ਪੰਜਾਬ 'ਚ 'ਡੇਂਗੂ' ਦੇ ਮਰੀਜ਼ਾਂ ਦੀ ਗਿਣਤੀ 10 ਹਜ਼ਾਰ ਤੋਂ ਪਾਰ, ਮੋਹਾਲੀ ਜ਼ਿਲ੍ਹੇ 'ਚ ਸਭ ਤੋਂ ਵੱਧ ਕਹਿਰ

Saturday, Nov 26, 2022 - 10:07 AM (IST)

ਪੰਜਾਬ 'ਚ 'ਡੇਂਗੂ' ਦੇ ਮਰੀਜ਼ਾਂ ਦੀ ਗਿਣਤੀ 10 ਹਜ਼ਾਰ ਤੋਂ ਪਾਰ, ਮੋਹਾਲੀ ਜ਼ਿਲ੍ਹੇ 'ਚ ਸਭ ਤੋਂ ਵੱਧ ਕਹਿਰ

ਲੁਧਿਆਣਾ (ਸਹਿਗਲ) : ਪੰਜਾਬ ’ਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ 10062 ਹੋ ਗਈ ਹੈ। ਇਨ੍ਹਾਂ ’ਚੋਂ 16 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਗਿਣਤੀ ਬੀਤੇ ਸਾਲ ਦੇ ਮੁਕਾਬਲੇ ਕਾਫੀ ਘੱਟ ਹੈ। ਬੀਤੇ ਸਾਲ ਇਨ੍ਹਾਂ ਦਿਨਾਂ ਤੱਕ 23,000 ਤੋਂ ਵੱਧ ਮਾਮਲੇ ਸਾਹਮਣੇ ਆਏ ਸਨ ਤੇ 55 ਮਰੀਜ਼ਾਂ ਦੀ ਮੌਤ ਹੋ ਗਈ ਸੀ। ਸੂਬੇ ’ਚ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਡੇਂਗੂ ਦਾ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਾ ਬਣ ਕੇ ਸਾਹਮਣੇ ਆਇਆ ਹੈ। ਇੱਥੇ 1698 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ, ਜਦੋਂਕਿ 2 ਮਰੀਜ਼ਾਂ ਦੀ ਮੌਤ ਦੀ ਸਿਹਤ ਵਿਭਾਗ ਵੱਲੋਂ ਪੁਸ਼ਟੀ ਕੀਤੀ ਗਈ ਹੈ। ਡੇਂਗੂ ਤੋਂ ਇਲਾਵਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ’ਚ 292 ਚਿਕਨਗੁਣੀਆ ਦੇ ਮਰੀਜ਼ ਵੀ ਸਾਹਮਣੇ ਆ ਚੁੱਕੇ ਹਨ। ਇਸ ਤੋਂ ਬਾਅਦ ਦੂਜਾ ਪ੍ਰਭਾਵਿਤ ਜ਼ਿਲ੍ਹਾ ਪਟਿਆਲਾ ਰਿਹਾ, ਜਿੱਥੇ ਚਿਕਨਗੁਣੀਆ ਦੇ 49 ਮਰੀਜ਼ ਸਾਹਮਣੇ ਆਏ ਹਨ।

ਇਹ ਵੀ ਪੜ੍ਹੋ : ਖੰਨਾ 'ਚ ਕਲਯੁਗੀ ਪੁੱਤ ਨੇ ਕੁੱਟਿਆ ਬਜ਼ੁਰਗ ਪਿਓ, ਰਾਹ ਜਾਂਦੇ ਪੁਲਸ ਮੁਲਾਜ਼ਮ ਨੇ ਇਹ ਦੇਖ ਜੋ ਕੀਤਾ...

ਇਸ ਤੋਂ ਇਲਾਵਾ ਫਤਿਹਗੜ੍ਹ ਸਾਹਿਬ ’ਚ 5, ਹੁਸ਼ਿਆਰਪੁਰ ’ਚ 2 ਅਤੇ ਫਰੀਦਕੋਟ ਅਤੇ ਤਰਨਤਾਰਨ 'ਚ 1-1 ਚਿਕਨਗੁਣੀਆ ਦਾ ਪਾਜ਼ੇਟਿਵ ਮਰੀਜ਼ ਸਾਹਮਣੇ ਆਇਆ ਹੈ। ਮੋਹਾਲੀ ਤੋਂ ਬਾਅਦ ਲੁਧਿਆਣਾ ’ਚ ਡੇਂਗੂ ਦੇ 960 ਪਾਜ਼ੇਟਿਵ ਮਰੀਜ਼ ਸਾਹਮਣੇ ਆਏ, ਜਦੋਂ ਕਿ ਪਟਿਆਲਾ ’ਚ 920, ਫਤਿਹਗੜ੍ਹ ਸਾਹਿਬ ’ਚ 826, ਰੋਪੜ ’ਚ 815, ਪਠਾਨਕੋਟ ’ਚ 787, ਅੰਮ੍ਰਿਤਸਰ ’ਚ 417 ਅਤੇ ਸੰਗਰੂਰ ਦੇ 411 ਪਾਜ਼ੇਟਿਵ ਮਰੀਜ਼ ਸ਼ਾਮਲ ਹਨ। ਸੂਬੇ ਦੇ 6 ਜ਼ਿਲ੍ਹਿਆਂ ’ਚ ਡੇਂਗੂ ਨੇ ਆਪਣਾ ਸਭ ਤੋਂ ਵੱਧ ਕਹਿਰਾ ਦਿਖਾਇਆ ਹੈ, ਜਿਨ੍ਹਾਂ ’ਚ ਡੇਂਗੂ ਨਾਲ ਮੌਤਾਂ ਹੋਈਆਂ, ਉਨ੍ਹਾਂ 'ਚ ਸਾਹਿਬਜ਼ਾਦਾ ਅਜੀਤ ਸਿੰਘ ਨਗਰ ’ਚ 2, ਬਠਿੰਡਾ ’ਚ 3, ਪਠਾਨਕੋਟ ’ਚ 3 ਤੋਂ ਇਲਾਵਾ ਪਟਿਆਲਾ, ਫਤਿਹਗੜ੍ਹ ਸਾਹਿਬ, ਰੋਪੜ, ਹੁਸ਼ਿਆਰਪੁਰ, ਫਰੀਦਕੋਟ, ਮਾਨਸਾ ਅਤੇ ਮੋਗਾ ਜ਼ਿਲ੍ਹਾ ਵੀ ਸ਼ਾਮਲ ਹੈ।

ਇਹ ਵੀ ਪੜ੍ਹੋ : ਮੋਹਾਲੀ ਨਰਸ ਕਤਲ ਮਾਮਲੇ ਨਾਲ ਜੁੜੀ ਵੱਡੀ ਖ਼ਬਰ : ਦੋਸ਼ੀ ਮੁਅੱਤਲ ASI ਰਸ਼ਪ੍ਰੀਤ ਸਿੰਘ ਗ੍ਰਿਫ਼ਤਾਰ

ਸਿਹਤ ਅਧਿਕਾਰੀਆਂ ਮੁਤਾਬਕ ਜਿਨ੍ਹਾਂ ਜ਼ਿਲ੍ਹਿਆਂ ’ਚ ਡੇਂਗੂ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ, ਉੱਥੇ ਵਿਭਾਗ ਦੀਆ ਟੀਮਾਂ ਨੂੰ ਲੋਕਾਂ ਨੂੰ ਜਾਗਰੂਕ ਕਰਨ ਲਈ ਕਿਹਾ ਗਿਆ ਹੈ। ਪੰਜਾਬ ਦੀ ਨੋਡਲ ਅਫ਼ਸਰ ਡਾ. ਅਰਸ਼ਦੀਪ ਕੌਰ ਨੇ ਦੱਸਿਆ ਕਿ ਡੇਂਗੂ ਤੋਂ ਹੋਣ ਵਾਲੀ ਮੌਤ ਨੂੰ ਪਹਿਲਾਂ ਡੇਂਗੂ ਡੈੱਥ ਰੀਵਿਊ ਕਮੇਟੀ ਕੋਲ ਭੇਜਿਆ ਜਾਂਦਾ ਹੈ। ਰੀਵਿਊ ਤੋਂ ਬਾਅਦ ਹੀ ਕਿਸੇ ਮਰੀਜ਼ ਦੀ ਡੇਂਗੂ ਤੋਂ ਹੋਣ ਵਾਲੀ ਮੌਤ ਦੀ ਪੁਸ਼ਟੀ ਕੀਤੀ ਜਾਂਦੀ ਹੈ। ਬੀਤੇ ਸਾਲ ਦੇ ਮੁਕਾਬਲੇ ਡੇਂਗੂ ਦੇ ਪਾਜ਼ੇਟਿਵ ਮਰੀਜ਼ ਕਾਫੀ ਘੱਟ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਪਹਿਲਾਂ ਤੋਂ ਘੱਟ ਮਰੀਜ਼ਾਂ ਦੀ ਮੌਤ ਹੋਈ ਹੈ। ਵਿਭਾਗ ਵੱਲੋਂ ਬਚਾਅ ਕਾਰਜਾਂ ਤੋਂ ਇਲਾਵਾ ਲੋਕਾਂ ਨੂੰ ਜਾਗਰੂਕ ਕਰਨ ਦੀ ਲੜੀ ਲਗਾਤਾਰ ਜਾਰੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News