ਬਠਿੰਡਾ : ਕਰਜ਼ੇ ਦੀ ਵਸੂਲੀ ਲਈ ਬੈਂਕ ਨੇ ਲਗਾਇਆ ਕੁਰਕੀ ਦਾ ਨੋਟਿਸ, ਪੂਰੇ ਪਰਿਵਾਰ ਨੇ ਝੀਲ ’ਚ ਮਾਰੀ ਛਾਲ
Saturday, Apr 01, 2023 - 05:16 AM (IST)
ਬਠਿੰਡਾ (ਵਿਜੇ ਵਰਮਾ) : ਆਰਥਿਕ ਤੌਰ ’ਤੇ ਪ੍ਰੇਸ਼ਾਨ ਪਰਿਵਾਰ ਨੇ ਸ਼ੁੱਕਰਵਾਰ ਸਵੇਰੇ ਥਰਮਲ ਝੀਲ ’ਚ ਛਾਲ ਮਾਰ ਦਿੱਤੀ। ਇਸ ਘਟਨਾ ਵਿਚ ਮਾਂ ਅਤੇ ਪੁੱਤਰ ਦੀ ਮੌਤ ਹੋ ਗਈ ਜਦਕਿ ਪਰਿਵਾਰ ਦਾ ਮੁਖੀ ਵਾਲ-ਵਾਲ ਬਚ ਗਿਆ। ਜਿਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਸ਼ੁੱਕਰਵਾਰ ਸਵੇਰੇ ਬਠਿੰਡਾ ਦੇ ਇੱਕੋ ਪਰਿਵਾਰ ਦੇ 3 ਮੈਂਬਰਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਕਾਰਨ ਸਥਾਨਕ ਥਰਮਲ ਪਲਾਂਟ ਦੀ ਝੀਲ ਵਿਚ ਛਾਲ ਮਾਰ ਦਿੱਤੀ। ਇਸ ਦੌਰਾਨ ਆਲੇ-ਦੁਆਲੇ ਦੇ ਲੋਕਾਂ ਨੇ ਘਟਨਾ ਦੀ ਸੂਚਨਾ ਸਮਾਜਿਕ ਸੰਸਥਾ ਸਹਾਰਾ ਜਨਸੇਵਾ ਦੇ ਵਰਕਰਾਂ ਨੂੰ ਦਿੱਤੀ। ਸਹਾਰਾ ਵਰਕਰਾਂ ਨੇ ਮੌਕੇ ’ਤੇ ਪਹੁੰਚ ਕੇ ਝੀਲ ’ਚ ਡੁੱਬੇ ਪਰਿਵਾਰ ਨੂੰ ਬਾਹਰ ਕੱਢਿਆ।
ਇਹ ਵੀ ਪੜ੍ਹੋ : ਤਰਨਤਾਰਨ ਨੇੜੇ ਰੂਹ ਕੰਬਾਊ ਵਾਰਦਾਤ, ਗ੍ਰੰਥੀ ਸਿੰਘ ਦੀ ਬੁਰੀ ਤਰ੍ਹਾਂ ਵੱਢ-ਟੁੱਕ, ਲੱਤ ਵੱਢ ਕੇ ਨਾਲ ਲੈ ਗਏ ਹਮਲਾਵਰ
ਇਸ ਘਟਨਾ ’ਚ ਪਰਿਵਾਰ ਦੇ ਦੋ ਜੀਆਂ ਦੀ ਮੌਤ ਹੋ ਗਈ। ਜਦਕਿ ਪਰਿਵਾਰ ਦੇ ਮੁਖੀ ਨੂੰ ਗੰਭੀਰ ਹਾਲਤ 'ਚ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਜਿਸ ਦੀ ਪਛਾਣ ਸੁਰਿੰਦਰ ਕੁਮਾਰ (67) ਵਾਸੀ ਸ਼ਾਸਤਰੀ ਵਾਲੀ ਗਲੀ ਅਮਰੀਕ ਸਿੰਘ ਰੋਡ ਵਜੋਂ ਹੋਈ ਹੈ। ਜਦਕਿ ਉਸ ਦੀ ਮ੍ਰਿਤਕ ਪਤਨੀ ਦੀ ਪਛਾਣ ਕੈਲਾਸ਼ ਰਾਣੀ (65 ਸਾਲ) ਅਤੇ ਮ੍ਰਿਤਕ ਪੁੱਤਰ ਦੀ ਪਛਾਣ ਪਵਨੀਸ਼ (37 ਸਾਲ) ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਅਮਰੀਕ ਸਿੰਘ ਰੋਡ ’ਤੇ ਸੁਰਿੰਦਰ ਕੁਮਾਰ ਵੱਲੋਂ ਪ੍ਰਿੰਟਿੰਗ ਪ੍ਰੈੱਸ ਚਲਾਈ ਜਾ ਰਹੀ ਸੀ। ਉਸ ਨੂੰ ਕੁਝ ਸਮਾਂ ਪਹਿਲਾਂ ਕਾਰੋਬਾਰ ’ਚ ਕਰੀਬ 25 ਲੱਖ ਦਾ ਨੁਕਸਾਨ ਹੋਇਆ ਸੀ। ਪਰਿਵਾਰ ਨੇ ਬੈਂਕ ਤੋਂ ਕਰਜ਼ਾ ਲੈ ਕੇ ਘਰ ਗਿਰਵੀ ਰੱਖਿਆ ਹੋਇਆ ਸੀ।
ਇਹ ਵੀ ਪੜ੍ਹੋ : ਮਜੀਠਾ ਨੇੜੇ ਪੁਲਸ ਤੇ ਬਦਮਾਸ਼ਾਂ ’ਚ ਜ਼ਬਰਦਸਤ ਮੁਕਾਬਲਾ, ਪੁਲਸ ਮੁਲਾਜ਼ਮ ਜੁਗਰਾਜ ਸਿੰਘ ਨੂੰ ਲੱਗੀ ਗੋਲ਼ੀ
ਪਰਿਵਾਰ ਕਿਸੇ ਤਰ੍ਹਾਂ ਤਾਲਮੇਲ ਬਣਾ ਕੇ ਇਸ ਕਰਜ਼ੇ ਤੋਂ ਛੁਟਕਾਰਾ ਪਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਬੈਂਕ ਨੇ ਲਿਆ ਕਰਜ਼ਾ ਵਾਪਸ ਕਰਨ ਲਈ ਉਸ ’ਤੇ ਦਬਾਅ ਵਧਾ ਦਿੱਤਾ। ਇਸ ਤੋਂ ਇਲਾਵਾ ਪਿਛਲੇ ਦਿਨੀ ਬੈਂਕ ਵਲੋਂ ਉਨ੍ਹਾਂ ਦੇ ਮਕਾਨ ਦੀ ਕੁਰਕੀ ਦਾ ਨੋਟਿਸ ਵੀ ਲਗਾ ਦਿੱਤਾ। ਇਸ ਕਾਰਨ ਉਹ ਰਿਸ਼ਤੇਦਾਰੀ ਅਤੇ ਗਲੀ ਮੁਹੱਲੇ ਵਿਚ ਨਮੋਸ਼ੀ ਸਮਝ ਰਹੇ ਸਨ। ਇਸੇ ਮਾਨਸਿਕ ਪ੍ਰੇਸ਼ਾਨੀ ਕਾਰਨ ਉਕਤ ਪਰਿਵਾਰ ਨੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਦਰਦਨਾਕ ਫ਼ੈਸਲਾ ਲਿਆ। ਉਧਰ ਥਾਣਾ ਥਰਮਲ ਪੁਲਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਇੰਚਾਰਜ ਨੇ ਕਿਹਾ ਕਿ ਪਰਿਵਾਰਕ ਮੈਂਬਰਾਂ ਦੇ ਲਿਖਤੀ ਬਿਆਨ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ ਸਹਾਰਾ ਜਨ ਸੇਵਾ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰਖਵਾਇਆ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਭਲਕੇ ਪਟਿਆਲਾ ਦੀ ਜੇਲ੍ਹ ’ਚੋਂ ਰਿਹਾਅ ਹੋਣਗੇ ਨਵਜੋਤ ਸਿੱਧੂ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।