ਡਿਪਟੀ ਕਮਿਸ਼ਨਰ ਵਲੋਂ ਦੂਧਨਸਾਧਾਂ ਖੇਤਰ ''ਚ ਟਾਂਗਰੀ ਨਦੀ ਤੇ ਹੜ੍ਹ ਸੁਰੱਖਿਆ ਕਾਰਜਾਂ ਦਾ ਜਾਇਜ਼ਾ

Friday, Sep 05, 2025 - 05:57 PM (IST)

ਡਿਪਟੀ ਕਮਿਸ਼ਨਰ ਵਲੋਂ ਦੂਧਨਸਾਧਾਂ ਖੇਤਰ ''ਚ ਟਾਂਗਰੀ ਨਦੀ ਤੇ ਹੜ੍ਹ ਸੁਰੱਖਿਆ ਕਾਰਜਾਂ ਦਾ ਜਾਇਜ਼ਾ

ਟਾਂਗਰੀ-ਦੂਧਨਸਾਧਾਂ (ਸੁਖਦੀਪ ਸਿੰਘ ਮਾਨ) : ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅੱਜ ਟਾਂਗਰੀ ਨਦੀ ਦੇ ਨਾਲ ਲੱਗਦੇ ਦੂਧਨਸਾਧਾਂ ਸਬ-ਡਿਵੀਜ਼ਨ ਦੇ ਨਦੀ ਵਿਚੋਂ ਬਾਹਰ ਆਏ ਪਾਣੀ ਨਾਲ ਪ੍ਰਭਾਵਿਤ ਹੋਏ ਪਿੰਡਾਂ ਵਿਚ ਚੱਲ ਰਹੇ ਹੜ੍ਹ ਸੁਰੱਖਿਆ ਕਾਰਜਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਨਾਲ ਐੱਸਡੀਐੱਮ ਕਿਰਪਾਲਵੀਰ ਸਿੰਘ, ਐੱਸਈ ਡਰੇਨੇਜ ਰਾਜਿੰਦਰ ਘਈ, ਐਕਸੀਅਨ ਪ੍ਰਥਮ ਗੰਭੀਰ ਅਤੇ ਹੋਰ ਅਧਿਕਾਰੀ ਮੌਜੂਦ ਸਨ। ਉਨ੍ਹਾਂ ਨੇ ਟਾਂਗਰੀ ਬੰਨ੍ਹ ਦੀ ਮਜ਼ਬੂਤੀ ਦਾ ਨਿਰੀਖਣ ਕੀਤਾ ਅਤੇ ਸਥਾਨਕ ਨਿਵਾਸੀਆਂ ਨਾਲ ਗੱਲਬਾਤ ਕਰਕੇ ਜ਼ਮੀਨੀ ਹਕੀਕਤ ਜਾਣਨ ਸਮੇਤ ਨਾਗਰਿਕਾਂ ਦੀ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਉਣ ਦਾ ਭਰੋਸਾ ਦਿੱਤਾ।

ਡਿਪਟੀ ਕਮਿਸ਼ਨਰ ਨੇ ਦੇਵੀਗੜ੍ਹ, ਦੂਧਨਸਾਧਾਂ, ਰੋਹੜ ਜਾਗੀਰ, ਬੀਬੀਪੁਰ, ਖਰਾਬਗੜ੍ਹ, ਬੁੱਧਮੋਰ, ਜੋਧਪੁਰ, ਮਹਿਮੂਦਪੁਰ ਰੂਕੜੀ, ਘੜਾਮ, ਜੁਲਾਹਖੇੜੀ ਅਤੇ ਨੇੜਲੇ ਪਿੰਡਾਂ ਦਾ ਦੌਰਾ ਕੀਤਾ। ਉਨ੍ਹਾਂ ਪਿੰਡ ਵਾਸੀਆਂ ਨੂੰ ਦੱਸਿਆ ਕਿ ਡਰੇਨੇਜ ਵਿਭਾਗ ਦੀਆਂ ਟੀਮਾਂ ਵੱਲੋਂ ਲਗਾਤਾਰ ਮੁਸਤੈਦੀ ਨਾਲ ਕੰਮ ਕੀਤਾ ਜਾ ਰਿਹਾ ਹੈ।

ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਜਦੋਂ ਕਿ ਟਾਂਗਰੀ ਦਰਿਆ ਇਸ ਵੇਲੇ ਲਗਭਗ 20-22 ਪਿੰਡਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ ਅਤੇ ਘੱਗਰ 3-5 ਪਿੰਡਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ, ਮਾਰਕੰਡਾ ਦਰਿਆ ਦਾ ਵਾਪਸੀ ਵਹਾਅ ਟਾਂਗਰੀ ਦਾ ਪਾਣੀ ਪੱਧਰ ਘੱਟਣ ਤੋਂ ਰੋਕ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਚੁਣੌਤੀਆਂ ਦੇ ਬਾਵਜੂਦ, ਸਾਡੀਆਂ ਟੀਮਾਂ ਲੋਕਾਂ ਦੀ ਜਾਨ-ਮਾਲ ਦੀ ਰਾਖੀ ਲਈ ਖੇਤਰ ਵਿਚ 24 ਘੰਟੇ ਕੰਮ ਕਰ ਰਹੀਆਂ ਹਨ, ਨਾਲ ਹੀ ਦੋਵਾਂ ਦਰਿਆਵਾਂ ਦੇ ਬੰਨ੍ਹਾਂ ਨੂੰ ਮਜ਼ਬੂਤ ਕਰ ਰਹੀਆਂ ਹਨ।


author

Gurminder Singh

Content Editor

Related News