ਜਲੰਧਰ ''ਚ ਹੜ੍ਹ ਦਾ ਖਤਰਾ, 85 ਪਿੰਡਾਂ ਨੂੰ ਖਾਲੀ ਕਰਨ ਦੇ ਹੁਕਮ

08/18/2019 7:03:14 PM

ਜਲੰਧਰ (ਵਿਕਰਮ) — ਭਾਖੜਾ ਡੈਮ 'ਚੋਂ ਪਾਣੀ ਛੱਡਣ ਤੋਂ ਬਾਅਦ ਜਲੰਧਰ 'ਚ ਹੜ੍ਹ ਦੇ ਡਰੋ ਕਾਰਨ ਅਲਰਟ ਜਾਰੀ ਕਰਦੇ ਹੋਏ ਜਲੰਧਰ ਦੇ ਡਿਪਟੀ ਕਮਿਸ਼ਨਰ ਵੱਲੋਂ 85 ਪਿੰਡਾਂ ਨੂੰ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਹਨ। ਵਰਿੰਦਰ ਕੁਮਾਰ ਸ਼ਰਮਾ ਨੇ ਨਕੋਦਰ, ਸ਼ਾਹਕੋਟ ਅਤੇ ਫਿਲੌਰ ਦੇ ਪਿੰਡਾਂ ਨੂੰ ਖਾਲੀ ਕਰਨ ਦੇ ਹੁਕਮ ਦਿੱਤੇ ਹਨ ਅਤੇ ਇਨ੍ਹਾਂ ਤਿੰਨਾਂ ਇਲਾਕਿਆਂ ਦੇ ਐੱਸ. ਡੀ. ਐੱਮ. ਨੂੰ ਚੌਕਸ ਰਹਿਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਹੁਣ ਤੱਕ ਰੋਪੜ ਹੈੱਡਵਰਕ ਤੋਂ 2,23,746 ਕਿਊਸਿਕ ਪਾਣੀ ਛੱਡਿਆ ਗਿਆ ਹੈ। ਇਸ ਦੇ ਕਾਰਨ ਸ਼ਾਹਕੋਟ, ਨਕੋਦਰ ਤੇ ਫਿਲੌਰ 'ਚ ਹੜ੍ਹ ਵਰਗੇ ਹਾਲਾਤ ਬਣ ਸਕਦੇ ਹਨ। ਸ਼ਾਹਕੋਟ 'ਚ 63, ਫਿਲੌਰ 'ਚ 13 ਅਤੇ ਨਕੋਦਰ ਦੇ 9 ਪਿੰਡਾਂ ਨੂੰ ਹੜ੍ਹ ਵਰਗੀ ਸਥਿਤੀ ਦੇ ਮੱਦੇਨਜ਼ਰ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਹਨ।

ਉਨ੍ਹਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਪੂਰੀ ਸਥਿਤੀ 'ਤੇ ਨਜ਼ਰ ਰੱਖੇ ਹੋਏ ਹਨ। ਉਨ੍ਹਾਂ ਨੇ ਫਿਲੌਰ, ਨਕੋਦਰ ਅਤੇ ਸ਼ਾਹਕੋਟ ਦੇ ਸਬ ਡਿਵੀਜ਼ਨਲ ਮੈਜਿਸਟਰੇਟਾਂ ਨੂੰ ਹਾਈ ਅਲਰਟ 'ਤੇ ਰਹਿਣ ਲਈ ਕਿਹਾ ਹੈ ਅਤੇ ਹੇਠਲੇ ਇਲਾਕਿਆਂ 'ਚ ਰਹਿਣ ਵਾਲੇ ਲੋਕਾਂ 'ਤੇ ਨਿਗਰਾਨੀ ਰੱਖਣ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਸਿਹਤ ਵਿਭਾਗ ਨੂੰ ਸਿਹਤ ਟੀਮਾਂ ਨੂੰ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹÎਾਂ ਤਿਆਰ ਰਹਿਣ ਦੇ ਹੁਕਮ ਦਿੱਤੇ ਹਨ। ਗੋਤਾਖੋਰਾਂ ਨੂੰ ਵੀ ਅਲਰਟ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਹੜ੍ਹ ਦੀ ਸਮੱਸਿਆ ਨਾਲ ਨਜਿੱਠਣ ਲਈ ਲੋਕਾਂ ਦੀ ਮਦਦ 'ਚ ਕਿਸੇ ਵੀ ਤਰ੍ਹਾਂ ਦੀ ਕੋਈ ਕਸਰ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਹੜ੍ਹ ਦੀ ਸਥਿਤੀ ਨਾਲ ਨਜਿੱਠਣ ਲਈ ਜ਼ਿਲਾ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਕੌਮੀ ਆਫਤ ਰਾਹਤ ਫੋਰਸ ਅਤੇ ਸੂਬਾ ਆਫਤ ਰਾਹਤ ਫੋਰਸ ਦੇ ਲਗਾਤਾਰ ਸੰਪਰਕ 'ਚ ਹੈ।


shivani attri

Content Editor

Related News