ਡੇਰਾ ਬਾਬਾ ਨਾਨਕ ਪੁਲਸ ਨੇ ਮਾਸੂਮ ਰਾਜਾ ਮਸੀਹ ਦੇ ਕਤਲ ਦੀ ਗੁੱਥੀ ਸੁਲਝਾਈ

12/14/2019 5:33:14 PM

ਡੇਰਾ ਬਾਬਾ ਨਾਨਕ (ਵਤਨ/ਕੰਵਲਜੀਤ) : ਡੇਰਾ ਬਾਬਾ ਨਾਨਕ ਪੁਲਸ ਵਲੋਂ ਬੀਤੇ ਦਸੰਬਰ ਨੂੰ ਨਜ਼ਦੀਕੀ ਪਿੰਡ ਸਿੰਘਪੁਰਾ ਤੋਂ ਲਾਪਤਾ ਹੋਏ 8 ਸਾਲਾ ਮਾਸੂਮ ਰਾਜਾ ਮਸੀਹ ਦੀ ਪਿੰਡ ਦੇ ਸਕੂਲ ਦੀ ਗਰਾਊਂਡ ਤੋਂ ਲਾਸ਼ ਬਰਾਮਦ ਹੋਣ ਦੇ ਮਾਮਲੇ ਦੀ ਗੁੱਥੀ ਸੁਲਝਾਉਣ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਡੇਰਾ ਬਾਬਾ ਨਾਨਕ ਪੁਲਸ ਵਲੋਂ ਸੱਦੀ ਪ੍ਰੈੱਸ ਕਾਨਫਰੰਸ ਦੌਰਾਨ ਡੀ. ਐੱਸ. ਪੀ. ਲਖਵਿੰਦਰ ਸਿੰਘ ਕਲੇਰ ਨੇ ਦੱਸਿਆ ਕਿ ਬੀਤੀ 3 ਦਸੰਬਰ ਨੂੰ ਰਾਜਾ ਮਸੀਹ ਪੁੱਤਰ ਜਤਿੰਦਰ ਮਸੀਹ ਦੀ ਪਤਨੀ ਨੀਤੂ ਮਸੀਹ ਵਾਸੀ ਪਿੰਡ ਸਿੰਘਪੁਰਾ ਨੇ ਧਰਮਕੋਟ ਰੰਧਾਵਾ ਪੁਲਸ ਚੌਂਕੀ 'ਚ ਆਪਣੇ ਬੱਚੇ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ ਸੀ। 4 ਦਸਬੰਰ ਨੂੰ ਰਾਜਾ ਮਸੀਹ ਦੀ ਲਾਸ਼ ਭੇਦਭਰੀ ਹਾਲਤ 'ਚ ਸਕੂਲ ਦੀ ਗਰਾਊਂਡ 'ਚੋਂ ਮਿਲੀ ਸੀ ਅਤੇ ਪੁਲਸ ਤੇ ਕਾਤਲਾਂ ਨੂੰ ਫੜਣ ਦਾ ਕਾਫੀ ਦਬਾਅ ਆ ਗਿਆ ਸੀ। ਐੱਸ.ਐੱਸ.ਪੀ ਬਟਾਲਾ ਉਪਿੰਦਰਜੀਤ ਸਿੰਘ ਘੁੰਮਣ ਵਲੋਂ ਡੀ.ਐੱਸ.ਪੀ ਡੇਰਾ ਬਾਬਾ ਨਾਨਕ ਅਤੇ ਐੱਸ.ਐੱਚ.ਓ. ਦਲਜੀਤ ਸਿੰਘ ਪੱਡਾ ਦੀ ਅਗਵਾਈ 'ਚ ਕਤਲ ਦੀ ਗੁੱਥੀ
ਸੁਲਝਾਉਣ ਲਈ ਟੀਮ ਬਣਾ ਦਿੱਤੀ ਗਈ ਸੀ, ਜਿਸ 'ਤੇ ਪੁਲਸ ਨੇ ਬੜੀ ਬਾਰੀਕੀ ਅਤੇ ਮੁਸਤੈਦੀ ਨਾਲ ਜਾਂਚ ਕਰਕੇ ਕਾਤਲਾਂ ਨੂੰ ਗ੍ਰਿਫਤਾਰ ਕਰ ਲਿਆ ਹੈ।

ਉਨ੍ਹਾਂ ਦੱਸਿਆ ਕਿ ਪਿੰਡ ਸਿੰਘਪੁਰਾ ਦੀ ਹੀ ਸਰਬਜੀਤ ਦੇ ਨਾਬਾਲਗ ਲੜਕੇ ਰਾਕੇਸ਼ ਕੁਮਾਰ ਨੇ ਮਾਸੂਮ ਰਾਜਾ ਨਾਲ ਗਲਤ ਹਰਕਤ ਕੀਤੀ ਅਤੇ ਇਸੇ ਦੌਰਾਨ ਸਰਬਜੀਤ ਵੀ ਮੌਕੇ ਤੇ ਪਹੁੰਚ ਗਈ ਤੇ ਆਪਣੀ ਮਾਂ ਨੂੰ ਮੌਕੇ ਤੇ ਆਉਂਦਾ ਵੇਖ ਰਾਕੇਸ਼ ਘਰੋਂ ਬਾਹਰ ਚਲਾ ਗਿਆ। ਸਰਬਜੀਤ ਨੇ ਆਪਣਾ ਪੁੱਤਰ ਦੀ ਬਦਨਾਮੀ ਤੋਂ ਡਰਦਿਆਂ ਰਾਜਾ ਮਸੀਹ ਦਾ ਗਲਾ ਘੋਟ ਕੇ ਉਸ ਨੂੰ ਮਾਰ ਦਿੱਤਾ ਅਤੇ ਲਾਸ਼ ਨੂੰ ਆਪਣੇ ਘਰ ਦੀ ਇਕ ਪੇਟੀ 'ਚ ਲੁਕਾ ਦਿੱਤਾ ਪਰ ਜਦੋਂ ਪੁਲਸ ਨੂੰ ਕੋਲ ਰਾਜਾ ਮਸੀਹ ਦੀ ਲਾਪਤਾ ਹੋਣ ਦੀ ਰਿਪੋਰਟ ਆਈ ਤਾਂ ਪੁਲਸ ਨੇ ਰਾਜਾ ਮਸੀਹ ਨੂੰ ਲੱਭਣਾ ਸ਼ੁਰੂ ਕਰ ਦਿੱਤਾ, ਜਿਸ 'ਤੇ ਸਰਬਜੀਤ ਨੇ 4 ਦਸੰਬਰ ਨੂੰ ਰਾਜਾ ਮਸੀਹ ਦੀ ਲਾਸ਼ ਨੂੰ ਆਪਣੇ ਘਰ ਦੇ ਸਾਹਮਣੇ ਬਣੇ ਗਿਰਜਾਘਰ ਦੇ ਪਿਛਲੇ ਪਾਸੇ ਕਿੱਕਰ ਦੇ ਕੰਢਿਆਂ ਵਾਲੇ ਛਾਪੇ 'ਚ ਸੁੱਟ ਦਿੱਤਾ ਅਤੇ ਗਿਰਜਾ ਘਰ ਦੇ ਪਾਦਰੀ ਵਿਜੇ ਕੁਮਾਰ ਪੁੱਤਰ ਇੰਦਰਾਸ ਮਸੀਹ ਵਾਸੀ ਥੋਬਾ ਨੂੰ ਫੋਨ ਕਰਕੇ ਧਮਕੀ ਦਿੱਤੀ ਕਿ ਜੇਕਰ ਉਸ ਨੇ ਰਾਜਾ ਮਸੀਹ ਦੀ ਲਾਸ਼ ਨੂੰ ਟਿਕਾਣੇ ਲਾਉਣ 'ਚ ਉਸ ਦੀ ਮਦਦ ਨਾ ਕੀਤੀ ਤਾਂ ਉਹ ਕਤਲ ਦੇ ਕੇਸ 'ਚ ਉਸ ਨੂੰ ਵੀ ਫਸਾ ਦੇਵੇਗੀ, ਜਿਸ 'ਤੇ ਪਾਦਰੀ ਵਿਜੇਕੁਮਾਰ ਨੇ ਆਪਣੇ ਮੋਟਰਸਾਈਕਲ ਤੇ ਸਰਬਜੀਤ ਨੂੰ ਪਿੱਛੇ ਬਿਠਾ ਕੇ ਰਾਜਾ ਮਸੀਹ ਦੀ ਲਾਸ਼ ਨੂੰ ਲੁਕੋ ਕੇ ਕਿੱਕਰ ਦੇ ਛਾਪਿਆਂ 'ਚੋਂ ਬਾਹਰ ਕੱਢਿਆ ਤੇ ਸਕੂਲ ਦੀ ਗਰਾਊਂਡ 'ਚ ਸੁੱਟ ਦਿੱਤਾ। ਡੇਰਾ ਬਾਬਾ ਨਾਨਕ ਪੁਲਸ ਨੇ ਸਰਬਜੀਤ ਪਤਨੀ ਲਖਵਿੰਦਰ ਮਸੀਹ, ਲੜਕਾ ਰਾਕੇਸ਼ ਮਸੀਹ ਪੁੱਤਰ ਲਖਵਿੰਦਰ ਮਸੀਹ ਅਤੇ ਵਿਜੇ ਕੁਮਾਰ ਪੁਤਰ ਇੰਦਰਾਸ ਮਸੀਹ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਇਨ੍ਹਾਂ ਨੇ ਆਪਣਾ ਜੁਰਮ ਵੀ ਕਬੂਲ ਕਰ ਲਿਆ ਹੈ। ਪੁਲਸ ਨੇ ਕਤਲ ਦੀਆਂ ਪਹਿਲੀਆਂ ਧਾਰਵਾਵਾਂ ਦੇ ਨਾਲ-ਨਾਲ ਧਾਰਾ 364,201,377,34 ਅਤੇ 3/4 ਪੋਕਸੋ ਐਕਟ ਦਾ ਵਾਧਾ ਵੀ ਕਰ ਦਿੱਤਾ ਹੈ ਅਤੇ ਅਦਾਲਤ ਤੋਂ ਰਿਮਾਂਡ ਦੀ ਮੰਗ ਕਰਕੇ ਅਗਲੇਰੀ ਤਫਤੀਸ਼ ਦੀ ਗੱਲ ਆਖੀ ਹੈ।


Baljeet Kaur

Content Editor

Related News