ਮਾਣਹਾਨੀ ਮਾਮਲੇ ''ਚ ਅਦਾਲਤ ਵਲੋਂ ਸਿਮਰਜੀਤ ਬੈਂਸ ਤਲਬ

Friday, Aug 02, 2019 - 07:48 PM (IST)

ਮਾਣਹਾਨੀ ਮਾਮਲੇ ''ਚ ਅਦਾਲਤ ਵਲੋਂ ਸਿਮਰਜੀਤ ਬੈਂਸ ਤਲਬ

ਪਟਿਆਲਾ: ਲੁਧਿਆਣਾ ਦੇ ਆਤਮ ਨਗਰ ਹਲਕੇ ਤੋਂ ਐਮ. ਐਲ. ਏ. ਤੇ ਲੋਕ ਇਨਸਾਫ਼ ਪਾਰਟੀ ਦੇ ਆਗੂ ਸਿਮਰਜੀਤ ਸਿੰਘ ਬੈਂਸ ਨੂੰ ਪਟਿਆਲਾ ਦੀ ਇੱਕ ਅਦਾਲਤ ਵਲੋਂ ਤਲਬ ਕੀਤਾ ਗਿਆ ਹੈ। ਵਿਧਾਇਕ ਬੈਂਸ ਵਿਰੁੱਧ ਪੰਜਾਬ ਦੇ ਸਥਾਨਕ ਸਰਕਾਰਾਂ ਵਿਭਾਗ ਬਾਰੇ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਮਾਣਹਾਨੀ ਦਾ ਇੱਕ ਫ਼ੌਜਦਾਰੀ ਮਾਮਲਾ ਦਾਇਰ ਕੀਤਾ ਹੋਇਆ ਸੀ, ਇਸੇ ਕੇਸ 'ਚ ਪਟਿਆਲਾ ਦੇ ਜੁਡੀਸ਼ੀਅਲ ਮੈਜਿਸਟਰੇਟ ਅਵਲ ਦਰਜਾ ਨਿਧੀ ਸੈਣੀ ਦੀ ਅਦਾਲਤ ਨੇ ਬੈਂਸ ਨੂੰ ਸੰਮਨ ਜਾਰੀ ਕਰਦਿਆਂ 2 ਸਤੰਬਰ 2019 ਨੂੰ ਅਦਾਲਤ ਚ ਪੇਸ਼ ਹੋਣ ਦੇ ਆਦੇਸ਼ ਜਾਰੀ ਕੀਤੇ ਹਨ। ਅਦਾਲਤ 'ਚ 1 ਅਗਸਤ ਨੂੰ ਹੋਈ ਸੁਣਵਾਈ ਦੌਰਾਨ ਕੈਬਨਿਟ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਵੱਲੋਂ ਪੇਸ਼ੀ ਤੋਂ ਛੋਟ ਲੈਣ ਲਈ ਅਰਜ਼ੀ ਦਾਇਰ ਕੀਤੀ ਗਈ ਸੀ।  ਇਨ੍ਹਾਂ ਜਾਰੀ ਹੋਏ ਸੰਮਨਾਂ ਦੀ ਪੁਸ਼ਟੀ ਕਰਦਿਆਂ ਸ਼ਿਕਾਇਤਕਰਤਾ ਧਿਰ ਦੇ ਵਕੀਲ ਸ. ਗੁਰਪ੍ਰੀਤ ਸਿੰਘ ਭਸੀਨ ਨੇ ਦੱਸਿਆ ਕਿ ਲੋਕ ਇਨਸਾਫ਼ ਪਾਰਟੀ ਦੇ ਲੁਧਿਆਣਾ ਤੋਂ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਵੱਲੋਂ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਵਿਰੁੱਧ ਦਵਾਈਆਂ ਦੀ ਕੰਪਨੀ ਸਬੰਧੀ ਝੂਠੇ ਦੋਸ਼ ਲਗਾਏ ਗਏ ਸਨ। 
ਜਦੋਂ ਕਿ ਸ੍ਰੀ ਬ੍ਰਹਮ ਮਹਿੰਦਰਾ ਨੇ ਕਿਹਾ ਸੀ ਕਿ ਉਨ੍ਹਾਂ ਦਾ ਦਾਮਨ ਸਾਫ਼ ਹੈ ਅਤੇ ਅਜਿਹੇ ਦੋਸ਼ ਲਗਾ ਕੇ ਐਮ.ਐਲ.ਏ. ਬੈਂਸ ਨੇ ਫ਼ੋਕੀ ਸ਼ੋਹਰਤ ਖੱਟਣ ਲਈ ਹੀ ਉਨ੍ਹਾਂ 'ਤੇ ਅਜਿਹੇ ਦੋਸ਼ ਲਾਏ ਹਨ। ਉਨ੍ਹਾਂ ਨੇ ਆਪਣੇ ਵਕੀਲ ਗੁਰਪ੍ਰੀਤ ਸਿੰਘ ਭਸੀਨ ਰਾਹੀ 1 ਅਗਸਤ 2018 ਨੂੰ ਭਾਰਤੀ ਦੰਡਾਵਲੀ ਦੀ ਧਾਰਾ 499 ਤੇ 500 ਤਹਿਤ ਪਟਿਆਲਾ ਦੀ ਅਦਾਲਤ ਵਿਖੇ ਇਹ ਕੇਸ ਦਾਇਰ ਕੀਤਾ ਸੀ। ਇਸੇ ਮਾਮਲੇ ਦੀ ਸੁਣਵਾਈ ਦੌਰਾਨ ਮਾਣਯੋਗ ਅਦਾਲਤ ਨੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਭਾਰਤੀ ਦੰਡਾਵਲੀ ਦੀ ਧਾਰਾ 500 ਤਹਿਤ ਅਦਾਲਤ 'ਚ ਪੇਸ਼ ਹੋਣ ਲਈ ਸੰਮਨ ਜਾਰੀ ਕਰਦਿਆਂ ਅਗਲੀ ਸੁਣਵਾਈ 2 ਸਤੰਬਰ 'ਤੇ ਪਾ ਦਿੱਤੀ ਹੈ। ਇਸ ਕੇਸ 'ਚ ਹੁਣ ਤੱਕ 22 ਗਵਾਹਾਂ ਦੇ ਬਿਆਨ ਦਰਜ ਕਰਵਾਏ ਜਾ ਚੁੱਕੇ ਹਨ ਅਤੇ ਹੁਣ ਅਦਾਲਤ ਨੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਸੰਮਨ ਜਾਰੀ ਕੀਤੇ ਹਨ।


Related News