ਮਰਵਾਹਾ ਮੁਹੱਲੇ ਦੀ ਖਸਤਾ ਹਾਲਤ ਕਾਰਨ ਕੌਂਸਲਰ ਤੇ ਮੇਅਰ ਖਿਲਾਫ਼ ਮੁਜ਼ਾਹਰਾ
Tuesday, Mar 27, 2018 - 02:40 AM (IST)

ਹੁਸ਼ਿਆਰਪੁਰ, (ਘੁੰਮਣ)- ਹਿੰਦੂ ਜਥੇਬੰਦੀਆਂ ਸ਼ਿਵ ਸੈਨਾ (ਬਾਲ ਠਾਕਰੇ) ਅਤੇ ਬਜਰੰਗ ਦਲ ਸੈਨਾ ਦੇ ਮੈਂਬਰਾਂ ਨੇ ਵਾਰਡ ਨੰ. 39 ਮੁਹੱਲਾ ਮਰਵਾਹਾ ਦੀ ਖਸਤਾ ਹਾਲਤ ਕਾਰਨ ਮੁਹੱਲਾ ਵਾਸੀਆਂ ਨੂੰ ਨਾਲ ਲੈ ਕੇ ਵਾਰਡ ਕੌਂਸਲਰ ਅਤੇ ਮੇਅਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਸ਼ਿਵ ਸੈਨਾ (ਬਾਲ ਠਾਕਰੇ) ਦੇ ਸ਼ਹਿਰੀ ਪ੍ਰਧਾਨ ਜਾਵੇਦ ਖਾਨ ਤੇ ਬਜਰੰਗ ਦਲ ਸੈਨਾ ਦੇ ਆਗੂ ਮੁਕੇਸ਼ ਸੂਰੀ ਨੇ ਕਿਹਾ ਕਿ ਪਿਛਲੇ 3 ਸਾਲਾਂ ਤੋਂ ਮੁਹੱਲੇ ਦੀਆਂ ਸੜਕਾਂ ਅਤੇ ਸਟਰੀਟ ਲਾਈਟਾਂ ਦੀ ਦਸ਼ਾ ਸੁਧਾਰਨ ਤੇ ਪਾਣੀ ਦੀ ਸਪਲਾਈ ਨਿਯਮਿਤ ਕਰਨ ਦੀ ਕਈ ਵਾਰ ਅਪੀਲ ਕੀਤੀ ਗਈ ਪਰ ਕੌਂਸਲਰ ਅਤੇ ਮੇਅਰ ਨੇ ਮੁਹੱਲੇ ਦੀਆਂ ਸਮੱਸਿਆਵਾਂ ਦੇ ਹੱਲ ਲਈ ਕੋਈ ਦਿਲਚਸਪੀ ਨਹੀਂ ਦਿਖਾਈ।
ਜਾਵੇਦ ਖਾਨ ਨੇ ਕਿਹਾ ਕਿ ਜੇਕਰ ਕਿਸੇ ਵਾਰਡ ਦਾ ਕੌਂਸਲਰ ਉਥੋਂ ਦੇ ਲੋਕਾਂ ਦੇ ਕੰਮ ਨਹੀਂ ਕਰਵਾਉਂਦਾ ਤਾਂ ਉਸ ਦੀ ਤਨਖ਼ਾਹ ਰੋਕ ਦੇਣੀ ਚਾਹੀਦੀ ਹੈ।
ਸਮੱਸਿਆਵਾਂ ਦਾ ਹੱਲ 10 ਦਿਨਾਂ 'ਚ ਕਰਨ ਦੀ ਮੰਗ : ਲੋਕਾਂ ਨੇ ਮੰਗ ਕੀਤੀ ਕਿ ਮੁਹੱਲੇ ਦੀਆਂ ਸਮੱਸਿਆਵਾਂ ਦਾ ਹੱਲ 10 ਦਿਨਾਂ ਵਿਚ ਕਰਵਾਇਆ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਅਜਿਹਾ ਨਾ ਹੋਇਆ ਤਾਂ ਲੋਕ ਐੱਮ. ਸੀ. ਅਤੇ ਮੇਅਰ ਖਿਲਾਫ਼ ਸੰਘਰਸ਼ ਸ਼ੁਰੂ ਕਰਨਗੇ। ਇਸ ਮੌਕੇ ਸੰਦੀਪ ਸੂਦ, ਆਰ. ਐੱਸ. ਐੱਸ. ਆਗੂ ਰਾਜਨ ਸ਼ਰਮਾ, ਗੌਰਵ, ਪੁਨੀਤ, ਹੀਰਾ ਲਾਲ, ਗੌਰਵ ਵਰਮਾ, ਨਿਖਿਲ ਰਾਜਪੂਤ, ਮੁਕੇਸ਼ ਲਾਹੌਰੀਆ, ਸਰਬਜੀਤ ਸਾਬੀ, ਕਸ਼ਮੀਰੀ ਲਾਲ ਸਮੇਤ ਵੱਡੀ ਗਿਣਤੀ 'ਚ ਮੁਹੱਲਾ ਵਾਸੀ ਮੌਜੂਦ ਸਨ।
ਕੀ ਕਹਿੰਦੇ ਹਨ ਵਾਰਡ ਕੌਂਸਲਰ : ਇਸ ਸਬੰਧੀ ਸੰਪਰਕ ਕਰਨ 'ਤੇ ਵਾਰਡ ਨੰ. 39 ਦੀ ਕੌਂਸਲਰ ਸਵਿਤਾ ਸੂਦ ਨੇ ਕਿਹਾ ਕਿ ਉਹ ਆਪਣੇ ਵਾਰਡ ਅਧੀਨ ਸਾਰੇ ਮੁਹੱਲਿਆਂ 'ਚ ਲੋੜ ਅਨੁਸਾਰ ਵਿਕਾਸ ਕਾਰਜ ਕਰਵਾ ਰਹੇ ਹਨ। ਮੁਹੱਲਾ ਮਰਵਾਹਾ 'ਚ 7-8 ਲੱਖ ਰੁਪਏ ਦੀ ਲਾਗਤ ਨਾਲ ਇੰਟਰ ਲਾਕਿੰਗ ਟਾਇਲਾਂ ਦਾ ਕੰਮ ਕਰਵਾਇਆ ਗਿਆ ਹੈ। ਪਾਣੀ ਦੀ ਸਮੱਸਿਆ ਪਹਿਲ ਦੇ ਆਧਾਰ 'ਤੇ ਹੱਲ ਕਰਵਾਈ ਗਈ ਹੈ ਅਤੇ ਸਟਰੀਟ ਲਾਈਟਾਂ ਦੇ ਸਾਰੇ ਪੁਆਇੰਟ ਵੀ ਸ਼ੁਰੂ ਕਰਵਾਏ ਗਏ ਹਨ।
ਕੀ ਕਹਿੰਦੇ ਹਨ ਮੇਅਰ : ਮੇਅਰ ਸ਼ਿਵ ਸੂਦ ਨੇ ਕਿਹਾ ਕਿ ਸ਼ਹਿਰ ਦੇ ਸਾਰੇ ਵਾਰਡਾਂ 'ਚ ਵਿਕਾਸ ਕਾਰਜ ਕਰਵਾਏ ਜਾਂਦੇ ਹਨ। ਜੇਕਰ ਵਾਰਡ ਨੰ. 39 ਦੇ ਲੋਕਾਂ ਦੀਆਂ ਕੁਝ ਵਿਸ਼ੇਸ਼ ਸਮੱਸਿਆਵਾਂ ਹਨ ਤਾਂ ਉਹ ਉਨ੍ਹਾਂ ਸਾਹਮਣੇ ਰੱਖਣ, ਇਨ੍ਹਾਂ ਦਾ ਜਲਦ ਹੱਲ ਕਰਵਾ ਦਿੱਤਾ ਜਾਵੇਗਾ।