ਮ੍ਰਿਤਕ ਨੌਜਵਾਨ ਦੀ ਮਾਂ ਤੇ ਉਸ ਦੇ ਪ੍ਰੇਮੀ ਖਿਲਾਫ ਕਤਲ ਦਾ ਮਾਮਲਾ ਦਰਜ
Friday, Aug 24, 2018 - 04:32 PM (IST)

ਨਾਭਾ(ਜੈਨ)— ਥਾਣਾ ਸਦਰ ਪੁਲਸ ਨੇ ਪਿੰਡ ਛੀਟਾਂਵਾਲਾ ਦੇ 17 ਸਾਲਾ ਖਿਡਾਰੀ ਸੁਖਬੀਰ ਸਿੰਘ ਪੁੱਤਰ ਸਵ. ਬਲਜਿੰਦਰ ਸਿੰਘ ਦੀ ਸ਼ੱਕੀ ਹਾਲਤ ਵਿਚ ਹੋਈ ਮੌਤ ਦੇ 48 ਘੰਟਿਆਂ ਬਾਅਦ ਬਲਵੀਰ ਸਿੰਘ ਪੁੱਤਰ ਇੰਦਰਜੀਤ ਸਿੰਘ ਵਾਸੀ ਭੁੱਲਰਹੇੜੀ ਤਹਿਸੀਲ ਧੂਰੀ ਦੇ ਬਿਆਨਾਂ ਅਨੁਸਾਰ ਮ੍ਰਿਤਕ ਨੌਜਵਾਨ ਦੀ ਮਾਤਾ ਨਰਿੰਦਰ ਕੌਰ ਤੇ ਸਿਮਰਜੀਤ ਸਿੰਘ ਉਰਫ ਸਿਮਰਦੀਪ ਉਰਫ ਡੋਗਰ ਪੁੱਤਰ ਮਹਿੰਦਰ ਸਿੰਘ ਵਾਸੀ ਛੀਟਾਂਵਾਲਾ ਖਿਲਾਫ ਧਾਰਾ 302 ਆਈ. ਪੀ. ਸੀ. ਅਧੀਨ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੇ ਮ੍ਰਿਤਕ ਦੀ ਮਾਂ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਆਰੰਭ ਕਰ ਦਿੱਤੀ ਹੈ।
ਸ਼ਿਕਾਇਤ ਵਿਚ ਦੋਸ਼ ਲਾਇਆ ਗਿਆ ਹੈ ਕਿ ਨਰਿੰਦਰ ਕੌਰ ਦੇ ਡੋਗਰ ਨਾਲ ਨਾਜਾਇਜ਼ ਸਬੰਧ ਹਨ। ਉਸ ਦੇ ਪਤੀ ਦੀ 10 ਸਾਲ ਪਹਿਲਾਂ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ। ਹੁਣ ਮ੍ਰਿਤਕ ਸੁਖਬੀਰ ਉਰਫ ਸੁੱਖੀ ਆਪਣੀ ਮਾਤਾ ਨੂੰ ਗਲਤ ਕੰਮਾਂ ਤੋਂ ਰੋਕਦਾ ਸੀ, ਜਿਸ ਕਾਰਨ ਨਰਿੰਦਰ ਕੌਰ ਤੇ ਡੋਗਰ ਦੋਵੇਂ ਸੁੱਖੀ ਨੂੰ ਆਪਣੇ ਨਾਜਾਇਜ਼ ਸਬੰਧਾਂ ਵਿਚ ਰੋੜਾ ਸਮਝਦੇ ਸਨ ਅਤੇ ਉਨ੍ਹਾਂ ਨੇ ਹੀ ਮਿਲ ਕੇ ਸੁੱਖੀ ਦਾ ਕਤਲ ਕਰ ਦਿੱਤਾ। ਐੈੱਸ. ਐੈੱਚ. ਓ. ਬਿੱਕਰ ਸਿੰਘ ਸੋਹੀ ਅਨੁਸਾਰ ਦੋਵਾਂ ਖਿਲਾਫ ਕਤਲ ਦਾ ਮੁਕੱਦਮਾ ਦਰਜ ਕਰ ਕੇ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ।
ਵਰਨਣਯੋਗ ਹੈ ਕਿ ਪਹਿਲਾਂ ਪੁਲਸ ਨੇ ਮ੍ਰਿਤਕ ਨੌਜਵਾਨ ਦੀ ਮਾਤਾ ਦੇ ਬਿਆਨਾਂ ਅਨੁਸਾਰ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਧਾਰਾ 174 ਅਧੀਨ ਕਾਰਵਾਈ ਕੀਤੀ ਸੀ। ਸਸਕਾਰ ਤੋਂ ਬਾਅਦ ਸਥਿਤੀ ਤਣਾਅਪੂਰਨ ਹੋ ਗਈ। ਧਰਨੇ ਤੋਂ ਬਾਅਦ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ।