ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਛੇਵੇਂ ਦਿਨ ਪਾਕਿਸਤਾਨ ਗਏ 232 ਸ਼ਰਧਾਲੂ
Friday, Nov 15, 2019 - 11:22 AM (IST)

ਡੇਰਾ ਬਾਬਾ ਨਾਨਕ (ਵਤਨ) : ਵੀਰਵਾਰ ਹਲਕੀ ਬਾਰਿਸ਼ ਦੇ ਬਾਵਜੂਦ ਪਹਿਲਾਂ ਦੀ ਤਰ੍ਹਾਂ ਹੀ ਵੱਡੀ ਗਿਣਤੀ 'ਚ ਸੰਗਤਾਂ ਡੇਰਾ ਬਾਬਾ ਨਾਨਕ ਪਹੁੰਚੀਆਂ। ਛੇਵੇਂ ਦਿਨ ਸਿਰਫ 232 ਯਾਤਰੀ ਹੀ ਪਾਕਿਸਤਾਨ ਜਾ ਕੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰ ਕਰ ਸਕੇ ਜਦਕਿ ਪਹਿਲਾਂ ਦੀ ਤਰ੍ਹਾਂ ਹੀ ਭਾਰਤ-ਪਾਕਿ ਕੌਮਾਂਤਰੀ ਸਰਹੱਦ 'ਤੇ ਬਣੇ ਧੁੱਸੀ ਬੰਨ੍ਹ 'ਤੇ ਪਹੁੰਚੀ ਸੰਗਤ ਨੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰ ਕੀਤੇ।
ਭਾਵੇਂ ਵੱਖ-ਵੱਖ ਸਮਾਜ ਸੇਵੀ, ਧਾਰਮਕ ਜਥੇਬੰਦੀਆਂ ਵਲੋਂ ਆਪੋ-ਆਪਣੇ ਪੱਧਰ 'ਤੇ ਸੰਗਤਾਂ ਨੂੰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਨਿਸ਼ਚਿਤ ਸ਼ਰਤਾਂ ਬਾਰੇ ਦੱਸਿਆ ਜਾ ਰਿਹਾ ਹੈ। ਪਰ ਅੱਜ ਵੀ ਵੱਡੀ ਗਿਣਤੀ 'ਚ ਸੰਗਤ ਬਿਨਾਂ ਰਜਿਸਟ੍ਰੇਸ਼ਨ ਦੇ ਹੀ ਦਰਸ਼ਨਾਂ ਦੀ ਤਾਂਘ ਲੈ ਕੇ ਡੇਰਾ ਬਾਬਾ ਨਾਨਕ ਪਹੁੰਚੀ ਅਤੇ ਪਾਕਿਸਤਾਨ ਜਾਣ ਦੀ ਬਜਾਏ ਦੂਰੋਂ ਹੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕੀ।