ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਕੀਤੀ ਖੁਦਕੁਸ਼ੀ
Tuesday, Aug 15, 2017 - 02:23 AM (IST)

ਬਠਿੰਡਾ, (ਪਰਮਿੰਦਰ)- ਕਰਜ਼ੇ ਤੋਂ ਪ੍ਰੇਸ਼ਾਨ ਪਿੰਡ ਕੋਟਭਾਰਾ ਦੇ ਇਕ ਕਿਸਾਨ ਨੇ ਰਾਜਸਥਾਨ ਨਹਿਰ ਵਿਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਕਿਸਾਨ ਬੀਤੇ 3 ਦਿਨਾਂ ਤੋਂ ਲਾਪਤਾ ਸੀ, ਜਿਸ ਦੀ ਲਾਸ਼ ਪੁਲਸ ਨੇ ਰਾਜਸਥਾਨ ਨਹਿਰ 'ਚੋਂ ਬਰਾਮਦ ਕਰ ਲਈ ਹੈ। ਕੋਟਭਾਰਾ ਵਾਸੀ ਮ੍ਰਿਤਕ ਕਿਸਾਨ ਜਗਦੇਵ ਸਿੰਘ ਉਰਫ ਜਨਕ (40) ਦੇ ਭਰਾ ਮਿਲਖਾ ਸਿੰਘ ਨੇ ਦੱਸਿਆ ਕਿ ਉਸ ਦੇ ਭਰਾ ਦੇ ਸਿਰ 'ਤੇ 3 ਲੱਖ ਬੈਂਕ ਦੀ ਲਿਮਟ ਸੀ ਜਦੋਂ ਕਿ 5 ਲੱਖ ਰੁਪਏ ਗੈਰ-ਸਰਕਾਰੀ ਤੇ ਫ਼ਸਲ 'ਚ ਲਗਾਤਾਰ ਭਾਰੀ ਘਾਟਾ ਪੈਂਦਾ ਰਿਹਾ।
ਇਸ ਤੋਂ ਇਲਾਵਾ ਮ੍ਰਿਤਕ ਕਿਸਾਨ ਦੀ ਇਕ ਬੇਟੀ ਵਿਆਹੁਣ ਯੋਗ ਹੋਣ ਕਰਕੇ ਉਹ ਅਕਸਰ ਪ੍ਰੇਸ਼ਾਨ ਰਹਿੰਦਾ ਸੀ। ਉਨ੍ਹਾਂ ਦੱਸਿਆ ਕਿ ਇਸੇ ਪ੍ਰੇਸ਼ਾਨੀ ਕਾਰਨ ਉਹ 3 ਦਿਨ ਪਹਿਲਾਂ ਘਰ ਤੋਂ ਚਲਾ ਗਿਆ ਸੀ ਅਤੇ ਉਸ ਨੇ ਨਹਿਰ 'ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਜ਼ਿਕਰਯੋਗ ਹੈ ਕਿ ਕਰਜ਼ੇ ਕਾਰਨ ਇਸੇ ਪਿੰਡ 'ਚ ਕੁਝ ਦਿਨ ਪਹਿਲਾਂ ਵੀ ਇਕ ਨੌਜਵਾਨ ਨੇ ਜ਼ਹਿਰ ਨਿਗਲ ਕੇ ਆਤਮ-ਹੱਤਿਆ ਕਰ ਲਈ ਸੀ। ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਜ਼ਿਲਾ ਜਨਰਲ ਸਕੱਤਰ ਰਾਜਮਹਿੰਦਰ ਸਿੰਘ ਕੋਟਭਾਰਾ, ਸਾਬਕਾ ਟਰੇਡ ਯੂਨੀਅਨ ਆਗੂ ਕੋਰਾ ਸਿੰਘ, ਸਾਬਕਾ ਸਰਪੰਚ ਰਾਮ ਸਿੰਘ ਆਦਿ ਨੇ ਕੈਪਟਨ ਸਰਕਾਰ ਤੋਂ ਮ੍ਰਿਤਕ ਕਿਸਾਨ ਦੇ ਪਰਿਵਾਰ ਲਈ ਯੋਗ ਮੁਆਵਜ਼ੇ ਅਤੇ ਸਾਰਾ ਕਰਜ਼ਾ ਮੁਆਫ ਕਰਨ ਦੀ ਮੰਗ ਕੀਤੀ।