ਡੇਂਗੂ ਦੇ ਮਰੀਜ਼ਾਂ ਦੀ ਭਰਮਾਰ, 8 ਵਿਅਕਤੀਆਂ ਦੀ ਹੋ ਚੁੱਕੀ ਐ ਮੌਤ
Wednesday, Oct 04, 2017 - 05:40 AM (IST)
ਲੁਧਿਆਣਾ(ਸਹਿਗਲ)- ਪਿਛਲੇ ਹਫਤੇ ਤੋਂ ਸ਼ਹਿਰ ਵਿਚ ਡੇਂਗੂ ਦੇ ਮਰੀਜ਼ਾਂ ਦੀ ਭਰਮਾਰ ਹੈ। ਹੁਣ ਤੱਕ ਇਕ ਹੀ ਹਸਪਤਾਲ ਦੇ 430 ਤੋਂ ਜ਼ਿਆਦਾ ਮਰੀਜ਼ ਸਾਹਮਣੇ ਆ ਚੁੱਕੇ ਹਨ ਅਤੇ 8 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਪਰ ਦੂਜੇ ਪਾਸੇ ਸਿਹਤ ਵਿਭਾਗ ਮੌਨ ਧਾਰਨ ਕਰੀ ਬੈਠਾ ਹੈ। ਜ਼ਿਲੇ ਵਿਚ ਨਾ ਤਾਂ ਜਾਗਰੂਕਤਾ ਤੇ ਬਚਾਅ ਕਾਰਜ ਕੀਤੇ ਜਾ ਰਹੇ ਹਨ ਅਤੇ ਨਾ ਹੀ ਡੇਂਗੂ ਦੇ ਮਰੀਜ਼ਾਂ ਦੀ ਰਿਪੋਰਟ ਤਿਆਰ ਕਰ ਕੇ ਸਪ੍ਰੇਅ ਕਰਵਾਈ ਜਾ ਰਹੀ ਹੈ, ਜਿਸ ਨਾਲ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਕੇਂਦਰੀ ਸਿਹਤ ਮੰਤਰਾਲੇ ਦੀਆਂ ਗਾਈਡਲਾਈਨਜ਼ ਸਿਹਤ ਵਿਭਾਗ ਵਿਚ ਧੂੜ ਫੱਕ ਰਹੀਆਂ ਹਨ। ਹਸਪਤਾਲਾਂ ਤੋਂ ਨਾ ਤਾਂ ਮਰੀਜ਼ਾਂ ਦਾ ਡਾਟਾ ਲਿਆ ਜਾ ਰਿਹਾ ਹੈ ਅਤੇ ਨਾ ਹੀ ਡੇਂਗੂ ਪਾਜ਼ੀਟਿਵ ਆਉਣ ਵਾਲੇ ਮਰੀਜ਼ਾਂ ਨੂੰ ਘਰਾਂ ਦੇ ਆਲੇ-ਦੁਆਲੇ ਸਪ੍ਰੇਅ ਕਰਵਾਇਆ ਜਾ ਰਿਹਾ ਹੈ, ਜਿਸ ਨਾਲ ਮਰੀਜ਼ਾਂ ਦੀ ਗਿਣਤੀ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ।
ਹਸਪਤਾਲ ਹੋਏ ਫੁਲ, ਕਰਨੀ ਪੈਂਦੀ ਹੈ ਮਰੀਜ਼ਾਂ ਦੀ ਭਰਤੀ ਬੰਦ
ਦਯਾਨੰਦ ਹਸਪਤਾਲ ਵਿਚ ਡੇਂਗੂ ਅਤੇ ਵਾਇਰਲ ਦੇ ਮਰੀਜ਼ਾਂ ਦੀ ਆਮਦ ਵਧਣ ਨਾਲ ਹਾਊਸ ਫੁਲ ਦੀ ਸਥਿਤੀ ਬਣੀ ਹੋਈ ਹੈ। ਪਿਛਲੇ ਤਿੰਨ-ਚਾਰ ਦਿਨਾਂ ਤੋਂ ਹਸਪਤਾਲ ਪ੍ਰਸ਼ਾਸਨ ਨੂੰ ਹਸਪਤਾਲ ਵਿਚ ਬੈੱਡ ਖਾਲੀ ਨਾ ਹੋਣ 'ਤੇ ਕੁਝ ਘੰਟੇ ਲਈ ਦਾਖਲਾ ਬੰਦ ਕਰਨਾ ਪੈਂਦਾ ਹੈ। ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਸੰਦੀਪ ਸ਼ਰਮਾ ਨੇ ਦੱਸਿਆ ਕਿ ਸਥਿਤੀ ਕਾਫੀ ਗੁੰਝਲਦਾਰ ਬਣੀ ਹੋਈ ਹੈ, ਜਿਨ੍ਹਾਂ ਮਰੀਜ਼ਾਂ ਦੀ ਹਾਲਤ ਵਿਚ ਸੁਧਾਰ ਹੋਣਾ ਸ਼ੁਰੂ ਹੁੰਦਾ ਹੈ, ਉਨ੍ਹਾਂ ਨੂੰ ਡਿਸਚਾਰਜ ਕਰ ਕੇ ਨਵੇਂ ਮਰੀਜ਼ ਭਰਤੀ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਲੁਧਿਆਣਾ ਤੋਂ ਇਲਾਵਾ ਦੂਜੇ ਜ਼ਿਲਿਆਂ ਅਤੇ ਰਾਜਾਂ ਤੋਂ ਵੀ ਕਾਫੀ ਮਰੀਜ਼ ਆ ਰਹੇ ਹਨ।
ਸਿਹਤ ਵਿਭਾਗ ਦਾ ਫੰਡਾ, ਨਾ ਬਣਾਓ ਰਿਪੋਰਟ ਨਾ ਜਨਤਕ ਕਰੋ ਕੇਸ ਹਸਪਤਾਲਾਂ 'ਤੇ ਲਗਾਈ ਰੋਕ
ਸਿਹਤ ਵਿਭਾਗ ਨੇ ਡੇਂਗੂ ਅਤੇ ਹੋਰ ਬੀਮਾਰੀਆਂ ਦੇ ਮਾਮਲੇ ਵਿਚ ਪਹਿਲਾਂ ਹਸਪਤਾਲ 'ਤੇ ਡੇਂਗੂ, ਸਵਾਈਨ ਫਲੂ ਦੇ ਮਰੀਜ਼ਾਂ ਦੀ ਗਿਣਤੀ ਜਨਤਕ ਕਰਨ 'ਤੇ ਰੋਕ ਲਗਾ ਦਿੱਤੀ, ਬਾਅਦ ਵਿਚ ਆਪ ਵੀ ਰਿਪੋਰਟ ਬਣਾਉਣੀ ਛੱਡ ਦਿੱਤੀ। ਇਹੀ ਨਹੀਂ, ਕਈ ਹਫਤੇ ਤੋਂ ਕ੍ਰਾਸ ਚੈਕਿੰਗ ਦਾ ਕੰਮ ਵੀ ਬੰਦ ਪਿਆ ਹੈ।
ਸੂਤਰ ਦੱਸਦੇ ਹਨ ਕਿ ਜਿਨ੍ਹਾਂ ਅਧਿਕਾਰੀਆਂ ਨੂੰ ਜਬਰਨ ਮਹਾਮਾਰੀਆਂ ਦੇ ਕੰਮ ਦੇਖਣ ਦਾ ਠੇਕਾ ਦਿੱਤਾ ਹੋਇਆ ਹੈ, ਉਹ ਕੰਮ ਨਹੀਂ ਕਰਦੇ ਅਤੇ ਜੋ ਅਧਿਕਾਰੀ ਅਧਿਕਾਰਤ ਹਨ, ਉਹ ਮਠਿਆਈਆਂ ਦੇ ਸੈਂਪਲ ਭਰਨ ਵਿਚ ਰੁਚੀ ਦਿਖਾ ਰਹੇ ਹਨ। ਹਸਪਤਾਲਾਂ ਵਿਚ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਹੁਣ ਤੱਕ ਸਿਹਤ ਵਿਭਾਗ ਡੇਂਗੂ ਦੇ 34 ਕੇਸਾਂ ਦੀ ਪੁਸ਼ਟੀ ਕਰ ਸਕਿਆ ਹੈ, ਜਦੋਂਕਿ ਸਿਰਫ ਦਯਾਨੰਦ ਹਸਪਤਾਲ ਵਿਚ ਮਰੀਜ਼ਾਂ ਦੀ ਗਿਣਤੀ 430 ਤੋਂ ਜ਼ਿਆਦਾ ਹਨ।
