ਡੇਂਗੂ ਦੀ ਰੋਕਥਾਮ ਲਈ ਸਿਹਤ ਵਿਭਾਗ ਨੇ ਕਰਵਾਇਆ ਕੰਟੇਨਰ ਸਰਵੇ, ਕੀਤੇ ਚਾਲਾਨ
Friday, Jul 26, 2024 - 04:15 PM (IST)
ਡੇਰਾਬੱਸੀ (ਗੁਰਜੀਤ) : ਸਥਾਨਕ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਧਰਮਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਿੰਡ ਮੀਰਪੁਰ ਵਿਖੇ ਐਂਟੀ ਡੇਂਗੂ ਟੀਮਾਂ ਵੱਲੋਂ ਸਪੈਸ਼ਲ ਡੇਂਗੂ ਕੰਟੇਨਰ ਸਰਵੇ ਕਰਵਾਇਆ ਗਿਆ। ਪਿੰਡ ਮੀਰਪੁਰ ’ਚ ਭਾਟੜਾ ਕਾਲੋਨੀ ਅਤੇ ਕ੍ਰਿਸ਼ਨਾ ਕਾਲੋਨੀ ’ਚ ਸਰਵੇ ਦੌਰਾਨ ਲੋਕਾਂ ਨੂੰ ਡੇਂਗੂ ਬਾਰੇ ਜਾਗਰੂਕ ਕੀਤਾ ਗਿਆ।
ਡੇਂਗੂ ਬਿਮਾਰੀ ਤੋਂ ਬਚਣ ਲਈ ਘਰਾਂ ਦਾ ਆਲਾ-ਦੁਆਲਾ ਕੰਟੇਨਰਾਂ ਨੂੰ ਸਾਫ਼ ਰੱਖਣ ਲਈ ਕਿਹਾ ਗਿਆ। ਟੀਮ ਮੈਂਬਰਾਂ ਨੇ ਲੋਕਾਂ ਨੂੰ ਕਿਹਾ ਕਿ ਗਮਲਿਆਂ, ਫਰਿੱਜਾਂ ਦੀਆਂ ਟਰੇਆਂ, ਕੂਲਰਾਂ, ਪੁਰਾਣੇ ਟਾਇਰਾਂ, ਛੱਤਾਂ ’ਤੇ ਪਏ ਕਬਾੜ ਆਦਿ ’ਚ ਪਾਣੀ ਨਾ ਜਮ੍ਹਾਂ ਹੋਣ ਦਿੱਤਾ ਜਾਵੇ। ਹਫ਼ਤੇ ’ਚ ਇਕ ਦਿਨ ‘ਹਰ ਸ਼ੁੱਕਰਵਾਰ ਡੇਂਗੂ ’ਤੇ ਵਾਰ’ ਡਰਾਈ ਡੇਅ ਵਜੋਂ ਮਨਾਉਣਾ ਚਾਹੀਦਾ ਹੈ। ਜਿਨ੍ਹਾਂ ਘਰਾਂ ’ਚੋਂ ਲਾਰਵਾ ਮਿਲਿਆ, ਉਨ੍ਹਾਂ ਦੇ ਚਲਾਨ ਕੀਤੇ ਗਏ। ਲੋਕਾਂ ਨੂੰ ਜਾਗਰੂਕ ਕਰਨ ਲਈ ਡੇਂਗੂ ਦੇ ਪੈਂਫਲੇਟ ਵੰਡੇ ਗਏ। ਇਸ ਦੌਰਾਨ ਸ਼ਿਵ ਕੁਮਾਰ ਐੱਸ.ਆਈ., ਗੁਰਦੀਪ ਸਿੰਘ, ਰਜਿੰਦਰ ਸਿੰਘ, ਜਤਿੰਦਰ ਸਿੰਘ, ਕੁਲਵਿੰਦਰ ਕੁਮਾਰ ਸਿਹਤ ਮੁਲਾਜ਼ਮ ਹਾਜ਼ਰ ਸਨ।