ਪੰਜਾਬ ਦੇ ''ਆਪ'' ਵਿਧਾਇਕ ਤੇ ਜ਼ਿਲਾ ਪੱਧਰੀ ਅਹੁਦੇਦਾਰ ਚੋਣ ਪ੍ਰਚਾਰ ਲਈ ਪੁੱਜੇ ਦਿੱਲੀ
Thursday, Jan 30, 2020 - 01:10 AM (IST)

ਚੰਡੀਗੜ੍ਹ,(ਰਮਨਜੀਤ)- ਦਿੱਲੀ ਵਿਧਾਨ ਸਭਾ ਚੋਣਾਂ ਦੇ ਰਣ 'ਚ ਪੰਜਾਬ ਦੇ ਆਪ ਵਿਧਾਇਕਾਂ ਦੇ ਨਾਲ-ਨਾਲ ਜ਼ਿਲਾ ਪੱਧਰ ਦੇ ਅਹੁਦੇਦਾਰਾਂ ਦੀਆਂ ਵੀ ਡਿਊਟੀਆਂ ਲਾਈਆਂ ਗਈਆਂ ਹਨ। ਆਮ ਆਦਮੀ ਪਾਰਟੀ (ਆਪ) ਦੇ ਕਰੀਬ ਸਾਰੇ ਜ਼ਿਲਾ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਨੂੰ ਵੱਖ-ਵੱਖ ਦਿਨਾਂ ਲਈ ਦਿੱਲੀ ਚੋਣ ਪ੍ਰਚਾਰ 'ਚ ਸ਼ਾਮਲ ਰਹਿਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਜਾਣਕਾਰੀ ਮੁਤਾਬਿਕ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਵਲੋਂ ਦਸੰਬਰ ਮਹੀਨੇ ਦੌਰਾਨ ਹੀ ਦਿੱਲੀ ਚੋਣ ਪ੍ਰਚਾਰ ਲਈ ਟੀਮਾਂ ਦੇ ਗਠਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ, ਜਿਸ ਨੂੰ ਚੋਣਾਂ ਦਾ ਐਲਾਨ ਹੋਣ ਦੇ ਤਤਕਾਲ ਬਾਅਦ ਸਰਗਰਮ ਕੀਤਾ ਗਿਆ ਅਤੇ ਦਿੱਲੀ ਵਿਧਾਨ ਸਭਾ ਦੀਆਂ ਵੱਖ-ਵੱਖ ਸੀਟਾਂ 'ਤੇ ਚੋਣ ਪ੍ਰਚਾਰ ਲਈ ਡਿਊਟੀਆਂ ਫਿਕਸ ਕਰ ਦਿੱਤੀਆਂ ਗਈਆਂ। ਆਮ ਆਦਮੀ ਪਾਰਟੀ ਵਲੋਂ ਇਸ ਕੰਮ ਲਈ ਦਿੱਲੀ ਅਤੇ ਪੰਜਾਬ ਦੋਵਾਂ ਜਗ੍ਹਾ 'ਤੇ 2 ਵੱਡੇ ਨੇਤਾਵਾਂ ਨੂੰ ਕੋ-ਆਰਡੀਨੇਟਰ ਦੇ ਤੌਰ 'ਤੇ ਤਾਇਨਾਤ ਕੀਤਾ ਗਿਆ ਹੈ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਸਾਹਮਣੇ ਨਾ ਆਵੇ।
ਆਪ ਪੰਜਾਬ ਦੀ ਕੋਰ ਕਮੇਟੀ ਦੇ ਮੈਂਬਰ ਮਨਜੀਤ ਸਿੰਘ ਸਿੱਧੂ ਨੇ ਕਿਹਾ ਕਿ ਭਾਵੇਂ ਹੀ ਦਿੱਲੀ ਵਿਧਾਨ ਸਭਾ ਚੋਣ 'ਚ ਆਮ ਆਦਮੀ ਪਾਰਟੀ ਕਾਫ਼ੀ ਆਰਾਮਦਾਇਕ ਜਗ੍ਹਾ 'ਚ ਹੈ ਪਰ ਫਿਰ ਵੀ ਪਾਰਟੀ ਵਲੋਂ ਕੋਈ ਵੀ ਕਮੀ ਨਹੀਂ ਛੱਡੀ ਜਾ ਰਹੀ। ਉਨ੍ਹਾਂ ਕਿਹਾ ਕਿ ਦਿੱਲੀ ਲਈ ਚੋਣ ਪ੍ਰਚਾਰ ਲਈ ਪੰਜਾਬ ਤੋਂ ਆਪ ਵਿਧਾਇਕਾਂ ਦੇ ਨਾਲ-ਨਾਲ ਜ਼ਿਲਾ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਵੀ ਡਿਊਟੀ ਲਾ ਦਿੱਤੀ ਗਈ ਹੈ ਅਤੇ ਉਨ੍ਹਾਂ ਦੇ ਤੈਅ ਕੀਤੇ ਗਏ ਦਿਨਾਂ ਮੁਤਾਬਿਕ ਸਾਰੇ ਆਪ ਨੇਤਾ ਅਤੇ ਕਰਮਚਾਰੀ ਦਿੱਲੀ ਲਈ ਰਵਾਨਾ ਹੋ ਰਹੇ ਹਨ। ਸਿੱਧੂ ਨੇ ਕਿਹਾ ਕਿ ਇਸ ਨਾਲ ਸਿਰਫ ਦਿੱਲੀ ਚੋਣ ਪ੍ਰਚਾਰ 'ਚ ਹੀ ਪਾਰਟੀ ਨੂੰ ਮਦਦ ਨਹੀਂ ਮਿਲ ਰਹੀ ਹੈ, ਸਗੋਂ ਪੰਜਾਬ ਨਾਲ ਜੁੜੇ ਨੇਤਾ ਦਿੱਲੀ 'ਚ ਮਿਲ ਰਹੇ ਰਿਸਪਾਂਸ ਤੋਂ ਉਤਸ਼ਾਹਿਤ ਹੋ ਰਹੇ ਹਨ, ਜਿਸ ਦਾ ਫਾਇਦਾ ਅਗਲੀਆਂ ਪੰਜਾਬ ਵਿਧਾਨ ਸਭਾ ਚੋਣਾਂ 'ਚ ਵੀ ਮਿਲੇਗਾ।