ਖੇਤੀ ਟੈਕਨੋਕ੍ਰੇਟਸ ਦੀਆਂ ਮੰਗਾਂ ਸੰਬੰਧੀ ਸੰਘਰਸ਼ ਕੀਤਾ ਜਾਵੇਗਾ: ਡਾ. ਸੁਖਬੀਰ ਸੰਧੂ

Wednesday, Sep 04, 2019 - 05:24 PM (IST)

ਖੇਤੀ ਟੈਕਨੋਕ੍ਰੇਟਸ ਦੀਆਂ ਮੰਗਾਂ ਸੰਬੰਧੀ ਸੰਘਰਸ਼ ਕੀਤਾ ਜਾਵੇਗਾ: ਡਾ. ਸੁਖਬੀਰ ਸੰਧੂ

ਜਲੰਧਰ—ਸੂਬੇ ’ਚ ਕਿਸਾਨ ਹਿੱਤ ਲਈ ਕੰਮ ਕਰ ਰਹੇ ਖੇਤੀਬਾੜੀ ਵਿਕਾਸ ਅਫਸਰ ਅਤੇ ਬਾਗਬਾਨੀ ਵਿਕਾਸ ਅਫਸਰਾਂ ਦੀ ਸਾਂਝੀ ਯੂਨੀਅਨ ਪੀ. ਡੀ ਐੱਸ. ਏ ਦੇ ਪ੍ਰਧਾਨ ਡਾ. ਸੁਖਬੀਰ ਸਿੰਘ ਸੰਧੂ ਨੇ ਪ੍ਰੈੱਸ ਨੂੰ ਜਾਰੀ ਬਿਆਨ ’ਚ ਕਿਹਾ ਹੈ ਕਿ ਸਰਕਾਰ ਵੱਲੋਂ ਜੇਕਰ ਟੈਕਨੋਕ੍ਰੇਟਸ ਦੀਆਂ ਹੱਕੀ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਸੰਘਰਸ਼ ਦਾ ਬਿਗੁਲ ਵਜਾਇਆ ਜਾਵੇਗਾ। ਖੇਤੀ ਟੈਕਨੋਕ੍ਰੇਟਸ ਦੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਦੇ ਸੰਬੰਧ ’ਚ ਡਾਂ. ਸੰਧੂ ਨੇ ਕਿਹਾ ਹੈ ਕਿ ਕਿਸਾਨਾਂ ਤੱਕ ਨਵੀਆਂ ਜਾਣਕਾਰੀਆਂ ਪਹੁੰਚਾਉਣ ਲਈ ਜਿੱਥੇ ਸਰਕਾਰ ਨੂੰ ਏ. ਡੀ. ਓ/ਐੱਚ. ਡੀ. ਓ. ਦੀਆਂ ਖਾਲੀ ਪਈਆਂ ਅਸਾਮੀਆਂ ਭਰਨੀਆਂ ਚਾਹੀਦੀਆਂ ਹਨ, ਉੱਥੇ ਲੰਬੇ ਸਮੇਂ ਤੋਂ ਵਿਭਾਗੀ ਤਰੱਕੀਆਂ ਦੀ ਉਡੀਕ ਕਰ ਰਹੇ ਖੇਤੀ ਟੈਕਨੋਕ੍ਰੇਟਸ ਦੇ ਅਹੁਦੇ ਦੀ ਉਨਤੀ ਕਰਨ ਲਈ ਸੂਬਾ ਸਰਕਾਰ ਨੂੰ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ। ਉਨ੍ਹਾਂ ਖੇਤੀਬਾੜੀ ਅਧਿਕਾਰੀਆਂ ਨੂੰ ਜਾਰੀ ਦੋਸ਼ ਸੂਚੀਆਂ ਦੀ ਨਿਖੇਧੀ ਕਰਦਿਆਂ ਕਿਹਾ ਗਿਆ ਹੈ ਕਿ ਕੀਟਨਾਸ਼ਕਾਂ ਦੇ ਵੱਖ-ਵੱਖ ਪੱਧਰ ’ਤੇ ਚੱਲ ਰਹੇ ਕੇਸਾਂ ਲਈ ਹੋਈ ਦੇਰੀ ਦਾ ਸਾਰਾ ਦੋਸ਼ ਸਿਰਫ ਖੇਤੀਬਾੜੀ ਵਿਕਾਸ ਅਫਸਰਾਂ ’ਤੇ ਹੀ ਮੜਿਆ ਜਾ ਰਿਹਾ ਹੈ। ਉਸ ਦੀ ਦੁਬਾਰਾ ਇੰਨਕੁਆਰੀ ਕਰਵਾਉਣ ਲਈ ਵੀ ਕਿਹਾ ਗਿਆ। 

ਡਾ. ਸੰਧੂ ਨੇ ਖੇਤੀ ਟੈਕਨੋਕੇਟਸ ਦੀਆਂ ਸਿਆਸੀ ਦਖਲ ਅੰਦਾਜ਼ੀਆਂ, ਕੀਤੀਆਂ ਗਈਆਂ ਬਦਲੀਆਂ ਵੀ ਰੱਦ ਕਰਨ ਲਈ ਕਿਹਾ। ਖੇਤੀ ਟੈਕਨੋਕ੍ਰੇਟਸ ਨੂੰ ਡਾਇਨੀਮਿਕ ਏ. ਸੀ. ਪੀ, ਐਨਕਸਚਰ ਏ ’ਚ ਸ਼ਾਮਲ ਕਰਨ ਲਈ ਹੁਕਮ ਜਾਰੀ ਕਰਨ ਲਈ ਆਖਿਆ। ਖੇਤੀ ਟੈਕਨੋਕਰੇਟਸ ਵੱਲੋਂ ਪੰਜਾਬ ਸਰਕਾਰ ਦੇ ਸਮੂਹ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨਾਲ ਸਹਿਮਤੀ ਪ੍ਰਗਟ ਕਰਦੇ ਹੋਏ ਕਿਹਾ ਗਿਆ ਹੈ ਕਿ ਨਵੀਂ ਭਰਤੀ ਦਾ ਪ੍ਰੋਬੇਸ਼ਨ ਸਮਾਂ ਘਟਾਇਆ ਜਾਵੇ ਅਤੇ ਬਰਾਬਰ ਕੰਮ ਬਰਾਬਰ ਤਨਖਾਹ ਦਿੱਤੀ ਜਾਵੇ। ਇਸ ਦੇ ਨਾਲ ਡੀ. ਏ. ਦੀਆਂ ਬਕਾਇਆ ਕਿਸ਼ਤਾ ਤਰੁੰਤ ਜਾਰੀ ਕਰਦੇ ਹੋਏ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਨਿਸ਼ਚਿਤ ਸਮੇਂ ’ਚ ਦਿੱਤੀ ਜਾਵੇ ਅਤੇ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ। ਇਸ ਮੌਕੇ ’ਤੇ ਡਾ. ਗੁਰਵਿੰਦਰ ਸਿੰਘ ਸਰਪ੍ਰਸਤ ਪੀ. ਡੀ. ਐੱਸ. ਏ, ਡਾ. ਸੁਖਦੀਪ ਸਿੰਘ ਹੁੰਦਲ ਐੱਚ. ਡੀ. ਓ, ਡਾ. ਸੁਰਜੀਤ ਸਿੰਘ ਏ. ਡੀ. ਓ. ਜਲੰਧਰ, ਡਾ. ਜਸਵਿੰਦਰ ਸਿੰਘ ਏ. ਡੀ. ਓ, ਡਾ. ਸੁਖਪਾਲ ਸਿੰਘ ਐੱਚ ਡੀ. ਓ. ਕਾਦੀਆ, ਡਾ. ਗੁਰਪ੍ਰੀਤ ਸਿੰਘ ਏ. ਡੀ. ਓ. ਅੰਮ੍ਰਿਤਸਰ ਅਤੇ ਡਾ. ਪਰਮਵੀਰ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ।
ਪ੍ਰਧਾਨ ਪੀ. ਡੀ. ਐੱਸ. ਏ,
ਪੰਜਾਬ।
 


author

Iqbalkaur

Content Editor

Related News