ਦਿੱਲੀ ਸਰਕਾਰ ਨੇ ਮੈਡੀਕਲ ਸਰਟੀਫਿਕੇਟ ਦੇ ਕੇ ਪੰਜਾਬ ਲਈ ਵਿਦਾ ਕੀਤੇ 350 ਪੰਜਾਬੀ

Monday, May 11, 2020 - 12:25 AM (IST)

ਦਿੱਲੀ ਸਰਕਾਰ ਨੇ ਮੈਡੀਕਲ ਸਰਟੀਫਿਕੇਟ ਦੇ ਕੇ ਪੰਜਾਬ ਲਈ ਵਿਦਾ ਕੀਤੇ 350 ਪੰਜਾਬੀ

ਚੰਡੀਗੜ੍ਹ, (ਰਮਨਜੀਤ)— ਕੋਰੋਨਾ ਮਹਾਮਾਰੀ ਕਾਰਨ ਲਾਕਡਾਊਨ ਦੌਰਾਨ ਦਿੱਲੀ 'ਚ ਫਸੇ ਲਗਭਗ 350 ਪੰਜਾਬੀਆਂ ਨੂੰ ਅੱਜ ਦਿੱਲੀ ਸਰਕਾਰ ਨੇ ਡਾਕਟਰੀ ਜਾਂਚ ਕਰਾਉਣ ਉਪਰੰਤ ਫਿਟਨੈੱਸ ਸਰਟੀਫਿਕੇਟ ਦੇ ਕੇ ਪੰਜਾਬ ਲਈ ਵਿਦਾ ਕਰ ਦਿੱਤੇ ਹਨ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਨਾਲ ਸੰਬੰਧਿਤ ਇਹ ਪੰਜਾਬੀ ਦਿੱਲੀ 'ਚ ਗੁਰਦੁਆਰਾ ਮਜਨੂੰ ਕਾ ਟਿੱਲਾ ਸਮੇਤ ਵੱਖ-ਵੱਖ ਥਾਵਾਂ 'ਤੇ ਇਕਾਂਤਵਾਸ ਸਨ। ਦਿੱਲੀ ਦੇ ਤਿਲਕ ਨਗਰ ਤੋਂ 'ਆਪ' ਵਿਧਾਇਕ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਅਤੇ ਤਿਮਾਰਪੁਰ ਹਲਕੇ ਤੋਂ ਵਿਧਾਇਕ ਦਿਲੀਪ ਪਾਂਡੇ ਨੇ ਸਥਾਨਕ ਅਧਿਕਾਰੀਆਂ ਦੀ ਮੌਜੂਦਗੀ 'ਚ ਇਨ੍ਹਾਂ ਪੰਜਾਬੀਆਂ ਨੂੰ ਪੰਜਾਬ ਲਈ ਰਵਾਨਾ ਕੀਤਾ ਅਤੇ ਇਸ ਲਈ ਦਿੱਲੀ ਸਰਕਾਰ ਦੇ ਨਾਲ-ਨਾਲ ਪੰਜਾਬ ਅਤੇ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ। 'ਆਪ' ਹੈਡਕੁਆਰਟਰ ਤੋਂ ਜਾਰੀ ਬਿਆਨ ਰਾਹੀਂ ਜਰਨੈਲ ਸਿੰਘ ਨੇ ਦੱਸਿਆ ਕਿ ਪੰਜਾਬ ਨਾਲ ਸਬੰਧਿਤ ਇਨ੍ਹਾਂ ਨਾਗਰਿਕਾਂ ਨੂੰ ਵੱਖ-ਵੱਖ ਥਾਵਾਂ 'ਤੇ ਇਕਾਂਵਾਸ ਕੀਤਾ ਹੋਇਆ ਸੀ। ਇਸ ਦੌਰਾਨ ਇਨ੍ਹਾਂ ਦੇ ਰਹਿਣ ਸਹਿਣ ਤੋਂ ਲੈ ਕੇ ਲਗਾਤਾਰ ਡਾਕਟਰੀ ਜਾਂਚ ਦੇ ਆਲਾ-ਮਿਆਰੀ ਪ੍ਰਬੰਧ ਕੀਤੇ ਗਏ। ਜਿਨ੍ਹਾਂ ਤੋਂ ਇਹ ਸਾਰੇ ਨਾਗਰਿਕ ਪੂਰੀ ਤਰ੍ਹਾਂ ਸੰਤੁਸ਼ਟ ਹਨ।

ਜਰਨੈਲ ਸਿੰਘ ਨੇ ਦੱਸਿਆ ਕਿ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਇਨ੍ਹਾਂ ਪੰਜਾਬੀਆਂ ਅਤੇ ਦਿੱਲੀ ਸਰਕਾਰ ਦਰਮਿਆਨ ਲਗਾਤਾਰ ਪੈਰਵੀ ਕਰ ਰਹੇ ਸਨ। ਹਰਪਾਲ ਚੀਮਾ ਵੱਲੋਂ ਲਿਖੇ ਗਏ ਪੱਤਰਾਂ ਦੇ ਹਵਾਲੇ ਨਾਲ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ 28 ਅਪ੍ਰੈਲ ਨੂੰ ਭਰੋਸਾ ਦਿੱਤਾ ਸੀ ਕਿ ਪੰਜਾਬ ਸਰਕਾਰ ਇਨ੍ਹਾਂ ਦੀ ਘਰ ਵਾਪਸੀ ਲਈ ਲੋੜੀਂਦੇ ਕਦਮ ਉਠਾ ਰਹੀ ਹੈ। ਜਰਨੈਲ ਸਿੰਘ ਨੇ ਦੱਸਿਆ ਕਿ ਦਿੱਲੀ ਦੀ ਕੇਜਰੀਵਾਲ ਸਰਕਾਰ, ਪੰਜਾਬ ਦੀ ਕੈਪਟਨ ਸਰਕਾਰ ਅਤੇ ਕੇਂਦਰ ਸਰਕਾਰ ਦੇ ਯਤਨਾਂ ਨਾਲ ਇਹ ਸਾਰੇ ਨਾਗਰਿਕ ਪੂਰੀ ਤਰ੍ਹਾਂ ਤੰਦਰੁਸਤ ਹਨ, ਇਨ੍ਹਾਂ ਸਭ ਨੂੰ ਰਸਤੇ ਲਈ ਸੈਨੀਟਾਈਜ਼ਰ ਸਮੇਤ ਬਾਕੀ ਲੋੜੀਂਦੀਆਂ ਚੀਜ਼ਾਂ ਮੁਹੱਈਆ ਕੀਤੀਆਂ ਗਈਆਂ ਹਨ, ਫਿਰ ਵੀ ਸਾਵਧਾਨੀ ਵਜੋਂ ਪੰਜਾਬ ਸਰਕਾਰ ਇਨ੍ਹਾਂ ਨੂੰ ਪੰਜਾਬ ਲੋੜੀਂਦੀ ਇਕਾਂਤਵਾਸ ਰੱਖ ਕੇ ਇਨ੍ਹਾਂ ਦੇ ਘਰਾਂ 'ਚ ਭੇਜਣਾ ਯਕੀਨੀ ਬਣਾਵੇ।


author

KamalJeet Singh

Content Editor

Related News