ਕਰਜ਼ਾ ਮੁਆਫ ਨਾ ਹੋਣ ''ਤੇ ਕਿਸਾਨ-ਖੇਤ ਮਜ਼ਦੂਰ ਮਘਾਉਣਗੇ ਸੰਘਰਸ਼ ਦੀ ''ਭੱਠੀ''

Saturday, Jan 20, 2018 - 11:13 AM (IST)

ਹੁਸ਼ਿਆਰਪੁਰ (ਘੁੰਮਣ)— ਕਿਰਤੀ ਮਜ਼ਦੂਰਾਂ ਦੇ ਤਿੰਨ ਸੰਗਠਨਾਂ ਸੀਟੂ, ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਅਤੇ ਕੁੱਲ ਹਿੰਦ ਕਿਸਾਨ ਸਭਾ ਵੱਲੋਂ ਸ਼ੁੱਕਰਵਾਰ ਇਥੇ ਮਜ਼ਦੂਰਾਂ ਦੀ ਲੁੱਟ-ਖਸੁੱਟ ਵਿਰੁੱਧ ਰੋਸ ਮੁਜ਼ਾਹਰਾ ਕੀਤਾ ਗਿਆ। ਉਪਰੰਤ ਰੋਸ ਪ੍ਰਦਰਸ਼ਨ ਵਿਚ ਸ਼ਾਮਲ ਆਗੂਆਂ ਕਾ. ਗੁਰਮੇਸ਼ ਸਿੰਘ, ਕਾ. ਗੁਰਬਖਸ਼ ਸਿੰਘ ਸੂਸ, ਕਾ. ਧਨਪਤ, ਕਾ. ਨਿਰਭੈ ਸਿੰਘ ਮਰਨਾਈਆਂ, ਕਾ. ਮਨਜੀਤ ਸਿੰਘ ਲਹਿਲੀ, ਕਾ. ਸੰਤੋਖ ਸਿੰਘ ਭੀਲੋਵਾਲ, ਕਾ. ਸੁਰਿੰਦਰ ਸਿੰਘ ਅਤੇ ਇੰਦਰਪਾਲ ਸਿੰਘ ਦੀ ਅਗਵਾਈ 'ਚ ਐੱਸ. ਡੀ. ਐੱਮ. ਜਤਿੰਦਰ ਜੋਰਵਾਲ ਨੂੰ ਸਰਕਾਰ ਦੇ ਨਾਂ ਇਕ ਮੰਗ-ਪੱਤਰ ਦਿੱਤਾ ਗਿਆ। ਇਸ ਵਿਚ ਮੰਗ ਕੀਤੀ ਗਈ ਕਿ ਡਾ. ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਤੁਰੰਤ ਲਾਗੂ ਕੀਤੀਆਂ ਜਾਣ, ਸਾਢੇ 7 ਏਕੜ ਜ਼ਮੀਨ ਵਾਲੇ ਕਿਸਾਨਾਂ ਤੇ ਪੇਂਡੂ ਗਰੀਬਾਂ ਦਾ ਕਰਜ਼ਾ ਮੁਆਫ ਕੀਤਾ ਜਾਵੇ, ਮਨਰੇਗਾ ਵਰਕਰਾਂ ਅਤੇ ਦਿਹਾੜੀਦਾਰ ਮਜ਼ਦੂਰਾਂ ਦੀ ਉਜਰਤ 600 ਰੁਪਏ ਪ੍ਰਤੀ ਦਿਨ ਨਿਸ਼ਚਿਤ ਕੀਤੀ ਜਾਵੇ ਅਤੇ ਸਾਂਝੀ ਵੰਡ ਪ੍ਰਣਾਲੀ ਮਜ਼ਬੂਤ ਕੀਤੀ ਜਾਵੇ। 

PunjabKesari

ਇਸੇ ਤਰ੍ਹਾਂ ਗੜ੍ਹਸ਼ੰਕਰ ਕੁੱਲ ਹਿੰਦ ਕਿਸਾਨ ਸਭਾ (ਸੀਟੂ) ਅਤੇ ਖੇਤ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀਆਂ ਭਖਦੀਆਂ ਮੰਗਾਂ ਨੂੰ ਲੈ ਕੇ ਐੱਸ. ਡੀ. ਐੱਮ. ਦਫਤਰ ਅੱਗੇ ਧਰਨਾ ਦੇਣ ਉਪਰੰਤ ਮੰਗ-ਪੱਤਰ ਵੀ ਦਿੱਤਾ ਗਿਆ। ਧਰਨਾਕਾਰੀਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ।
ਸੀਟੂ ਆਗੂ ਮਹਿੰਦਰ ਕੁਮਾਰ ਬੱਢੋਆਣ ਨੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਦੀ ਸਰਕਾਰ ਬਣਨ 'ਤੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦਾ ਕੁੱਲ 92 ਹਜ਼ਾਰ ਕਰੋੜ ਦਾ ਕਰਜ਼ਾ ਮੁਆਫ ਕਰਨ ਦਾ ਵਾਅਦਾ ਕੀਤਾ ਸੀ ਪਰ ਸਰਕਾਰ ਬਣਨ ਤੋਂ ਬਾਅਦ ਮੰਤਰੀ ਮੰਡਲ ਦੀ ਪਹਿਲੀ ਮੀਟਿੰਗ ਵਿਚ ਹੀ ਉਹ 72 ਹਜ਼ਾਰ ਕਰੋੜ 'ਤੇ ਆ ਗਏ। 
ਇਥੇ ਹੀ ਬਸ ਨਹੀਂ ਹੁਣ ਕਿਸਾਨਾਂ ਤੋਂ ਮਾਰਕੀਟ ਫੀਸ ਇਕ ਫੀਸਦੀ ਵੱਧ ਵਸੂਲ ਕੇ 168 ਕਰੋੜ ਇਕੱਠੇ ਕਰਨ ਉਪਰੰਤ ਕੁਲ 170 ਕਰੋੜ ਮੁਆਫ ਕੀਤੇ ਹਨ। ਬੁਲਾਰਿਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਵਾਅਦੇ ਅਨੁਸਾਰ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਕਰਜ਼ੇ ਮੁਆਫ ਨਾ ਕੀਤੇ ਤਾਂ ਸੰਘਰਸ਼ ਦੀ 'ਭੱਠੀ' ਮਘਾ ਦਿੱਤੀ ਜਾਵੇਗੀ, ਜਿਸ ਦਾ ਸੇਕ ਸਰਕਾਰ ਨੂੰ ਆਗਾਮੀ ਲੋਕ ਸਭਾ ਚੋਣਾਂ ਵਿਚ ਲੱਗੇਗਾ। 
ਆਗੂਆਂ ਨੇ ਮੰਗ ਕੀਤੀ ਕਿ ਮਜ਼ਦੂਰਾਂ ਦੀ ਘੱਟੋ-ਘੱਟ ਉਜਰਤ 18 ਹਜ਼ਾਰ ਰੁਪਏ ਮਹੀਨਾ ਅਤੇ ਦਿਹਾੜੀ 600 ਰੁਪਏ ਕੀਤੀ ਜਾਵੇ। ਇਸ ਮੌਕੇ ਦਰਸ਼ਨ ਸਿੰਘ ਮੱਟੂ, ਗੁਰਨੇਕ ਸਿੰਘ ਭੱਜਲ, ਸੋਮ ਨਾਥ ਸਤਨੌਰ, ਨੀਲਮ ਬੱਢੋਆਣ, ਭਾਗ ਸਿੰਘ, ਕਸ਼ਮੀਰ ਸਿੰਘ ਪੈਂਸਰਾਂ, ਜਤਿੰਦਰ ਕੁਮਾਰ, ਭਜਨ ਕੌਰ, ਹਰਜਿੰਦਰ ਸਿੰਘ, ਕੁਲਦੀਪ ਸਿੰਘ, ਮੋਹਿਤ ਰਾਣਾ, ਰਾਹੁਲ ਰਾਣਾ, ਸੰਜੀਵ ਰਾਣਾ, ਚਰਨਜੀਤ ਸਿੰਘ, ਸੁਰਿੰਦਰ ਸਿੰਘ, ਜਸਪ੍ਰੀਤ ਸਿੰਘ ਅਤੇ ਤਾਰਾ ਚੰਦ ਨੇ ਸੰਬੋਧਨ ਕੀਤਾ। PunjabKesari

ਇਸੇ ਤਰ੍ਹਾਂ ਮੁਕੇਰੀਆਂ 'ਚ ਕੁੱਲ ਹਿੰਦ ਕਿਸਾਨ ਸਭਾ, ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਅਤੇ ਸੀਟੂ ਵੱਲੋਂ ਲੋਕ ਮਸਲਿਆਂ ਨੂੰ ਲੈ ਕੇ ਸਥਾਨਕ ਐੱਸ. ਡੀ. ਐੱਮ. ਦਫ਼ਤਰ ਦੇ ਬਾਹਰ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਆਸ਼ਾ ਨੰਦ, ਸ਼ਮਸ਼ੇਰ ਸਿੰਘ, ਵਿਜੇ ਸਿੰਘ, ਕਿਸ਼ਨ ਸਿੰਘ, ਉਂਕਾਰ ਸਿੰਘ, ਪੂਰਨ ਚੰਦ, ਅਸ਼ੋਕ ਕੁਮਾਰ, ਗੁਰਮੀਤ ਸਿੰਘ, ਸੋਹਣ ਲਾਲ, ਦੇਵ ਰਾਜ ਆਦਿ ਵੱਖ-ਵੱਖ ਬੁਲਾਰਿਆਂ ਨੇ ਆਪਣੇ ਸੰਬੋਧਨ ਦੌਰਾਨ ਸਬਜ਼ੀ ਮੰਡੀ ਮੁਕੇਰੀਆਂ ਦਾ ਢਾਹਿਆ ਬਾਥਰੂਮ ਉਸੇ ਜਗ੍ਹਾ ਜਲਦੀ ਬਣਾਉਣ, ਸ਼ੂਗਰ ਮਿੱਲ ਦੀਆਂ ਪਰਚੀਆਂ ਬੇਟ ਇਲਾਕੇ ਦੇ ਕਿਸਾਨਾਂ ਨੂੰ ਪਹਿਲ ਦੇ ਆਧਾਰ 'ਤੇ ਦੇਣ, ਆਵਾਰਾ ਪਸ਼ੂਆਂ ਨੂੰ ਨੱਥ ਪਾਉਣ, ਕੋਟਲੀ ਖਾਸ ਦੇ ਕਰਜ਼ਾ ਘਪਲਾ ਪੀੜਤਾਂ ਨੂੰ ਇਨਸਾਫ ਦੇਣ, ਪੂਸਾ 44 ਬਾਸਮਤੀ ਨੂੰ ਅਗੇਤਾ ਲਾਉਣ ਦੀ ਆਗਿਆ ਦੇਣ, ਸਾਰੇ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ, ਖੇਤ ਮਜ਼ਦੂਰਾਂ ਨੂੰ 10-10 ਮਰਲੇ ਦੇ ਪਲਾਟ ਦੇਣ, ਲੈਟਰੀਨਾਂ ਦੇ ਪੈਸੇ ਜਲਦੀ ਦੇਣ, ਕੰਢੀ ਇਲਾਕੇ 'ਚ ਪੀਣ ਵਾਲਾ ਪਾਣੀ ਮੁਹੱਈਆ ਕਰਨ, ਰੇਲਵੇ ਫਾਟਕਾਂ ਦੀ ਰਿਪੇਅਰ ਜਲਦੀ ਕਰਨ ਆਦਿ ਦੀ ਮੰਗ ਕੀਤੀ।


Related News