ਡੇਰਾ ਬਾਬਾ ਨਾਨਕ ''ਚ ਨਹੀਂ ਕੀਤੀ ਕੰਪਨੀਆਂ ਨੇ ਪੂੰਜੀ ਨਿਵੇਸ਼

11/13/2019 11:21:50 PM

ਜਲੰਧਰ,(ਧਵਨ) : ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਤਾਂ ਚਾਲੂ ਕਰ ਦਿੱਤਾ ਗਿਆ ਹੈ ਪਰ ਭਾਰਤ ਤੇ ਪਾਕਿਸਤਾਨ ਦਰਮਿਆਨ ਲਗਾਤਾਰ ਚੱਲ ਰਹੇ ਖਿਚਾਅ ਕਾਰਣ ਅਜੇ ਕੌਮੀ ਤੇ ਕੌਮਾਂਤਰੀ ਕੰਪਨੀਆਂ ਨੇ ਡੇਰਾ ਬਾਬਾ ਨਾਨਕ ਦੇ ਸਰਹੱਦੀ ਇਲਾਕੇ 'ਚ ਪੂੰਜੀ ਲਈ ਹੱਥ ਅੱਗੇ ਨਹੀਂ ਵਧਾਏ ਹਨ। ਅਜੇ ਤੱਕ ਕਿਸੇ ਵੀ ਹੋਟਲ ਕੰਪਨੀ ਨੇ ਇਥੇ ਨਾ ਤਾਂ ਕੋਈ ਹੋਟਲ ਖੋਲ੍ਹਿਆ ਹੈ ਤੇ ਨਾ ਹੀ ਰੈਸਟੋਰੈਂਟ। ਇਸ ਸਰਹੱਦੀ ਖੇਤਰ ਵਿਚ ਪੂੰਜੀ ਨਿਵੇਸ਼ ਲਈ ਨਵੀਆਂ ਕੰਪਨੀਆਂ ਅਜੇ ਅੱਗੇ ਨਹੀਂ ਆ ਰਹੀਆਂ। ਲਾਂਘੇ ਦਾ ਪਿਛਲੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ ਵਿਚ ਸ਼ੁਭ ਆਰੰਭ ਕੀਤਾ ਸੀ। ਭਾਵੇਂ ਲਾਂਘੇ 'ਤੇ ਕੰਮ ਪਿਛਲੇ ਸਾਲ ਹੀ ਸ਼ੁਰੂ ਹੋ ਗਿਆ ਸੀ ਪਰ ਅਜੇ ਤੱਕ ਕੋਈ ਨਵਾਂ ਹੋਟਲ ਖੋਲ੍ਹਣਾ ਚਿੰਤਾ ਦਾ ਵਿਸ਼ਾ ਬਣ ਰਿਹਾ ਹੈ। ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਮੰਨਣਾ ਹੈ ਕਿ ਅਜੇ ਤੱਕ ਇਥੇ ਕੋਈ ਵੀ ਹੋਟਲ ਜਾਂ ਰੈਸਟੋਰੈਂਟ ਨਹੀਂ ਖੁੱਲ੍ਹਿਆ। ਇਸ ਤੋਂ ਇਹ ਪਤਾ ਲੱਗਦਾ ਹੈ ਕਿ ਕੰਪਨੀਆਂ ਭਵਿੱਖ ਵਿਚ ਭਾਰਤ-ਪਾਕਿ ਸਬੰਧਾਂ ਨੂੰ ਲੈ ਕੇ ਜ਼ਰੂਰ ਚਿੰਤਤ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਆਪਣੇ ਵਲੋਂ ਕੋਸ਼ਿਸ਼ ਕਰ ਰਹੀ ਹੈ ਕਿ ਵੱਡੀਆਂ ਕੰਪਨੀਆਂ ਡੇਰਾ ਬਾਬਾ ਨਾਨਕ ਵਿਖੇ ਆ ਕੇ ਪੂੰਜੀ ਨਿਵੇਸ਼ ਕਰਨ। ਇਸ ਨਾਲ ਖੇਤਰ ਵਿਚ ਵਿਕਾਸ ਦਾ ਨਵਾਂ ਦੌਰ ਸ਼ੁਰੂ ਹੋਵੇਗਾ।

ਉਨ੍ਹਾਂ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿਚ ਜਿਵੇਂ-ਜਿਵੇਂ ਦੋਵਾਂ ਦੇਸ਼ਾਂ ਦੇ ਹਾਲਾਤ ਸੁਧਰਨਗੇ, ਤਿਵੇਂ-ਤਿਵੇਂ ਡੇਰਾ ਬਾਬਾ ਨਾਨਕ ਵਿਖੇ ਨਵਾਂ ਮੂਲ ਢਾਂਚਾ ਵਿਕਸਿਤ ਹੋਣਾ ਸ਼ੁਰੂ ਹੋ ਜਾਏਗਾ। ਸ਼ੁਰੂ ਵਿਚ ਦਿੱਲੀ, ਅੰਮ੍ਰਿਤਸਰ ਅਤੇ ਗੁਰਦਾਸਪੁਰ ਸਥਿਤ ਕੁਝ ਹੋਟਲ ਵਾਲਿਆਂ ਨੇ ਡੇਰਾ ਬਾਬਾ ਨਾਨਕ ਵਿਖੇ ਹੋਟਲ ਸਥਾਪਿਤ ਕਰਨ ਸਬੰਧੀ ਪੁੱਛਗਿੱਛ ਸ਼ੁਰੂ ਕੀਤੀ ਸੀ। ਹੁਣ ਉਨ੍ਹਾਂ ਵਲੋਂ 'ਵੇਖੋ ਤੇ ਉਡੀਕ ਕਰੋ' ਵਾਲੀ ਨੀਤੀ ਅਪਣਾਈ ਜਾ ਰਹੀ ਹੈ। ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਰਾਹੀਂ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਨੂੰ ਸਵੇਰੇ 10 ਵਜੇ ਪੀ. ਟੀ. ਬੀ. ਵਿਖੇ ਰਿਪੋਰਟ ਕਰਨੀ ਪੈਂਦੀ ਹੈ। ਪਾਕਿਸਤਾਨ ਵਿਚ ਗੁਰਦੁਆਰੇ ਦੇ ਦਰਸ਼ਨ ਕਰਨ ਪਿੱਛੋਂ ਉਸੇ ਦਿਨ ਸ਼ਾਮ ਨੂੰ 5 ਵਜੇ ਸ਼ਰਧਾਲੂ ਨੇ ਵਾਪਸ ਆਉਣਾ ਹੁੰਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਜਿਵੇਂ-ਜਿਵੇਂ ਸ਼ਰਧਾਲੂਆਂ ਦੀ ਗਿਣਤੀ ਵਧੇਗੀ, ਤਿਵੇਂ-ਤਿਵੇਂ ਕੌਮੀ ਕੰਪਨੀਆਂ ਦੀ ਦਿਲਚਸਪੀ ਡੇਰਾ ਬਾਬਾ ਨਾਨਕ ਸੈਕਟਰ ਵਿਚ ਪੂੰਜੀ ਨਿਵੇਸ਼ ਲਈ ਵਧੇਗੀ।
 


Related News