ਕਿਸਾਨ ਸੰਘਰਸ਼ ਦੀ ਲੜਾਈ ਲੜਨ ਦਿੱਲੀ ਮੋਰਚੇ ’ਚ ਗਏ ਕਿਸਾਨ ਦੀ ਹੋਈ ਮੌਤ

04/06/2021 3:00:03 PM

ਭਿਖੀਵਿੰਡ, ਖਾਲੜਾ (ਭਾਟੀਆ) - ਕਿਸਾਨ ਸੰਘਰਸ਼ ਮਜ਼ਦੂਰ ਕਮੇਟੀ ਪੰਜਾਬ ਦੀ ਅਗਵਾਈ ਹੇਠ ਚੱਲ ਰਹੇ ਦਿੱਲੀ ਮੋਰਚੇ ’ਚ ਪਿੰਡ ਮਾਡ਼ੀਮੇਘਾ ਦੇ ਬਜ਼ੁਰਗ ਕਿਸਾਨ ਗੁਰਬਚਨ ਸਿੰਘ ਦੀ ਮਾਮੂਲੀ ਬੀਮਾਰੀ ਮਗਰੋਂ ਮੌਤ ਹੋ ਜਾਣ ਸਮਾਚਾਰ ਪ੍ਰਾਪਤ ਹੋਇਆ ਹੈ। ਕਿਸਾਨ ਦੀ ਮ੍ਰਿਤਕ ਦੇਹ ਦਾ ਉਨ੍ਹਾਂ ਦੇ ਜੱਦੀ ਪਿੰਡ ਮਾੜੀਮੇਘਾ ਵਿਖੇ ਵੱਡੀ ਗਿਣਤੀ ’ਚ ਹਾਜ਼ਰ ਕਿਸਾਨਾਂ ਵਲੋਂ ਸ਼ਰਧਾਜਲੀਆਂ ਦੇਣ ਉਪਰੰਤ ਅੰਤਿਮ ਸਸਕਾਰ ਕਰ ਦਿੱਤਾ ਗਿਆ। 

ਇਸ ਮੌਕੇ ਜੋਨ ਸ਼ਹੀਦ ਭਾਈ ਤਾਰੂ ਸਿੰਘ ਪੂਹਲਾ ਦੇ ਪ੍ਰਧਾਨ ਗੁਰਸਾਹਿਬ ਸਿੰਘ ਤੇ ਮਹਿਲ ਸਿੰਘ ਬੁਗ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਿਸਾਨ ਗੁਰਬਚਨ ਸਿੰਘ 2 ਦਿਨ ਪਹਿਲਾਂ ਹੀ ਦਿੱਲੀ ਮੋਰਚੇ ਤੋਂ ਪਿੰਡ ਮਾੜੀਮੇਘਾ ਪਰਤੇ ਸਨ। ਦੋ ਮਾਰਚ 2021 ਨੂੰ ਪਿੰਡ ਮਾੜੀਮੇਘਾ ਤੋਂ ਰਵਾਨਾ ਹੋਏ ਜਥੇ ਵਿਚ ਦਿੱਲੀ ਕਿਸਾਨੀ ਅੰਦੋਲਨ ’ਚ ਹਿੱਸਾ ਲੈਣ ਗਏ ਸਨ। 31 ਮਾਰਚ 2021 ਨੂੰ ਇਨ੍ਹਾਂ ਦੀ ਸਿਹਤ ਖ਼ਰਾਬ ਹੋਣ ਕਰਕੇ ਦਿੱਲੀ ਤੋਂ ਉਨ੍ਹਾਂ ਨੂੰ ਪਿੰਡ ਮਾੜੀਮੇਘਾ ਲਈ ਭੇਜ ਦਿੱਤਾ ਗਿਆ, ਜਿੰਨ੍ਹਾਂ ਨੂੰ ਠੰਡ ਅਤੇ ਬੁਖਾਰ ਹੋਣ ਕਾਰਨ ਪਰਿਵਾਰ ਤੇ ਪਿੰਡ ਵਾਸੀਆਂ ਨੇ ਇਕ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਪਰ ਉਨ੍ਹਾਂ ਦੀ ਹਾਲਤ ਨੂੰ ਦੇਖਦਿਆਂ ਦੋ ਦਿਨ ਹਸਪਤਾਲ ’ਚ ਰੱਖ ਕੇ ਡਾਕਟਰਾਂ ਵੱਲੋਂ ਜਵਾਬ ਦੇ ਦਿੱਤਾ ਗਿਆ । ਕਿਸਾਨ ਗੁਰਬਚਨ ਸਿੰਘ ਨੇ ਆਪਣੇ ਘਰ ’ਚ ਅੱਜ ਆਖਰੀ ਸਾਹ ਲਿਆ ਅਤੇ ਉਨ੍ਹਾਂ ਦੀ ਮੋਤ ਹੋ ਗਈ । 

ਉਨ੍ਹਾਂ ਜਾਣਕਾਰੀ ਦਿੱਤੀ ਕਿ ਕਿਸਾਨ ਗੁਰਬਚਨ ਸਿੰਘ ਦੇ ਪੁੱਤਰ ਦੀ 15 ਸਾਲ ਪਹਿਲਾਂ ਮੌਤ ਹੋ ਗਈ ਸੀ। ਹੁਣ ਪਰਿਵਾਰ ਵਿਚ ਦੋ ਪੋਤਰੇ ਅਤੇ ਇਕ ਵਿਧਵਾ ਨੂੰਹ ਹੈ ਅਤੇ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਲ ਨਾਲ ਚਲਦਾ ਸੀ। ਪ੍ਰਧਾਨ ਗੁਰਸਾਹਿਬ ਸਿੰਘ ਪਹੂਵਿੰਡ ਅਤੇ ਇਕਾਈ ਪ੍ਰਧਾਨ ਮਹਿਲ ਸਿੰਘ ਬੁਗ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਸਿਰ ਸਰਕਾਰੀ ਤੇ ਗੈਰ ਸਰਕਾਰੀ ਕਰਜ਼ਾ ਮੁਆਫ ਕੀਤਾ ਜਾਵੇ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਪਰਿਵਾਰ ਨੂੰ 10 ਲਖ ਰੁਪਏ ਦੀ ਮਾਲੀ ਮਦਦ ਦਿੱਤੀ ਜਾਵੇ। ਇਸ ਮੌਕੇ ਮੀਤ ਪ੍ਰਧਾਨ ਮਾਨ ਸਿੰਘ, ਗੁਰਲਾਲ ਸਿੰਘ ਮਾੜੀਮੇਘਾ, ਨਿਸ਼ਾਨ ਸਿੰਘ ਮਾੜੀਮੇਗਾ, ਕੁਲਦੀਪ ਸਿੰਘ ਮਾੜੀਮੇਘਾ, ਮਨਦੀਪ ਸਿੰਘ, ਕੁਲਵਿੰਦਰ ਸਿੰਘ ਵਾਂ, ਬਲਵਿੰਦਰ ਸਿੰਘ ਪਹਿਲਵਾਨ ਅਤੇ ਜੋਨ ਪ੍ਰੈੱਸ ਸਕਤਰ ਜਗਮੀਤ ਸਿੰਘ ਕਲਸੀ ਆਦਿ ਹਾਜ਼ਰ ਸਨ ।


rajwinder kaur

Content Editor

Related News