਕਸਬੇ ਦੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ 'ਚ ਜ਼ੋਰਦਾਰ ਤਿਆਰੀਆਂ ਕੀਤੀਆਂ ਗਈਆਂ ਹਨ। ਇਸ ਦੇ ਨਾਲ-ਨਾਲ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਖੂਬ ਸਜਾਇਆ ਜਾ ਰਿਹਾ ਹੈ।
ਦੱਸ ਦਈਏ ਕਿ ਗੁਰਦੁਆਰਾ ਦਰਬਾਰ ਸਾਹਿਬ ਉਸ ਪਵਿੱਤਰ ਖੂਹ 'ਤੇ ਸੁਸ਼ੋਭਿਤ ਹੈ ਜਿਥੇ ਗੁਰੂ ਨਾਨਕ ਦੇਵ ਜੀ ਆਪਣੇ ਪਰਿਵਾਰ ਨੂੰ ਆ ਕੇ ਮਿਲੇ ਸੀ ਅਤੇ ਇਹ ਖੂਹ ਅਜਿਤੇ ਰੰਧਾਵੇ ਦੇ ਖੂਹ ਨਾਲ ਜਾਣਿਆ ਜਾਂਦਾ ਹੈ। ਇਸ ਸਥਾਨ 'ਤੇ ਹੀ ਗੁਰੂ ਨਾਨਕ ਦੇਵ ਜੀ ਦੀ ਚਾਦਰ ਦੇ ਇਕ ਹਿੱਸੇ ਨੂੰ ਦਫਨਾਇਆ ਗਿਆ ਸੀ, ਜਿਸ ਦੇ ਉਪਰ ਵਾਲੇ ਸਥਾਨ 'ਤੇ ਮਹਾਰਾਜਾ ਰਣਜੀਤ ਸਿੰਘ ਵਲੋਂ ਸੋਨੇ ਦੀ ਪਾਲਕੀ ਬਣਾਈ ਗਈ ਹੈ ਅਤੇ ਅੱਜ ਇਸ ਖੂਹ ਨੂੰ ਬਾਊਲੀ ਦੇ ਰੂਪ 'ਚ ਵਿਕਸਿਤ ਕੀਤਾ ਗਿਆ ਹੈ। ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੇ ਮੇਨ ਬਾਜ਼ਾਰ ਵਾਲੇ ਪਾਸੇ ਵਾਲਾ ਹਿੱਸਾ ਜੋ ਕਿ ਪਹਿਲਾਂ ਗੁਰਦੁਆਰਾ ਸਾਹਿਬ ਦਾ ਮੁੱਖ ਦੁਆਰ ਹੁੰਦਾ ਸੀ, ਉਧਰ ਸੁੰਦਰ ਲਾਈਟਾਂ ਲਾਈਆਂ ਗਈਆਂ ਹਨ ਅਤੇ ਗੁਰਦੁਆਰਾ ਸਾਹਿਬ ਦੀਆਂ ਬਾਹਰਲੀਆਂ ਕੰਧਾਂ 'ਤੇ ਸਫੈਦੀ ਕਰ ਦਿੱਤੀ ਗਈ ਹੈ ਜਦਕਿ ਗੁਰਦੁਆਰਾ ਸਾਹਿਬ ਦੀ ਬਣ ਰਹੀ ਨਵੀਂ ਇਮਾਰਤ ਨੂੰ ਵੀ ਅਤੇ ਉਸ ਦੇ ਅਗਲੇ ਹਿੱਸੇ ਨੂੰ ਵੀ ਸਜਾਇਆ ਜਾ ਰਿਹਾ ਹੈ।
ਇਸ ਸਬੰਧ 'ਚ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਰਣਜੀਤ ਸਿੰਘ ਕਲਿਆਣਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਤ ਪ੍ਰਭਾਤ ਫੇਰੀਆਂ ਆਰੰਭ ਹੋ ਚੁੱਕੀਆਂ ਹਨ। ਵੱਡੀ ਗਿਣਤੀ 'ਚ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਤੜਕਸਾਰ ਕੀਰਤਨ ਕਰਦੀਆਂ ਪ੍ਰਭਾਤ ਫੇਰੀ 'ਚ ਸ਼ਾਮਲ ਹੁੰਦੀਆਂ ਹਨ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕ ਪਿੰਡਾਂ 'ਚ ਧਾਰਮਕ ਸਮਾਗਮਾਂ ਦਾ ਆਯੋਜਨ ਕਰ ਰਹੇ ਹਨ ਅਤੇ ਸੰਗਤਾਂ ਨੂੰ ਇਸ ਦਿਹਾੜੇ 'ਚ ਵਧ ਤੋਂ ਵਧ ਸ਼ਿਰਕਤ ਕਰਨ ਦੀਆਂ ਬੇਨਤੀਆਂ ਵੀ ਕਰ ਰਹੇ ਹਨ। ਇਸ ਦੇ ਨਾਲ ਗੁਰਦੁਆਰਾ ਸਾਹਿਬ ਵਿਚ ਰੋਜ਼ਾਨਾ ਗੁਰਬਾਣੀ ਦੇ ਕੀਰਤਨ ਨਾਲ ਸੰਗਤਾਂ ਨਿਹਾਲ ਹੋ ਰਹੀਆਂ ਹਨ ਅਤੇ ਸ਼ਤਾਬਦੀ ਸਮਾਗਮਾਂ ਲਈ ਸੰਗਤਾਂ ਦੀ ਗਿਣਤੀ 'ਚ ਭਾਰੀ ਵਾਧਾ ਹੋ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਕਰਤਾਰਪੁਰ ਸਾਹਿਬ ਲਾਂਘੇ ਦੀ ਖੁਸ਼ੀ ਦੇ ਸਬੰਧ 'ਚ 7 ਨਵੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਆਰੰਭ ਹੋਣਗੇ ਅਤੇ 9 ਤਰੀਕ ਨੂੰ ਭੋਗ ਪਾਏ ਜਾਣਗੇ ਅਤੇ ਧਾਰਮਕ ਸਮਾਗਮ ਦਾ ਆਯੋਜਨ ਹੋਵੇਗਾ ਜਦਕਿ ਗੁਰਪੁਰਬ ਦੇ ਸਬੰਧ ਵਿਚ 10 ਨਵੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਆਰੰਭ ਹੋਣਗੇ ਅਤੇ 12 ਨਵੰਬਰ ਨੂੰ ਭੋਗ ਪੈਣਗੇ ਅਤੇ ਇਨ੍ਹਾਂ ਦੋਹਾਂ ਦਿਹਾੜਿਆਂ ਨੂੰ ਸਮਰਪਤ ਧਾਰਮਕ ਸਮਾਗਮ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਵਿਚ ਕਰਵਾਏ ਜਾਣਗੇ, ਜਿਥੇ ਪੰਥ ਦੇ ਮਹਾਨ ਰਾਗੀ ਢਾਡੀ ਅਤੇ ਕੀਰਤਨੀ ਜਥੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨਗੇ।
ਉਨ੍ਹਾਂ ਦੱਸਿਆ ਕਿ ਗੁਰਪੁਰਬ ਦੇ ਸਬੰਧ 'ਚ ਸੰਗਤਾਂ ਲਈ ਗੁਰਦੁਆਰਾ ਸਾਹਿਬ ਵਿਖੇ ਫਰੀ ਮੈਡੀਕਲ ਕੈਂਪ ਲਾਏ ਜਾਣਗੇ ਅਤੇ ਸੰਗਤਾਂ ਦੀ ਰਿਹਾਇਸ਼ ਦੇ ਸਮੁੱਚੇ ਪ੍ਰਬੰਧ ਕਰ ਲਏ ਗਏ ਹਨ ਅਤੇ ਗੁਰਦੁਆਰਾ ਸਾਹਿਬ ਵਿਖੇ ਵਧਦੀ ਸੰਗਤ ਦੇ ਸਬੰਧ ਵਿਚ 24 ਘੰਟੇ ਲੰਗਰ ਲਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਦੀ ਸਮੁੱਚੀ ਇਮਾਰਤ ਨੂੰ ਸੁੰਦਰ ਲਾਈਟਾਂ ਨਾਲ ਸਜਾਇਆ ਗਿਆ ਹੈ, ਗੁਰਦੁਆਰਾ ਸਾਹਿਬ ਵਿਚ ਸਰੋਵਰ ਨੂੰ ਨਵਿਆਇਆ ਗਿਆ ਹੈ ਅਤੇ ਸੇਵਾਦਾਰਾਂ ਦੀਆਂ ਡਿਊਟੀਆਂ ਲਾ ਦਿੱਤੀਆਂ ਗਈਆਂ ਹਨ ਤਾਂ ਕਿ ਸੰਗਤਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਨਾ ਆਵੇ ਅਤੇ ਗੁਰਦੁਆਰਾ ਸਾਹਿਬ ਦੇ ਸਮੁੱਚੇ ਕੰਪਲੈਕਸ ਦੀ ਸਫਾਈ ਕਰਵਾਈ ਗਈ ਹੈ ਅਤੇ ਪਾਰਕਿੰਗ ਦੇ ਵੀ ਢੁਕਵੇਂ ਪ੍ਰਬੰਧ ਕੀਤੇ ਗਏ ਹਨ।