ਦਿੱਲੀ ਵਿਧਾਨ ਸਭਾ ਚੋਣਾਂ ਤੈਅ ਕਰਨਗੀਆਂ ਅਕਾਲੀ ਦਲ (ਬ) ਦੇ ਸਿਆਸੀ ਭਵਿੱਖ ਦਾ ਫ਼ੈਸਲਾ!

Thursday, Jan 30, 2020 - 01:54 PM (IST)

ਦਿੱਲੀ ਵਿਧਾਨ ਸਭਾ ਚੋਣਾਂ ਤੈਅ ਕਰਨਗੀਆਂ ਅਕਾਲੀ ਦਲ (ਬ) ਦੇ ਸਿਆਸੀ ਭਵਿੱਖ ਦਾ ਫ਼ੈਸਲਾ!

ਪਟਿਆਲਾ/ਰੱਖੜਾ (ਰਾਣਾ): ਪੂਰੇ ਭਾਰਤ ਵਾਸੀਆਂ ਦਾ ਧਿਆਨ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ 'ਤੇ ਟਿਕਿਆ ਹੋਇਆ ਹੈ। ਇਹ ਚੋਣਾਂ ਪੰਜਾਬ ਦੇ ਸ਼੍ਰੋਮਣੀ ਅਕਾਲੀ ਦਲ (ਬ) ਅਤੇ ਸਿੱਖ ਕੌਮ ਦੇ ਆਗੂਆਂ ਦਾ ਧਾਰਮਕ ਅਤੇ ਸਿਆਸੀ ਭਵਿੱਖ ਤੈਅ ਕਰਨਗੀਆਂ। ਹੈਰਾਨੀ ਦੀ ਗੱਲ ਤਾਂ ਇਹ ਕਿ ਦਿੱਲੀ ਵਿਧਾਨ ਸਭਾ ਚੋਣਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਨਾ ਲੜਨ ਦੇ ਫੈਸਲੇ ਕਾਰਣ ਪੂਰੀ ਸਿੱਖ ਕੌਮ ਦੀ ਵੋਟ ਭਾਜਪਾ, ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਖੇਮੇ ਵਿਚ ਜਾਵੇਰੀ। ਸਥਾਨਕ ਸਿੱਖ ਆਗੂਆਂ ਨੂੰ ਆਪਣੇ ਅਗਾਮੀ ਭਵਿੱਖ ਦੀ ਚਿੰਤਾ ਸਤਾਉਣ ਲੱਗ ਪਈ ਹੈ।

ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਂਦਿਆਂ ਹੀ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਜਿਥੇ ਇਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਆਗੂਆਂ ਦੇ ਆਗੂ ਸੁਖਦੇਵ ਸਿੰਘ ਢੀਂਡਸਾ ਵੱਲੋਂ ਤੁਰੰਤ ਕਰਵਾਉਣ ਲਈ ਭਾਜਪਾ ਆਗੂਆਂ 'ਤੇ ਦਬਾਅ ਬਣਾਇਆ ਜਾ ਰਿਹਾ ਹੈ, ਉਥੇ ਹੀ ਦੂਜੇ ਪਾਸੇ ਦਿੱਲੀ ਤੋਂ ਬਾਅਦ ਪੰਜਾਬ ਵਿਚ ਐੱਸ. ਜੀ. ਪੀ. ਸੀ. ਦੀਆਂ ਚੋਣਾਂ ਕਰਵਾਉਣ ਲਈ ਵੀ ਵਿਉਂਤਬੰਦੀ ਕੀਤੀ ਜਾ ਰਹੀ ਹੈ।

ਭਾਜਪਾ ਆਗੂ ਜਿੱਥੇ ਪੰਜਾਬ ਵਿਚ ਆਪਣੀ ਪਾਰਟੀ ਦੇ ਵਿਸਥਾਰ ਲਈ ਅੱਡੀ-ਚੋਟੀ ਦਾ ਜ਼ੋਰ ਲਾ ਰਹੇ ਹਨ, ਉਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਆਗੂਆਂ ਦੇ ਵੀ ਸਿੱਧੇ ਸੰਪਰਕ ਵਿਚ ਹੋਣ ਕਾਰਣ ਸਿਆਸਤ ਦੇ 'ਬਾਬਾ ਬੋਹੜ' ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਰਮ ਰੁਖ ਦੇ ਉਲਟ ਭਾਜਪਾ ਆਗੂਆਂ ਵੱਲੋਂ ਤਿੱਖੇ ਤੇਵਰਾਂ ਵਾਲੇ ਬਿਆਨ ਪੂਰੀ ਸਿੱਖ ਕੌਮ ਦੀ ਬਰਦਾਸ਼ਤ ਤੋਂ ਬਾਹਰ ਹਨ। ਭਾਜਪਾ ਦੇ ਕੌਮੀ ਪ੍ਰਧਾਨ ਜੇ. ਪੀ. ਨੱਢਾ ਵੱਲੋਂ ਸੁਖਦੇਵ ਸਿੰਘ ਢੀਂਡਸਾ ਨੂੰ ਮਿਲ ਕੇ ਵਿਚਾਰ-ਚਰਚਾ ਕਰਨਾ ਵੀ ਸਿੱਖ ਹਲਕਿਆਂ 'ਚ ਪੂਰੀ ਚਰਚਾ ਵਿਚ ਹੈ।
ਜੇ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਤੁਰੰਤ ਬਾਅਦ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਹੋਣ ਦੀ ਕਾਰਵਾਈ ਆਰੰਭ ਹੋ ਜਾਂਦੀ ਹੈ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿਰੋਧੀ ਸਮੁੱਚੇ ਦਲ ਅਤੇ ਆਗੂ ਇਕੱਠੇ ਹੋ ਕੇ ਭਾਜਪਾ ਦੀ ਛਤਰ-ਛਾਇਆ ਹੇਠ ਚੋਣ ਲੜਦੇ ਹਨ ਤਾਂ ਇਹ ਗੱਲ ਸੁਭਾਵਕ ਹੈ ਕਿ ਉਹ ਸੱਤਾ 'ਤੇ ਕਾਬਜ਼ ਹੋ ਸਕਦੇ ਹਨ। ਜੇਕਰ ਕਿਸੇ ਕਾਰਣ ਕਾਬਜ਼ ਨਾ ਵੀ ਹੋ ਸਕੇ ਤਾਂ ਕਾਮਯਾਬ ਵਿਰੋਧੀ ਧਿਰ ਵਜੋਂ ਜ਼ਰੂਰ ਸਥਾਪਤ ਹੋ ਸਕਦੇ ਹਨ। ਇਹ ਸਥਾਪਤ ਧਿਰ ਪੰਜਾਬ ਅੰਦਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਲੰਮਾ ਸਮਾਂ ਕਾਬਜ਼ ਰਹਿਣ ਵਾਲੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਕਬਜ਼ੇ ਨੂੰ ਖਤਮ ਕਰਨ ਲਈ ਕਮਰਕੱਸੇ ਕਰ ਸਕਦੀ ਹੈ।

ਦੱਸਣਯੋਗ ਹੈ ਕਿ ਜੇਕਰ ਐੱਸ. ਜੀ. ਪੀ. ਸੀ. 'ਤੇ ਇਕ ਵਾਰ ਸ਼੍ਰੋਮਣੀ ਅਕਾਲੀ ਦਲ ਤੋਂ ਬਾਹਰੀ ਧਿਰ ਕਬਜ਼ਾ ਕਰਨ ਵਿਚ ਸਫਲ ਹੋ ਜਾਂਦੀ ਹੈ ਤਾਂ ਵਿਧਾਨ ਸਭਾ 2022 ਦੀਆਂ ਚੋਣਾਂ ਵਿਚ ਉਹ ਧਿਰ ਹੀ ਪੰਜਾਬ ਦੀ ਸੱਤਾ 'ਤੇ ਸਿੱਧੇ ਰੂਪ ਵਿਚ ਕਾਬਜ਼ ਹੋਵੇਗੀ। ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਜੇਕਰ ਭਾਜਪਾ ਆਪਣੀ ਪੁਰਾਣੀ ਭਾਈਵਾਲ ਪਾਰਟੀ ਨਾਲੋਂ ਗਠਜੋੜ ਤੋੜ ਦਿੰਦੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂਆਂ ਨੂੰ ਪਾਰਟੀ ਦੀ ਹੋਂਦ ਬਚਾਉਣੀ ਵੀ ਮੁਸ਼ਕਲ ਹੋ ਜਾਵੇਗੀ।  


author

Shyna

Content Editor

Related News