ਧੋਖੇ ਨਾਲ ਏ. ਟੀ. ਐੱਮ. ਬਦਲ ਕੇ 27 ਹਜ਼ਾਰ ਕਢਵਾਏ

Wednesday, Jun 20, 2018 - 01:52 AM (IST)

ਧੋਖੇ ਨਾਲ ਏ. ਟੀ. ਐੱਮ. ਬਦਲ ਕੇ 27 ਹਜ਼ਾਰ ਕਢਵਾਏ

ਹਾਜੀਪੁਰ, (ਜੋਸ਼ੀ)- ਹਾਜੀਪੁਰ ’ਚ ਏ. ਟੀ. ਐੱਮ. ’ਚੋਂ ਪੈਸੇ ਕਢਵਾਉਣ ਵਾਲਿਆਂ ਨਾਲ ਧੋਖਾਦੇਹੀ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਅੱਜ ਹਨੀ ਕੁਮਾਰ ਪੁੱਤਰ ਹਰਦੀਪ ਸਿੰਘ ਵਾਸੀ ਗੇਰਾ ਨੇ ਦੱਸਿਆ ਕਿ ਮੈਂ ਆਪਣੇ ਭਰਾ ਦਾ ਏ. ਟੀ. ਐੱਮ. ਕਾਰਡ ਲੈ ਕੇ ਪੈਸੇ ਕਢਵਾਉਣ ਲਈ ਗਿਆ ਸੀ। 
ਜਦੋਂ ਮੈਂ ਏ. ਟੀ. ਐੱਮ. ਬੂਥ ਅੰਦਰ ਗਿਆ ਤਾਂ ਉਥੇ ਪਹਿਲਾਂ ਹੀ ਤਿੰਨ ਵਿਅਕਤੀ ਮੌਜੂਦ ਸਨ। ਜਦੋਂ ਮੈਂ ਪੈਸੇ ਕਢਵਾਉਣ ਲਈ ਪਾਸਵਰਡ ਲਾ ਰਿਹਾ ਸੀ ਤਾਂ ਉਨ੍ਹਾਂ ’ਚੋਂ ਇਕ ਨੇ ਪਾਸਵਰਡ ਨੋਟ ਕਰ ਲਿਆ।  ਉਕਤ  ਵਿਅਕਤੀਆਂ  ਨੇ ਮੈਨੂੰ ਗੱਲਾਂ ’ਚ ਉਲਝਾ ਕੇ ਮੇਰਾ ਏ. ਟੀ. ਐੱਮ. ਕਾਰਡ ਬਦਲ ਦਿੱਤਾ।  ਜਦੋਂ ਮੈਂ ਘਰ ਵਾਪਸ ਆਇਆ ਤਾਂ ਮੈਨੂੰ ਮੋਬਾਇਲ ’ਤੇ 27 ਹਜ਼ਾਰ ਰੁਪਏ ਬੈੈਂਕ ਖਾਤੇ ਵਿਚੋਂ ਕੱਢੇ ਜਾਣ ਦਾ ਮੈਸੇਜ ਆਇਆ। ਇਸ ਤੋਂ ਤੁਰੰਤ ਬਾਅਦ ਮੈਂ ਉਕਤ ਵਿਅਕਤੀਆਂ ਦੀ ਕਾਫੀ ਭਾਲ ਕੀਤੀ ਪਰ  ਉਨ੍ਹਾਂ ਦਾ ਕੁਝ ਵੀ ਪਤਾ ਨਹੀਂ ਲੱਗਾ।  
ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਹਾਜੀਪੁਰ ’ਚ ਪਿਛਲੇ ਕਾਫੀ ਸਮੇਂ ਤੋਂ ਲੋਕਾਂ ਨਾਲ ਏ. ਟੀ. ਐੱਮ. ਰਾਹੀਂ ਧੋਖਾਦੇਹੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ  ਪਰ ਪੁਲਸ ਦੋਸ਼ੀਆਂ ਨੂੰ ਨਕੇਲ ਪਾਉਣ ’ਚ ਪੂਰੀ ਤਰ੍ਹਾਂ ਅਸਮਰੱਥ ਹੈ।  ਉਨ੍ਹਾਂ ਪੁਲਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਜਲਦ ਕਾਬੂ ਕੀਤਾ ਜਾਵੇ।
 


Related News