ਡੇਰਾ ਬਾਬਾ ਨਾਨਕ ’ਚ ਮਹੀਨੇ ਅੰਦਰ ਵਿਕਾਸ ਕੰਮ ਮੁਕੰਮਲ ਕਰਵਾਏ ਜਾਣਗੇ : ਰੰਧਾਵਾ
Saturday, Aug 31, 2019 - 11:05 AM (IST)

ਡੇਰਾ ਬਾਬਾ ਨਾਨਕ/ ਗੁਰਦਾਸਪੁਰ (ਵਿਨੋਦ/ਕੰਵਲਜੀਤ) - ਸੁਖਜਿੰਦਰ ਸਿੰਘ ਰੰਧਾਵਾ ਸਹਿਕਾਰਤਾ ਤੇ ਜੇਲ ਮੰਤਰੀ ਪੰਜਾਬ ਵੱਲੋਂ ਅੱਜ 10 ਕਰੋੜ ਰੁਪਏ ਦੀ ਲਾਗਤ ਨਾਲ ਇਤਿਹਾਸਕ ਅਤੇ ਧਾਰਮਕ ਕਸਬੇ ਡੇਰਾ ਬਾਬਾ ਨਾਨਕ ਦੀਆਂ ਵੱਖ-ਵੱਖ ਸਡ਼ਕਾਂ ਦੇ ਨਵੀਨੀਕਰਨ ਅਤੇ ਸੁੰਦਰੀਕਰਨ ਦੇ ਵਿਕਾਸ ਕੰਮ ਸ਼ੁਰੂ ਕਰਨ ਦੇ ਨੀਂਹ-ਪੱਥਰ ਰੱਖੇ ਗਏ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰੰਧਾਵਾ ਨੇ ਦੱਸਿਆ ਕਿ ਬਟਾਲਾ ਤੋਂ ਡੇਰਾ ਬਾਬਾ ਨਾਨਕ ਸੜਕ, ਫਤਿਹਗੜ ਚੂੜੀਆਂ ਤੋਂ ਡੇਰਾ ਬਾਬਾ ਨਾਨਕ ਅਤੇ ਰਮਦਾਸ ਤੋਂ ਡੇਰਾ ਬਾਬਾ ਨਾਨਕ ਵੱਲ ਆਉਣ ਵਾਲੀਆਂ ਸੜਕਾਂ ਦੇ ਵਿਕਾਸ ਕੰਮ ਅੱਜ ਸ਼ੁਰੂ ਕਰਵਾਏ ਗਏ ਹਨ ਅਤੇ ਮਹੀਨੇ ਦੇ ਅੰਦਰ ਵਿਕਾਸ ਕੰਮ ਮੁਕੰਮਲ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਪਹਿਲਾਂ ਇਹ ਸੜਕਾਂ 22 ਫੁੱਟ ਸਨ ਹੁਣ ਸੰਗਤ ਦੀ ਸਹੂਲਤ ਨੂੰ ਮੁੱਖ ਰਖਦਿਆਂ ਇਨ੍ਹਾਂ ਸੜਕਾਂ ਦੀ ਚੌੜਾਈ 32 ਫੁੱਟ ਕੀਤੀ ਜਾਵੇਗੀ। ਰੰਧਾਵਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਸੂਬਾ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਡੇਰਾ ਬਾਬਾ ਨਾਨਕ ਕਸਬੇ ਅੰਦਰ ਸਰਬਪੱਖੀ ਵਿਕਾਸ ਕਾਰਜ ਮੁਕੰਮਲ ਕਰਵਾਏ ਜਾ ਰਹੇ ਹਨ ਅਤੇ ਰਾਜ ਸਰਕਾਰ ਵਲੋਂ ਦੇਸ਼-ਵਿਦੇਸ਼ ਤੋਂ ਨਵੰਬਰ ਮਹੀਨੇ ਵਿਚ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੇ ਠਹਿਰਣ ਦੇ ਪੁਖਤਾ ਪ੍ਰਬੰਧ ਕੀਤੇ ਜਾਣਗੇ।
ਕੈਬਨਿਟ ਵਜ਼ੀਰ ਰੰਧਾਵਾ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਡੇਰਾ ਬਾਬਾ ਨਾਨਕ ਨੇੜਲੇ ਤਿੰਨ ਪਿੰਡ ਕਠਿਆਲਾ, ਪੱਖੋਕੇ ਮਹਿਮਾਰਾਂ ਤੇ ਪੱਖੋਕੇ ਟਾਹਲੀ ਸਾਹਿਬ ਪਿੰਡਾਂ ਦੇ ਵਿਕਾਸ ਲਈ 50-50 ਲੱਖ ਰੁਪਏ ਜਾਰੀ ਕੀਤੇ ਗਏ ਹਨ ਅਤੇ ਇਨ੍ਹਾਂ ਪਿੰਡਾਂ ਅੰਦਰ ਚਹੁੰ-ਪੱਖੀ ਵਿਕਾਸ ਕੰਮ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਡੇਰਾ ਬਾਬਾ ਨਾਨਕ ਦੇ ਨੇੜਲੇ 13 ਪਿੰਡਾਂ ਅੰਦਰ ਕਰੀਬ 25 ਕਰੋਡ਼ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜ ਕਰਵਾਏ ਜਾਣਗੇ। ਇਸ ਮੌਕੇ ਸਰਵ ਸ਼੍ਰੀ ਰਣਬੀਰ ਸਿੰਘ ਮੂਧਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੁਰਸਿਮਰਨ ਸਿੰਘ ਢਿੱਲੋਂ ਐੱਸ. ਡੀ. ਐੱਮ. ਡੇਰਾ ਬਾਬਾ ਨਾਨਕ, ਐਕਸੀਅਨ ਹਰਜੋਤ ਸਿੰਘ ਪੀ. ਡਬਲਿਊ. ਡੀ., ਐੱਸ. ਡੀ. ਓ. ਹਰਜਿੰਦਰ ਸਿੰਘ, ਪ੍ਰਧਾਨ ਐਡਵੋਕੈਟ ਪਰਮੀਤ ਸਿੰਘ ਬੇਦੀ ਅਤੇ ਗੁਰਜੀਤ ਸਿੰਘ ਬੀ. ਡੀ. ਪੀ. ਓ. ਆਦਿ ਹਾਜ਼ਰ ਸਨ।