ਪੰਜਾਬ ਦੀ ਸਿਆਸਤ ਨਾਲ ''ਦਿੱਲੀ ਚੋਣ ਨਤੀਜਿਆਂ'' ਦਾ ਡੂੰਘਾ ਸਬੰਧ

Wednesday, Feb 12, 2020 - 10:21 AM (IST)

ਪੰਜਾਬ ਦੀ ਸਿਆਸਤ ਨਾਲ ''ਦਿੱਲੀ ਚੋਣ ਨਤੀਜਿਆਂ'' ਦਾ ਡੂੰਘਾ ਸਬੰਧ

ਚੰਡੀਗੜ੍ਹ : ਦਿੱਲੀ ਵਿਧਾਨ ਸਭਾ ਚੋਣਾਂ 'ਚ ਤੀਜੀ ਵਾਰ ਜਿੱਤ ਹਾਸਲ ਕਰਕੇ ਆਮ ਆਦਮੀ ਪਾਰਟੀ ਨੇ ਜਿੱਥੇ ਦੇਸ਼ ਲਈ ਨਵੀਂ ਸਿਆਸਤ ਦਾ ਆਗਾਜ਼ ਕੀਤਾ ਹੈ, ਉੱਥੇ ਹੀ ਇਨ੍ਹਾਂ ਚੋਣ ਨਤੀਜਿਆਂ ਦਾ ਪੰਜਾਬ ਦੀ ਸਿਆਸਤ ਨਾਲ ਡੂੰਘਾ ਸਬੰਧ ਮੰਨਿਆ ਜਾ ਰਿਹਾ ਹੈ ਕਿਉਂਕਿ 'ਆਪ' ਦਾ ਦਿੱਲੀ ਤੋਂ ਬਾਅਦ ਪ੍ਰਭਾਵਸ਼ਾਲੀ ਅਸਰ ਪੰਜਾਬ 'ਚ ਹੀ ਹੈ ਅਤੇ ਇਹ ਨਤੀਜੇ ਪੰਜਾਬ ਲਈ ਕਈ ਪੱਖਾਂ ਤੋਂ ਵਿਚਾਰਨ ਯੋਗ ਹਨ।
ਸਾਲ 2015 'ਚ ਦਿੱਲੀ ਵਿਧਾਨ ਸਭਾ ਦੀਆਂ 70 'ਚੋਂ 67 ਸੀਟਾਂ ਲਿਜਾਣ ਨਾਲ ਅਰਵਿੰਦ ਕੇਜਰੀਵਾਲ ਅਤੇ 'ਆਪ' ਦਾ ਡੰਕਾ ਵੱਜਣ ਲੱਗ ਪਿਆ।

ਅਕਾਲੀ-ਭਾਜਪਾ ਗਠਜੋੜ ਤੇ ਕਾਂਗਰਸ ਤੋਂ ਅੱਗੇ ਲੋਕਾਂ ਵਲੋਂ ਸੰਸਦੀ ਚੋਣਾਂ ਦੇ ਫਤਵੇ ਨੇ 'ਆਪ' ਨੂੰ ਪੰਜਾਬ ਵਿਧਾਨ ਸਭਾ ਦੀਆਂ ਫਰਵਰੀ, 2017 ਦੀਆਂ ਚੋਣਾਂ ਜਿੱਤਣ ਦੀ ਉਮੀਦ ਦੇ ਦਿੱਤੀ। ਕੇਜਰੀਵਾਲ ਤੇ ਉਨ੍ਹਾਂ ਦੀ ਟੀਮ ਨੇ ਨਵਾਂ ਪੰਜਾਬ ਬਣਾਉਣ ਦੇ ਸੁਪਨੇ ਵੀ ਦਿਖਾਏ ਪਰ ਕੋਈ ਖਾਕਾ ਤਿਆਰ ਨਹੀਂ ਸੀ। ਦੂਜੇ ਪਾਸੇ ਹੋਰਨਾ ਪਾਰਟੀਆਂ ਦੇ ਹਾਈਕਮਾਨ ਸੱਭਿਆਚਾਰ ਦੀ ਗ੍ਰਿਫਤ 'ਚੋਂ 'ਆਪ' ਵੀ ਬਾਹਰ ਨਾ ਆ ਸਕੀ ਅਤੇ ਪੰਜਾਬ ਦੇ ਹਰ ਆਗੂ ਨੂੰ ਜਦੋਂ ਚਾਹੋ ਪਾਰਟੀ 'ਚੋਂ ਕੱਢਣ ਅਤੇ ਜਿਸ ਨੂੰ ਚਾਹੋ ਸ਼ਾਮਲ ਕਰਨ ਦੀ ਨੀਤੀ ਵੀ 'ਆਪ' ਦੇ ਖਿਲਾਫ ਭੁਗਤ ਗਈ।

ਨਵਜੋਤ ਸਿੰਘ ਸਿੱਧੂ ਸਮੇਤ ਕਈ ਹੋਰ ਆਗੂਆਂ ਨਾਲ ਚੱਲਦੀ ਗੱਲਬਾਤ ਵਿਚਕਾਰੋਂ ਟੁੱਟ ਗਈ ਅਤੇ ਮਗਰੋਂ ਸਿੱਧੂ ਕਾਂਗਰਸ ਵਲੋਂ ਚੋਣ ਜਿੱਤ ਕੇ ਮੰਤਰੀ ਬਣ ਗਏ। 'ਆਪ' ਪੰਜਾਬ 'ਚ ਭਰੋਸੇਯੋਗ ਲੀਡਰਸ਼ਿਪ ਤੇ ਪਾਰਟੀ ਦਾ ਜੱਥੇਬੰਦਕ ਢਾਂਚਾ ਕਾਇਮ ਕਰਨ ਤੋਂ ਖੁੰਝ ਗਈ। ਬਹੁਤ ਘੱਟ ਸਮੇਂ 'ਚ ਅੰਦਰੂਨੀ ਘਮਸਾਨ ਨੇ 'ਆਪ' ਦਾ ਤੀਲਾ-ਤੀਲਾ ਖਿੰਡਾਉਣਾ ਸ਼ੁਰੂਬ ਕਰ ਦਿੱਤਾ। ਮੌਜੂਦਾ ਸਥਿਤੀ 'ਚ ਭਾਜਪਾ ਵਲੋਂ ਅਕਾਲੀ ਦਲ ਨੂੰ ਦਿੱਲੀ 'ਚ ਇਕ ਵੀ ਸੀਟ ਨਾ ਦਿੱਤੇ ਜਾਣ ਦੇ ਬਾਵਜੂਦ ਅਕਾਲੀ ਦਲ ਨੇ ਭਾਜਪਾ ਉਮੀਦਵਾਰਾਂ ਦੀ ਹਮਾਇਤ ਕਰਨ ਦਾ ਐਲਾਨ ਕੀਤਾ ਸੀ। ਮੰਨਿਆ ਜਾ ਰਿਹਾ ਹੈ ਕਿ ਅਕਾਲੀ ਆਗੂ, ਭਾਜਪਾ ਦੀ ਹਾਰ ਤੋਂ ਖੁਸ਼ ਹਨ ਪਰ 'ਆਪ' ਦੇ ਜਿੱਤਣ ਨਾਲ ਚਿੰਤਤ ਵੀ ਹਨ। ਅਕਾਲੀ ਦਲ ੱਅੰਦਰੂਨੀ ਸੰਕਟ ਦਾ ਸਾਹਮਣਾ ਵੀ ਕਰ ਰਿਹਾ ਹੈ।

ਸੁਖਦੇਵ ਸਿੰਘ ਢੀਂਡਸਾ, ਪਰਮਿੰਦਰ ਢੀਂਡਸਾ ਅਤੇ ਹੋਰ ਆਗੂ ਸੁਖਬੀਰ ਬਾਦਲ ਦੀ ਲੀਡਰਸ਼ਿਪ ਨੂੰ ਚੁਣੌਤੀ ਦੇ ਰਹੇ ਹਨ। ਭਾਵੇਂ ਸੁਖਬੀਰ ਬਾਦਲ ਪਾਰਟੀ ਨੂੰ ਸਰਗਰਮ ਕਰਨ ਲਈ ਰੈਲੀਆਂ ਕਰ ਰਹੇ ਹਨ ਪਰ ਪਹਿਲਾਂ ਹੀ ਲੱਗੇ ਇਲਜ਼ਾਮ ਅਕਾਲੀ ਦਲ ਦਾ ਪਿੱਛਾ ਨਹੀਂ ਛੱਡ ਰਹੇ। ਕੈਪਟਨ ਅਮਰਿੰਦਰ ਸਿੰਘ ਦੀ 3 ਸਾਲਾਂ ਦੀ ਕਾਰਗੁਜ਼ਾਰੀ ਲੋਕਾਂ ਲਈ ਪਰੇਸ਼ਾਨੀ ਦਾ ਸਬੱਬ ਬਣੀ ਹੋਈ ਹੈ। ਅਜਿਹੇ 'ਚ ਆਮ ਆਦਮੀ ਪਾਰਟੀ ਵਲੋਂ ਦਿੱਲੀ 'ਚ ਵੱਡੀ ਜਿੱਤ ਹਾਸਲ ਕਰਨ 'ਤੇ ਪੰਜਾਬ ਦੀ ਸਿਆਸਤ ਵੀ ਹਲਚਲ ਮਚ ਗਈ ਹੈ।


author

Babita

Content Editor

Related News