ਕਾਗਜ਼ਾਂ ਤੱਕ ਸੀਮਤ ਇਤਿਹਾਸਕ ਕਸਬਾ ਡੇਰਾ ਬਾਬਾ ਨਾਨਕ ਦਾ ਸੁੰਦਰੀਕਰਨ

09/14/2019 12:39:08 PM

ਡੇਰਾ ਬਾਬਾ ਨਾਨਕ : ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ 'ਤੇ ਇਤਿਹਾਸਕ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਣ ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਕਸਬਾ ਡੇਰਾ ਬਾਬਾ ਨਾਨਕ ਨੂੰ ਵਿਰਾਸਤੀ ਦਿਖ ਦੇ ਕੇ ਸੁੰਦਰ ਬਣਾਉਣ ਤੇ ਇਸ ਨਾਲ ਲਗਦੇ 13 ਪਿੰਡਾਂ ਦਾ ਵੀ ਸੁੰਦਰੀਕਰਨ ਕਰਨ ਵਰਗੇ ਪੰਜਾਬ ਸਰਕਾਰ ਵਲੋਂ ਵੱਡੇ-ਵੱਡੇ ਦਾਅਵੇ ਕੀਤੇ ਜਾ ਗਏ ਸਨ। ਸਰਕਾਰ ਵਲੋਂ ਸਮਾਗਮਾਂ ਤੋਂ ਪਹਿਲਾਂ-ਪਹਿਲਾਂ ਇਸ ਇਤਿਹਾਸਕ ਕਸਬੇ ਦੇ ਵਿਕਾਸ ਕੰਮਾਂ ਨੂੰ ਮੁਕੰਮਲ ਕਰਨ ਬਾਰੇ ਕਿਹਾ ਗਿਆ ਸੀ ਪਰ ਹੁਣ ਪੰਜਾਬ ਸਰਕਾਰ ਦੇ ਇਨ੍ਹਾਂ ਦਾਅਵਿਆਂ ਦੀ ਫੂਕ ਨਿਕਲਦੀ ਨਜ਼ਰ ਆ ਰਹੀ ਹੈ ਕਿਉਂਰਿ ਅੱਜ ਕਈ ਮਹੀਨੇ ਬੀਤਣ ਬਾਅਦ ਵੀ ਅਜੇ ਤੱਕ ਕਸਬੇ ਅੰਦਰ ਕਿਸੇ ਵੀ ਮਹਿਕਮੇ ਵਲੋਂ ਕੋਈ ਵੀ ਕੰਮ ਦੀ ਸ਼ੁਰੂਆਤ ਨਹੀਂ ਕੀਤੀ ਗਈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਲੋਕਾਂ ਨੇ ਦੱਸਿਆ ਕਿ ਸਰਕਾਰ ਵਲੋਂ ਕਰਵਾਇਆ ਜਾਣ ਵਾਲਾ ਕਸਬੇ ਦਾ ਸੁੰਦਰੀਕਰਨ ਅਜੇ ਤੱਕ ਤਾਂ ਸਿਰਫ ਅਫਸਰਾਂ ਦੀਆਂ ਫਾਈਲਾਂ ਦਾ ਸ਼ਿੰਗਾਰ ਹੀ ਬਣਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਕਸਬੇ ਅੰਦਰ ਸਫਾਈ ਦਾ ਬੁਰਾ ਹਾਲ ਹੈ ਕਿਉਂਕਿ ਸਥਾਨਕ ਨਗਰ ਕੌਂਸਲ ਕੋਲ ਫੰਡ ਨਾ ਹੋਣ ਕਾਰਨ ਜਿਥੇ ਪਹਿਲੇ ਮੁਲਾਜ਼ਮ ਤਨਖਾਹ ਦੀ ਉਡੀਕ ਕਰ ਰਹੇ ਹਨ ਉਥੇ ਨਗਰ ਕੌਂਸਲ ਨਵੇਂ ਮੁਲਾਜ਼ਮ ਰੱਖਣ ਤੋਂ ਅਸਮਰੱਥ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਅਜੇ ਤੱਕ ਬਾਜ਼ਾਰਾਂ 'ਚ ਪਏ ਟੋਏ ਹੀ ਨਹੀਂ ਪੂਰੇ ਜਾ ਸਕੇ।

ਕਸਬੇ 'ਚ ਇਕਲੌਤੇ ਸਿਵਲ ਹਸਪਤਾਲ 'ਚ ਡਾਕਟਰਾਂ ਤੇ ਦਵਾਈਆਂ ਦੀ ਵੱਡੀ ਘਾਟ ਕਾਰਨ ਲੋਕਾਂ ਨੂੰ ਅੰਮ੍ਰਿਤਸਰ ਜਾਂ ਬਟਾਲਾ ਜਾ ਕੇ ਮਹਿੰਗਾ ਇਲਾਜ ਕਰਵਾਉਣਾ ਪੈ ਰਿਹਾ ਹੈ, ਜਿਸ ਕਰਕੇ ਹੁਣ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ.ਐੱਸ.ਪੀ. ਸਿੰਘ ਓਬਰਾਏ ਸੰਸਥਾ ਵਲੋਂ ਇਸ ਹਸਪਤਾਲ 'ਚ ਸਿਹਤ ਸਹੂਲਤਾਂ 'ਚ ਸੁਧਾਰ ਲਿਆਉਣ ਵਾਸਤੇ 5 ਕਰੋੜ ਰੁਪਏ ਲਗਾਉਣ ਦਾ ਐਲਾਨ ਕੀਤਾ ਗਿਆ ਹੈ।

ਸਰਕਾਰ ਵਲੋਂ ਸੰਗਤਾਂ ਦੇ ਸਵਾਗਤ ਲਈ ਗੇਟ ਬਣਾਉਣ ਦੇ ਵਾਅਦੇ ਕੀਤੇ ਗਏ ਪਰ ਹੁਣ ਇਨ੍ਹਾਂ ਗੇਟਾਂ ਦੀ ਉਸਾਰੀ ਦਾ ਕੰਮ ਸਰਕਾਰ ਦੀ ਬਜਾਏ ਸੰਗਤਾਂ ਦੇ ਸਹਿਯੋਗ ਨਾਲ ਕਾਰ ਸੇਵਾ ਵਾਲੇ ਮਹਾਂਪੁਰਸ਼ ਬਾਬਾ ਸੁਬੇਗ ਸਿੰਘ ਕਾਰ ਸੇਵਾ ਗੋਬਿੰਦਵਾਲ ਸਾਹਿਬ ਵਾਲਿਆਂ ਵਲੋਂ ਕੀਤੀ ਜਾ ਰਹੀ ਹੈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਇਸ ਇਤਿਹਾਸਕ ਕਸਬੇ ਵੱਲ ਬਹੁਤੀ ਤਵੱਜੋ ਨਾ ਦੇਣ ਕਾਰਨ ਸਥਾਨਕ ਲੋਕਾਂ 'ਚ ਭਾਰੀ ਰੋਸ ਹੈ। ਸਥਾਨਕ ਲੋਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਬ ਸਰਕਾਰ ਨੂੰ ਕਸਬੇ ਵੱਲ ਉਚੇਚਾ ਧਿਆਨ ਦੇਣਾ ਚਾਹੀਦਾ ਹੈ ਤੇ ਹੋਰ ਸਹੂਲਤਾਂ ਦੇ ਨਾਲ-ਨਾਲ ਕਾਲਜ ਜਾਂ ਯੂਨੀਵਰਸਿਟੀ ਬਣਾਉਣੀ ਚਾਹੀਦੀ ਹੈ। ਕੋਈ ਵੱਡੀ ਇੰਡਸਟਰੀ ਲਗਾਉਣੀ ਚਾਹੀਦੀ ਹੈ।


Baljeet Kaur

Content Editor

Related News