ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ''ਚ ਉਤਸ਼ਾਹ, 22ਵੇਂ ਦਿਨ ਵਧੀ ਗਿਣਤੀ

12/01/2019 9:07:00 AM

ਡੇਰਾ ਬਾਬਾ ਨਾਨਕ (ਵਤਨ)— ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਣ ਤੋਂ ਬਾਅਦ ਅੱਜ ਸਭ ਤੋਂ ਵੱਧ 1512 ਸ਼ਰਧਾਲੂ ਪਾਕਿਸਤਾਨ ਦੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਗਏ ਤੇ ਦਿਨੋ-ਦਿਨ ਵਧ ਰਹੀ ਸੰਗਤ ਨਾਲ ਜਿਥੇ ਡੇਰਾ ਬਾਬਾ ਨਾਨਕ ਦੀ ਸੰਗਤ ਵਿਚ ਵੀ ਭਾਰੀ ਉਤਸ਼ਾਹ ਪਾਇਆ ਗਿਆ, ਉਥੇ ਪਾਕਿਸਤਾਨੀ ਪ੍ਰਬੰਧਕਾਂ ਵੱਲੋਂ ਵੀ ਵੱਡੀ ਗਿਣਤੀ ਵਿਚ ਸੰਗਤ ਦਾ ਜੋਸ਼ੋ-ਖਰੋਸ਼ ਨਾਲ ਸਵਾਗਤ ਕੀਤਾ ਗਿਆ।

ਅੰਗਰੇਜ਼ੀ ਤੇ ਹਿੰਦੀ 'ਚ ਮੋਬਾਇਲ ਨੰਬਰ ਪੁੱਛਣ 'ਤੇ ਬਜ਼ੁਰਗ ਹੋ ਜਾਂਦੇ ਨੇ ਪ੍ਰੇਸ਼ਾਨ
ਪਾਕਿਸਤਾਨ ਦੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰ ਕਰ ਕੇ ਪਰਤੇ ਮੇਜਰ ਸਿੰਘ, ਹਰਭਜਨ ਸਿੰਘ ਅਤੇ ਗੁਰਪ੍ਰਤਾਪ ਸਿੰਘ ਨੇ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਰਤ ਵਾਲੇ ਕਰਤਾਰਪੁਰ ਟਰਮੀਨਲ 'ਤੇ ਬਣੇ ਇਮੀਗ੍ਰੇਸ਼ਨ ਕਾਊਂਟਰਾਂ 'ਤੇ ਜਦੋਂ ਲੋਕਾਂ ਖਾਸਕਰ ਬਜ਼ੁਰਗਾਂ ਨੂੰ ਹਿੰਦੀ ਜਾਂ ਅੰਗਰੇਜ਼ੀ ਵਿਚ ਮੋਬਾਇਲ ਨੰਬਰ ਪੁੱਛਿਆ ਜਾਂਦਾ ਹੈ ਤਾਂ ਉਹ ਅਸਹਿਜ ਹੋ ਜਾਂਦੇ ਹਨ ਅਤੇ ਕਈ ਕਾਊਂਟਰ ਵਾਲੇ ਇਸ ਗੱਲ ਲਈ ਬਜ਼ਿਦ ਹੋ ਜਾਂਦੇ ਹਨ ਕਿ ਹਿੰਦੀ ਜਾਂ ਅੰਗਰੇਜ਼ੀ ਵਿਚ ਮੋਬਾਇਲ ਨੰਬਰ ਦੱਸਣ ਜਦਕਿ ਕਈ ਬਜ਼ੁਰਗਾਂ ਨੂੰ ਆਪਣੇ ਮੋਬਾਇਲ ਨੰਬਰ ਵੀ ਠੀਕ ਤਰ੍ਹਾਂ ਯਾਦ ਨਹੀਂ ਹੁੰਦੇ, ਇਸ ਲਈ ਇਮੀਗ੍ਰੇਸ਼ਨ ਕਾਊਂਟਰ 'ਤੇ ਤਾਇਨਾਤ ਕਰਮਚਾਰੀਆਂ ਨੂੰ ਬਜ਼ੁਰਗਾਂ ਦੀ ਖਾਸਕਰ ਸਹਾਇਤਾ ਕਰਨੀ ਚਾਹੀਦੀ ਹੈ। ਸੰਗਤ ਦਾ ਕਹਿਣਾ ਹੈ ਕਿ ਪੜ੍ਹੇ-ਲਿਖੇ ਤਾਂ ਹਰ ਗੱਲ ਨੂੰ ਚੰਗੀ ਤਰ੍ਹਾਂ ਨਾਲ ਸਮਝ ਲੈਂਦੇ ਹਨ ਪਰ ਬਜ਼ੁਰਗਾਂ ਨੂੰ ਇਸ ਸਬੰਧੀ ਕਾਫੀ ਮੁਸ਼ਕਲ ਆ ਰਹੀ ਹੈ ਜਦਕਿ ਪਾਕਿਸਤਾਨ ਵਾਲੇ ਪਾਸੇ ਸੰਗਤ ਨੂੰ ਬੜੇ ਤਰੀਕੇ ਨਾਲ ਪੁੱਛਿਆ ਜਾਂਦਾ ਹੈ ਅਤੇ ਉਸ ਦੀ ਮਦਦ ਕੀਤੀ ਜਾਂਦੀ ਹੈ।
PunjabKesari
ਲੰਗਰ 'ਚ ਬੀਬੀਆਂ ਕਰਨ ਵੱਧ ਤੋਂ ਵੱਧ ਸੇਵਾ
ਸੰਗਤ ਦਾ ਕਹਿਣਾ ਹੈ ਕਿ ਅਸੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਲੰਗਰ ਵਰਤਾਉਣ ਦੀ ਸੇਵਾ ਤਾਂ ਨਿਭਾ ਸਕਦੇ ਹਾਂ ਪਰ ਉਥੇ ਰੋਟੀਆਂ ਬਣਾਉਣ ਵਾਲੀਆਂ ਬੀਬੀਆਂ ਕਾਫੀ ਘੱਟ ਹਨ, ਇਸ ਲਈ ਭਾਰਤ ਵਾਲੇ ਪਾਸਿਓਂ ਜਾਂਦੀਆਂ ਔਰਤਾਂ ਨੂੰ ਚਾਹੀਦਾ ਹੈ ਕਿ ਉਹ ਪ੍ਰਸ਼ਾਦੇ ਬਣਾਉਣ ਵਿਚ ਪਾਕਿਸਤਾਨੀਆਂ ਦੀ ਮਦਦ ਕਰਨ।

ਲੰਗਰ ਦੇ ਪ੍ਰਬੰਧਕਾਂ ਵੱਲੋਂ ਹੁਣ ਦਾਲਾਂ ਲਿਆਉਣ ਦੀ ਅਪੀਲ
ਸੰਗਤਾਂ ਨੇ 'ਜਗ ਬਾਣੀ' ਨੂੰ ਦੱਸਿਆ ਕਿ ਪਹਿਲਾਂ ਕਰਤਾਰਪੁਰ ਸਾਹਿਬ ਦੇ ਪ੍ਰਬੰਧਕ ਅਦਰਕ, ਪਿਆਜ਼ ਤੇ ਟਮਾਟਰ ਲਿਆਉਣ ਲਈ ਭਾਰਤੀ ਸੰਗਤ ਨੂੰ ਕਹਿੰਦੇ ਸਨ ਪਰ ਹੁਣ ਸੰਗਤਾਂ ਵਲੋਂ ਕਾਫੀ ਵਧੇਰੇ ਮਾਤਰਾ ਵਿਚ ਇਸ ਰਸਦ ਨੂੰ ਪਹੁੰਚਾਇਆ ਗਿਆ ਹੈ ਤਾਂ ਹੁਣ ਲੰਗਰ ਦੇ ਪ੍ਰਬੰਧਕ ਦਾਲਾਂ ਲਿਆਉਣ ਲਈ ਕਹਿ ਰਹੇ ਹਨ, ਤਾਂ ਜੋ ਸੰਗਤ ਨੂੰ ਲੰਗਰ ਵਿਚ ਦਾਲ ਵੀ ਖਵਾਈ ਜਾ ਸਕੇ।


Baljeet Kaur

Content Editor

Related News