ਡੇਂਗੂ ਦੀ ਰੋਕਥਾਮ ਲਈ ਸਰਵੇਖਣ ਸ਼ੁਰੂ

Tuesday, Apr 18, 2023 - 02:00 PM (IST)

ਡੇਂਗੂ ਦੀ ਰੋਕਥਾਮ ਲਈ ਸਰਵੇਖਣ ਸ਼ੁਰੂ

ਡੇਰਾਬੱਸੀ (ਅਨਿਲ) : ਸਬ-ਡਵੀਜ਼ਨਲ ਹਸਪਤਾਲ ਡੇਰਾਬੱਸੀ ਦੇ ਐੱਸ. ਐੱਮ. ਓ. ਡਾ. ਧਰਮਿੰਦਰ ਸਿੰਘ ਦੀਆਂ ਹਦਾਇਤਾਂ ਤਹਿਤ ਹੈਲਥ ਇੰਸਪੈਕਟਰ ਰਾਜਿੰਦਰ ਸਿੰਘ ਦੀ ਟੀਮ ਨੇ ਜਾਨਲੇਵਾ ਡੇਂਗੂ ਬੁਖ਼ਾਰ ਦੀ ਰੋਕਥਾਮ ਲਈ ਵਿੱਢੀ ਮੁਹਿੰਮ ਤਹਿਤ ਡੇਰਾਬੱਸੀ ਦੇ ਗਡਰੀਆ ਮੁਹੱਲਾ ਵਿਖੇ ਡੇਂਗੂ ਸਰਵੇਖਣ ਕੀਤਾ। ਇਸ ਦੌਰਾਨ ਟੀਮ ਨੇ 56 ਘਰਾਂ ਦਾ ਸਰਵੇ ਕੀਤਾ ਅਤੇ 114 ਡੱਬਿਆਂ ਦੀ ਚੈਕਿੰਗ ਕੀਤੀ। ਚੈਕਿੰਗ ਦੌਰਾਨ 3 ਡੱਬਿਆਂ 'ਚ ਡੇਂਗੂ ਦਾ ਲਾਰਵਾ ਪਾਇਆ ਗਿਆ, ਜਿਸ ਨੂੰ ਮੌਕੇ ’ਤੇ ਹੀ ਨਸ਼ਟ ਕਰ ਦਿੱਤਾ ਗਿਆ।

ਹੈਲਥ ਇੰਸਪੈਕਟਰ ਰਾਜਿੰਦਰ ਸਿੰਘ ਨੇ ਡੇਂਗੂ ਤੋਂ ਬਚਾਅ ਲਈ ਨਾਗਰਿਕਾਂ ਨੂੰ ਹੁਣ ਤੋਂ ਹੀ ਸੁਚੇਤ ਰਹਿਣ ਦੀ ਅਪੀਲ ਕੀਤੀ। ਆਪਣੇ ਘਰਾਂ 'ਚ ਫਰਿੱਜ ਦੇ ਪਿੱਛੇ ਗੰਦੇ ਪਾਣੀ ਦੀਆਂ ਟੈਂਕੀਆਂ ਨੂੰ ਸਾਫ਼ ਰੱਖੋ। ਕੂਲਰ ਦਾ ਪਾਣੀ ਹਰ ਰੋਜ਼ ਬਦਲੋ। ਇਸ ਤੋਂ ਇਲਾਵਾ ਪੰਛੀਆਂ ਲਈ ਘਰਾਂ ਦੀਆਂ ਛੱਤਾਂ ’ਤੇ ਰੱਖੇ ਪਾਣੀ ਨੂੰ ਹਫ਼ਤੇ ’ਚ ਇਕ ਵਾਰ ਜ਼ਰੂਰ ਸਾਫ਼ ਕਰੋ। ਉਨ੍ਹਾਂ ਕਿਹਾ ਕਿ ਪਾਣੀ ਦੀਆਂ ਟੈਂਕੀਆਂ ਦੇ ਢੱਕਣ ਪੱਕੇ ਹੋਣਾ ਯਕੀਨੀ ਬਣਾਇਆ ਜਾਵੇ, ਤਾਂ ਜੋ ਡੇਂਗੂ ਦਾ ਲਾਰਵਾ ਇਨ੍ਹਾਂ 'ਚ ਨਾ ਫੈਲੇ।

ਪੌਦਿਆਂ ਦੇ ਗਮਲਿਆਂ 'ਚ ਅਤੇ ਟੁੱਟੇ ਟਾਇਰਾਂ ਅਤੇ ਡੱਬਿਆਂ 'ਚ ਪਾਣੀ ਨਹੀਂ ਰੱਖਣਾ ਚਾਹੀਦਾ। ਡਾ. ਧਰਮਿੰਦਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਬੁਖ਼ਾਰ ਹੋਣ ’ਤੇ ਆਪਣੇ ਤੌਰ ’ਤੇ ਦਵਾਈ ਨਾ ਲਓ ਕਿਉਂਕਿ ਇਹ ਜਾਨਲੇਵਾ ਹੋ ਸਕਦਾ ਹੈ। ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ 'ਚ ਡੇਂਗੂ ਦੇ ਖੂਨ ਦੇ ਟੈਸਟ ਮੁਫ਼ਤ ਕੀਤੇ ਜਾਂਦੇ ਹਨ। ਜੇਕਰ ਤੁਹਾਨੂੰ ਬੁਖ਼ਾਰ ਹੈ ਤਾਂ ਹਸਪਤਾਲ ਤੋਂ ਆਪਣੇ ਖੂਨ ਦੀ ਜਾਂਚ ਕਰਵਾਓ। ਸਰਵੇ ਟੀਮ 'ਚ ਮਨੀਸ਼ ਕੁਮਾਰ ਅਤੇ ਕੁਲਵਿੰਦਰ ਕੁਮਾਰ ਮਲਟੀਪਰਪਜ਼ ਹੈਲਥ ਵਰਕਰ ਵੀ ਸ਼ਾਮਲ ਸਨ।


author

Babita

Content Editor

Related News