ਖੇਤੀਬਾੜੀ ਵਿਭਾਗ ਨੇ ਖੋਲ੍ਹਿਆ ਸਬਸਿਡੀ 'ਤੇ ਮਸ਼ੀਨਾਂ ਦੇਣ ਵਾਲਾ ਪੋਰਟਲ, ਕਿਸਾਨਾਂ ਦੀ ਆਮਦਨ 'ਚ ਹੋਵੇਗਾ ਚੋਖਾ ਵਾਧਾ

Tuesday, Jun 20, 2023 - 10:07 PM (IST)

ਗੁਰਦਾਸਪੁਰ (ਹਰਮਨ) : ਧਰਲੀ ਹੇਠਲਾ ਪਾਣੀ ਬਚਾਉਣ ਅਤੇ ਪ੍ਰਦੂਸ਼ਣ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ। ਖਾਸ ਤੌਰ 'ਤੇ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਸਰਕਾਰ ਵੱਲੋਂ ਕਿਸਾਨਾਂ ਨੂੰ ਸਬਸਿਡੀ 'ਤੇ ਮਸ਼ੀਨਾਂ ਦਿੱਤੀਆਂ ਜਾ ਰਹੀਆਂ ਹਨ। ਇਨ੍ਹਾਂ ਮਸ਼ੀਨਾਂ ਦਾ ਕਿਸਾਨਾਂ ਨੇ ਪਿਛਲੇ ਸੀਜ਼ਨ ਦੌਰਾਨ ਕਾਫੀ ਲਾਭ ਲਿਆ ਅਤੇ ਹੁਣ ਨਵੇਂ ਸੀਜ਼ਨ ਦੌਰਾਨ ਵੀ ਕਿਸਾਨਾਂ ਨੂੰ ਮਸ਼ੀਨਾਂ ਦੇਣ ਲਈ ਸਰਕਾਰ ਨੇ ਪ੍ਰਕਿਰਿਆ ਸ਼ੁਰੂ ਕੀਤੀ ਹੈ।

ਇਹ ਵੀ ਪੜ੍ਹੋ : ਸੂਬਾ ਸਰਕਾਰ ਕਰੇਗੀ ਡੀਜੀਪੀ ਨਿਯੁਕਤ, ਵਿਧਾਨ ਸਭਾ 'ਚ ਪੰਜਾਬ ਪੁਲਸ (ਸੋਧ) ਬਿੱਲ 2023 ਨੂੰ ਦਿੱਤੀ ਮਨਜ਼ੂਰੀ

ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਡਾ. ਕ੍ਰਿਪਾਲ ਸਿੰਘ ਢਿੱਲੋਂ ਅਤੇ ਸਹਾਇਕ ਖੇਤੀਬਾੜੀ ਇੰਜੀਨੀਅਰ ਦੀਪਕ ਭਾਰਦਵਾਜ ਨੇ ਦੱਸਿਆ ਕਿ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਖੇਤੀ ਮਸ਼ੀਨਰੀ 'ਤੇ ਸਬਸਿਡੀ ਦਿੱਤੀ ਜਾ ਰਹੀ ਹੈ, ਜਿਸ ਲਈ ਅਪਲਾਈ ਕਰਨ ਸਬੰਧੀ ਪੋਰਟਲ ਅੱਜ 20 ਜੂਨ ਤੋਂ ਖੁੱਲ੍ਹ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਸ਼ੀਨਰੀ ਲਈ ਕਿਸਾਨ ਪੋਰਟਲ 'ਤੇ 20 ਜੂਨ ਤੋਂ 20 ਜੁਲਾਈ ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਗਾਉਣ ਨਾਲ ਮਿੱਟੀ ਦੇ ਮਿੱਤਰ ਕੀੜੇ, ਹੋਰ ਜੀਵ-ਜੰਤੂਆਂ ਦੀ ਮੌਤ ਹੋ ਜਾਂਦੀ ਹੈ, ਸੜਕੀ ਦੁਰਘਟਨਾਵਾਂ ਵੀ ਵਾਪਰਦੀਆਂ ਹਨ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਘਟਦੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਖੇਤ ਵਿੱਚ ਹੀ ਵਾਹ ਦੇਣਾ ਚਾਹੀਦਾ ਹੈ ਜਾਂ ਫਿਰ ਇਸ ਨੂੰ ਇਕੱਤਰ ਕਰਕੇ ਵੇਚ ਦੇਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਨਹਿਰ 'ਚ ਨਹਾਉਣ ਗਏ 3 ਪ੍ਰਵਾਸੀ ਨੌਜਵਾਨਾਂ 'ਚੋਂ ਇਕ ਡੁੱਬਿਆ, ਅਚਾਨਕ ਪਾਣੀ ਵਧਣ 'ਤੇ ਵਾਪਰਿਆ ਹਾਦਸਾ

PunjabKesari

ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਜ਼ਿਲ੍ਹੇ ਅੰਦਰ 4648 ਕਿਸਾਨਾਂ ਨੂੰ ਮਸ਼ੀਨਰੀ ਦਿੱਤੀ ਜਾ ਚੁੱਕੀ ਹੈ, ਜਿਸ ਦਾ ਕਿਸਾਨਾਂ ਨੂੰ ਕਾਫੀ ਲਾਭ ਹੋਇਆ ਹੈ। ਇਹ ਮਸ਼ੀਨਰੀ ਕਿਸਾਨਾਂ ਲਈ ਕਮਾਈ ਦਾ ਸਾਧਨ ਵੀ ਬਣ ਚੁੱਕੀ ਹੈ। ਇਸ ਵਿੱਚ 2 ਤਰ੍ਹਾਂ ਦੀ 50 ਅਤੇ 80 ਫ਼ੀਸਦੀ ਸਬਸਿਡੀ ਦਿੱਤੀ ਜਾਂਦੀ ਹੈ। ਨਿੱਜੀ ਕਿਸਾਨ 50 ਫ਼ੀਸਦੀ ਸਬਸਿਡੀ ਲੈ ਸਕਦਾ ਹੈ ਅਤੇ ਕਾਰਪੋਰੇਟਿਵ ਸੁਸਾਇਟੀ, ਪੰਚਾਇਤਾਂ, ਫਾਰਮਰ ਪ੍ਰੋਡਿਊਸਰ ਆਰਗੇਨਾਈਜ਼ੇਸ਼ਨ (ਐੱਫਬੀਓ) ਅਤੇ ਕਸਟਮ ਹਾਇਰਿੰਗ ਸੈਂਟਰ 80 ਫ਼ੀਸਦੀ ਸਬਸਿਡੀ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਵਿੱਚ ਸਰਕਾਰ ਵੱਲੋਂ ਵੱਖ-ਵੱਖ ਖੇਤੀ ਸੰਦ ਦਿੱਤੇ ਜਾਂਦੇ ਹਨ ਜਿਵੇਂ ਸੁਪਰ ਸੀਡਰ, ਹੈਪੀ ਸੀਡਰ, ਸਮਾਰਟ ਸੀਡਰ, ਜ਼ੀਰੋ ਡਰਿੱਲ, ਉਲਟਾਵੀਆਂ ਹਲਾਂ ਇਸ ਤੋਂ ਇਲਾਵਾ ਐਕਸ ਸੀਟੂ ਮਸ਼ੀਨਾਂ ਵਿੱਚ ਰੈਕ ਅਤੇ ਬੇਲਰ ਦੋਵੇਂ ਮਸ਼ੀਨਾਂ ਦਿੱਤੀਆਂ ਜਾਂਦੀਆਂ ਹਨ, ਜਿਨ੍ਹਾਂ 'ਤੇ ਤਕਰੀਬਨ 50 ਅਤੇ 80 ਫ਼ੀਸਦੀ ਸਬਸਿਡੀ ਦਿੱਤੀ ਜਾਂਦੀ ਹੈ।

ਇਹ ਵੀ ਪੜ੍ਹੋ : ਸੁਖਬੀਰ ਵਿਦੇਸ਼ ’ਚ, ‘ਗੁਰਬਾਣੀ ਪ੍ਰਸਾਰਣ’ ਨੂੰ ਲੈ ਕੇ ਘਮਸਾਨ, ਛੇਤੀ ਆਉੁਣ ਦੇ ਸੰਕੇਤ

ਉਨ੍ਹਾਂ ਕਿਹਾ ਕਿ ਕਿਸਾਨ ਬਹੁਤ ਹੀ ਆਸਾਨੀ ਨਾਲ ਅਪਲਾਈ ਕਰ ਸਕਦੇ ਹਨ ਅਤੇ ਜਿਹੜੇ ਕਿਸਾਨ ਨੇ ਅਪਲਾਈ ਕਰਨਾ ਹੈ ਉਹ ਅਨਾਜ ਖਰੀਦ ਵਾਲੇ ਪੋਰਟਲ 'ਤੇ ਵੀ ਜ਼ਰੂਰ ਰਜਿਸਟਰਡ ਹੋਵੇ। ਇਸ ਦੇ ਨਾਲ ਹੀ ਕਿਸਾਨ ਨੇ ਜੇਕਰ ਪਹਿਲਾਂ ਸਬਸਿਡੀ 'ਤੇ ਕੋਈ ਮਸ਼ੀਨ ਖਰੀਦੀ ਹੈ ਤਾਂ ਉਸੇ ਮਸ਼ੀਨ ਨੂੰ ਦੁਬਾਰਾ ਸਬਸਿਡੀ 'ਤੇ ਖਰੀਦਣ ਲਈ ਅਪਲਾਈ ਨਹੀਂ ਕੀਤਾ ਜਾ ਸਕਦਾ ਪਰ ਉਹੋ ਕਿਸਾਨ ਹੋਰ ਮਸ਼ੀਨਾਂ ਸਬਸਿਡੀ 'ਤੇ ਲੈ ਸਕਦਾ ਹੈ। ਇਹ ਮਸ਼ੀਨਾਂ ਕਿਸਾਨਾਂ ਲਈ ਵਰਦਾਨ ਸਿੱਧ ਹੋ ਰਹੀਆਂ ਹਨ ਕਿਉਂਕਿ ਇਨ੍ਹਾਂ ਨਾਲ ਜਿੱਥੇ ਵਾਤਾਵਰਣ ਵਿਚਲਾ ਪ੍ਰਦੂਸ਼ਣ ਰੋਕਣ ਲਈ ਕਿਸਾਨ ਫਸਲਾਂ ਦੀ ਰਹਿੰਦ-ਖੂੰਹਦ ਨੂੰ ਖੇਤਾਂ ਵਿੱਚ ਨਿਪਟਾ ਰਹੇ ਹਨ, ਇਸ ਦੇ ਨਾਲ ਹੀ ਕਿਸਾਨ ਇਨ੍ਹਾਂ ਮਸ਼ੀਨਾਂ ਨੂੰ ਕਿਰਾਏ 'ਤੇ ਚਲਾ ਕੇ ਚੰਗੀ ਕਮਾਈ ਵੀ ਕਰ ਰਹੇ ਹਨ।

ਇਹ ਵੀ ਪੜ੍ਹੋ : ਜੁਗਾੜੂ ਰੇਹੜੀ 'ਤੇ ਆ ਰਹੇ ਸੀ 2 ਭਰਾ, ਰਾਹ 'ਚ ਹੋਇਆ ਕੁਝ ਅਜਿਹਾ ਕਿ ਪਰਿਵਾਰ ਦੇ ਉੱਡ ਗਏ ਹੋਸ਼

ਬਹੁਤ ਸਾਰੇ ਕਿਸਾਨ ਅਜਿਹੇ ਹਨ ਜਿਨ੍ਹਾਂ ਨੇ ਪਹਿਲੇ ਸਾਲ ਵਿੱਚ ਹੀ ਆਪਣੀ ਮਸ਼ੀਨ ਦੇ ਪੈਸੇ ਕਮਾਏ ਲਏ ਅਤੇ ਬਾਅਦ ਵਿੱਚ ਹੋਰ ਕਿਸਾਨਾਂ ਦੇ ਖੇਤਾਂ ਵਿੱਚ ਕਿਰਾਏ 'ਤੇ ਮਸ਼ੀਨਾਂ ਚਲਾ ਕੇ ਲੱਖਾਂ ਰੁਪਏ ਕਮਾਏ ਹਨ। ਇਸ ਲਈ ਉਨ੍ਹਾਂ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵਿਭਾਗ ਵੱਲੋਂ ਸਬਸਿਡੀ 'ਤੇ ਦਿੱਤੀਆਂ ਜਾ ਰਹੀਆਂ ਇਨ੍ਹਾਂ ਮਸ਼ੀਨਾਂ ਦਾ ਲਾਭ ਲੈਣ ਅਤੇ ਜੇਕਰ ਕਿਸੇ ਕਿਸਾਨ ਨੂੰ ਇਸ ਸਬੰਧ ਵਿੱਚ ਕੋਈ ਹੋਰ ਜਾਣਕਾਰੀ ਚਾਹੀਦੀ ਹੈ ਤਾਂ ਕਿਸਾਨ ਖੇਤੀਬਾੜੀ ਵਿਭਾਗ ਦੇ ਮੁੱਖ ਦਫ਼ਤਰ ਜਾਂ ਬਲਾਕ ਦਫ਼ਤਰਾਂ ਵਿੱਚ ਸੰਪਰਕ ਕਰ ਸਕਦੇ ਹਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News