ਆਕਸੀਜ਼ਨ ਵਾਂਗ ਹੈ ਪੰਜਾਬ 'ਆਪ' ਲਈ ਦਿੱਲੀ ਦੀ ਜਿੱਤ

Tuesday, Feb 11, 2020 - 09:04 PM (IST)

ਆਕਸੀਜ਼ਨ ਵਾਂਗ ਹੈ ਪੰਜਾਬ 'ਆਪ' ਲਈ ਦਿੱਲੀ ਦੀ ਜਿੱਤ

ਜਗਬਾਣੀ ਵਿਸ਼ੇਸ਼ ਰਿਪੋਰਟ (ਜਸਬੀਰ ਵਾਟਾਂ ਵਾਲੀ) ਆਮ ਆਦਮੀ ਪਾਰਟੀ ਦੀ ਦਿੱਲੀ ’ਚ ਜਿੱਤ ਨੇ ਜਿੱਥੇ ਰਾਜ ਭੋਗ ਰਹੀਆਂ ਸੱਤਾਂ ਧਿਰਾਂ ਨੂੰ ਫਿਕਰਾਂ ਵਿਚ ਪਾ ਦਿੱਤਾ ਹੈ, ਉੱਥੇ ਹੀ ਇਸ ਜਿੱਤ ਨੇ ਪੰਜਾਬ ‘ਆਪ’ ਨੂੰ ਵੀ ਆਕਸੀਜ਼ਨ ਦੇਣ ਦਾ ਕੰਮ ਕੀਤਾ ਹੈ। ਦਿੱਲੀ ਜਿੱਤ ਦੇ ਸੰਕੇਤ ਮਿਲਦਿਆਂ ਹੀ ਪੰਜਾਬ ਵਿਚ ਵੱਖ-ਵੱਖ ਥਾਵਾਂ ’ਤੇ ਜਿੱਤ ਦੇ ਜਸ਼ਨ ਮਨਾਏ ਜਾਣ ਲੱਗੇ। ਅੰਮ੍ਰਿਤਸਰ, ਲੁਧਿਆਣਾ ਵਰਗੇ ਵੱਡੇ ਸ਼ਹਿਰਾਂ ਵਿਚ ਆਮ ਆਦਮੀ ਪਾਰਟੀ ਦੇ ਵਰਕਰਾਂ ਪਟਾਕਿਆਂ ਅਤੇ ਢੋਲ ਦੀ ਤਾਲ ਨਾਲ ਇਸ ਜਿੱਤ ਦੇ ਜਸ਼ਨ ਮਨਾਏ। ਸੋਸ਼ਲ ਮੀਡੀਆ ’ਤੇ ਵੀ ਇਸ ਸਬੰਧੀ ਖੂਬ ਟਿਪਣੀਆਂ ਦੇਖਣ ਨੂੰ ਮਿਲੀਆਂ, ਜਿਸ ਵਿਚ ਵਿਰੋਧੀਆਂ ਨੂੰ ਮਜਾਕ ਦਾ ਪਾਤਰ ਬਣਾਇਆ ਗਿਆ। ਇਸ ਦੇ ਨਾਲ-ਨਾਲ ਪੰਜਾਬ ਦੇ ਲੋਕਾਂ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਦਿੱਲੀ ਵਾਲਾ ਇਤਿਹਾਸ ਦੁਹਰਾਉਣ ਲਈ ਵੀ ਪ੍ਰੇਰਿਆ ਜਾ ਰਿਹਾ ਹੈ। ਪੰਜਾਬ ‘ਆਪ’ ਆਗੂ ਇਸ ਜਿੱਤ ਨੂੰ ਕੇਜਰੀਵਾਲ ਦੇ ਕੰਮਾਂ ਦੀ ਜਿੱਤ ਕਰਾਰ ਦੇ ਰਹੇ ਹਨ। ਉਨ੍ਹਾਂ ਮੁਤਾਬਕ ਅਰਵਿੰਦ ਕੇਜਰੀਵਾਲ ਨੇ ਬਿਜਲੀ ਅਤੇ ਪਾਣੀ ਵਰਗੇ ਮੁੱਦਿਆਂ ’ਤੇ ਆਮ ਲੋਕਾਂ ਰਾਹਤ ਦੇ ਕੇ ਦਿੱਲੀ ਦੇ ਹਰ ਆਦਮੀ ਦੇ ਦਿਲ ਨੂੰ ਜਿੱਤਿਆ ਹੈ। ਇਸੇ ਤਰ੍ਹਾਂ ਸਰਕਾਰੀ ਸਕੂਲਾਂ ਦੀ ਬਿਹਤਰੀ, ਔਰਤਾਂ ਲਈ ਡੀ. ਟੀ. ਸੀ. ਬੱਸਾਂ ਅਤੇ ਮੈਟਰੋ 'ਚ ਮੁਫਤ ਸਫਰ ਵਰਗੇ ਫੈਸਲਿਆਂ ਨੇ ਦਿੱਲੀ ਦਾ ਦਿਲ ਜਿੱਤ ਲਿਆ।
ਜਿੱਤ ਤੋਂ ਬਾਅਦ ਆਪ ਆਗੂ ਭਗਵੰਤ ਮਾਨ ਨੇ ਦਿੱਲੀ ’ਚ ਵੋਟਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਭਾਜਪਾ ਅਤੇ ਕਾਂਗਰਸ ਆਪਣੇ ਆਪ ਨੂੰ ਵੱਡੀਆਂ ਪਾਰਟੀਆਂ ਕਹਾਉਂਦੀਆਂ ਸਨ ਪਰ ਦਿੱਲੀ ਦੇ ਅਰਵਿੰਦ ਕੇਜਰੀਵਾਲ ਨੇ ਇਨ੍ਹਾਂ ਪਾਰਟੀਆਂ ਦੇ ਮੂੰਹ ਬੰਦ ਕਰ ਕੇ ਰੱਖ ਦਿੱਤੇ ਹਨ। ਮਾਨ ਨੇ ਇਹ ਦਾਅਵਾ ਵੀ ਕੀਤਾ ਕਿ ਹੁਣ ਦਿੱਲੀ ਤੋਂ ਬਾਅਦ ਪੰਜਾਬ ’ਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ। ਇਸੇ ਤਰ੍ਹਾਂ ਬੀਬੀ ਸਰਬਜੀਤ ਕੌਰ ਮਾਣੂਕੇ ਨੇ ਇਸ ਜਿੱਤ ਸਬੰਧੀ ਬੋਲਦਿਆਂ ਕਿਹਾ ਕਿ ਇਸ ਜਿੱਤ ਨਾਲ ਧਰਮ ਦੇ ਨਾਂ ’ਤੇ ਸਿਆਸਤ ਕਰਨ ਵਾਲਿਆਂ ਨੂੰ ਕਰਾਰਾ ਜਵਾਬ ਮਿਲਿਆ ਹੈ। ਇਸ ਜਿੱਤ ਦੇ ਨਾਲ ਪੰਜਾਬ ਦੇ ਵਰਕਰਾਂ ਅਤੇ ਆਗੂਆਂ ’ਚ ਕਾਫੀ ਜੋਸ਼ ਦੇਖਣ ਨੂੰ ਮਿਲ ਰਿਹਾ ਹੈ, ਜਿਸ ਦਾ ਅਸਰ ਆਉਂਣ ਵਾਲੇ ਦਿਨਾਂ ’ਚ ਪੰਜਾਬ ਦੀ ਸਿਆਸਤ ’ਤੇ ਪੈਣਾ ਲਾਜ਼ਮੀ ਹੈ। 
ਦੂਜੇ ਪਾਸੇ ਪੰਜਾਬ ਕਾਂਗਰਸ ਦੇ ਮੰਤਰੀ ਇਸ ਜਿੱਤ ਨੂੰ ਆਪਣੀ ਰਣਨੀਤਕ ਜਿੱਤ ਕਰਾਰ ਦੇ ਰਹੇ ਹਨ।  ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਸ ਜਿੱਤ ਸਬੰਧੀ ਕਿਹਾ ਹੈ ਕਿ ਦਿੱਲੀ ਵਿਚ ਮੁੱਖ ਮਕਸਦ ਭਾਜਪਾ ਨੂੰ ਹਰਾਉਣਾ ਸੀ, ਜਿਸ ਵਿਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਕਾਮਯਾਬ ਹੋਈ ਹੈ। ਕਾਂਗਰਸੀ ਮੰਤਰੀ ਦੀਆਂ ਗੱਲਾਂ 'ਆਪ' ਅਤੇ ਕਾਂਗਰਸ ਦੇ ਅੰਦਰੂਨੀ ਗਠਜੋੜ ਵੱਲ ਸੰਕੇਤ ਹਨ। ਇਸ ਜਿੱਤ ਸਬੰਧੀ ਬੋਲਦਿਆਂ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਵਿਕਾਸ ਦੇ ਨਾਂ ’ਤੇ ਹੋਈ ਜਿੱਤ ਹੈ।  ਦਿੱਲੀ ਵਿਚ ਹੋਈ ਜਿੱਤ ਦੇ ਕਾਰਨ ਭਾਵੇਂ ਕੁਝ ਵੀ ਹੋਣ ਪਰ ਇਸ ਵਿਚ ਕੋਈ ਸ਼ੱਕ ਨਹੀਂ ਕਿ ਇਸ ਜਿੱਤ ਨਾਲ ਪੰਜਾਬ ਵਿਚ ਖੇਰੂੰ-ਖੇਰੂੰ ਹੋਈ ‘ਆਪ’ ਨੂੰ ਆਕਸੀਜ਼ਨ ਜ਼ਰੂਰ ਮਿਲੇਗੀ। 


author

jasbir singh

News Editor

Related News