ਜੀ. ਐੱਸ. ਟੀ. ਦਾ ਪਵੇਗਾ ਹਾਂ-ਪੱਖੀ ਅਸਰ : ਡੀ. ਸੀ.

Saturday, Feb 17, 2018 - 03:15 PM (IST)

ਜੀ. ਐੱਸ. ਟੀ. ਦਾ ਪਵੇਗਾ ਹਾਂ-ਪੱਖੀ ਅਸਰ : ਡੀ. ਸੀ.

ਜਲੰਧਰ (ਰਵਿੰਦਰ ਸ਼ਰਮਾ)— ਡੀ. ਸੀ. ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਜੀ. ਐੱਸ. ਟੀ. ਇਕ ਸੁਧਾਰਵਾਦੀ ਟੈਕਸ ਹੈ, ਜਿਸ ਕਾਰਨ ਦੇਸ਼ ਦੀ ਅਰਥ ਵਿਵਸਥਾ 'ਤੇ ਹਾਂ-ਪੱਖੀ ਪ੍ਰਭਾਅ ਪਵੇਗਾ। ਸ਼ੁੱਕਰਵਾਰ ਨੂੰ ਏ. ਪੀ. ਜੇ. ਸਿੱਖਿਆ ਸੰਸਥਾਨ 'ਚ ਕਰਵਾਏ ਗਏ ਇੰਟਰ ਕਾਲਜ ਬਹਿਸ ਮੁਕਾਬਲਿਆਂ ਨੂੰ ਸੰਬੋਧਤ ਕਰਦੇ ਹੋਏ ਡੀ. ਸੀ. ਨੇ ਕਿਹਾ ਕਿ ਨਵੀਂ ਟੈਕਸ ਵਿਵਸਥਾ ਦੇਸ਼ ਦੀ ਆਰਥਿਕ ਤਰੱਕੀ ਨੂੰ ਹੱਲਾਸ਼ੇਰੀ ਦੇਵੇਗੀ। ਉਨ੍ਹਾਂ ਨੇ ਕਿਹਾ ਕਿ ਏਕਲ ਟੈਕਸ ਪ੍ਰਣਾਲੀ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਜ਼ਰੂਰਤ ਹੈ, ਜਿਸ ਕਾਰਨ ਇਕ ਪਾਸੇ ਜਿੱਥੇ ਟੈਕਸ ਪ੍ਰਣਾਲੀ ਵਿਚ ਪਾਰਦਰਸ਼ਿਤਾ ਆਈ ਹੈ, ਉਥੇ ਆਮ ਲੋਕਾਂ ਨੂੰ ਵੀ ਲਾਭ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਸ਼ੁਰੂ ਵਿਚ ਜੀ. ਐੱਸ. ਟੀ. ਨੂੰ ਲਾਗੂ ਕਰਨ 'ਤੇ ਕੁਝ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਇਹ ਵਿਵਸਥਾ ਜਲਦੀ ਹੀ ਇਨ੍ਹਾਂ ਪਰੇਸ਼ਾਨੀਆਂ ਤੋਂ ਬਾਹਰ ਨਿਕਲ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਵਧੀਆ ਕੰਮ ਦੀ ਸ਼ੁਰੂਆਤ ਵਿਚ ਹੋਰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਰ ਹੌਲੀ-ਹੌਲੀ ਸਾਰਾ ਢਾਂਚਾ ਵਿਕਸਿਤ ਹੋ ਜਾਂਦਾ ਹੈ।
ਵੱਖ-ਵੱਖ ਵਿਸ਼ੇ 'ਤੇ ਵਿਦਿਆਰਥੀਆਂ ਦੇ ਬਹਿਸ ਮੁਕਾਬਲੇ ਕਰਵਾਉਣ 'ਤੇ ਡੀ. ਸੀ. ਨੇ ਕਿਹਾ ਕਿ ਅਜਿਹੇ ਵਿਚਾਰਾਂ ਤੋਂ ਵਿਦਿਆਰਥੀਆਂ ਵਿਚ ਵਿਸ਼ਵਾਸ ਅਤੇ ਉਤਸ਼ਾਹ ਪੈਦਾ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕੌਮੀ ਅਤੇ ਕੌਮਾਂਤਰੀ ਪੱਧਰ ਦੇ ਵਿਸ਼ਿਆ 'ਤੇ ਵਿਚਾਰ ਦੇਣ ਨਾਲ ਵਿਦਿਆਰਥੀਆਂ ਦੇ ਵਿਅਕਤੀਤਵ ਦਾ ਵਿਕਾਸ ਹੋਣ 'ਚ ਸਹਾਇਤਾ ਮਿਲਦੀ ਹੈ। ਇਸ ਮੌਕੇ  ਜੀ. ਐੱਸ. ਟੀ. ਕਮਿਸ਼ਨਰ ਦਲਜੀਤ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਤ ਕੀਤਾ ਅਤੇ ਜੀ. ਐੱਸ. ਟੀ. ਦੇ ਬਾਰੇ ਵਿਚ ਪੂਰੀ ਜਾਣਕਾਰੀ ਦਿੱਤੀ। ਬਹਿਸ ਮੁਕਾਬਲਿਆਂ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਡੀ. ਸੀ.  ਅਤੇ ਹੋਰ ਮੁੱਖ ਮਹਿਮਾਨਾਂ ਨੇ ਸਨਮਾਨਤ ਕੀਤਾ।


Related News