ਸ਼ੱਕੀ ਹਾਲਾਤ ''ਚ ਵਿਅਕਤੀ ਦੀ ਮੌਤ

Friday, Mar 30, 2018 - 12:16 AM (IST)

ਸ਼ੱਕੀ ਹਾਲਾਤ ''ਚ ਵਿਅਕਤੀ ਦੀ ਮੌਤ

ਮੋਗਾ,   (ਆਜ਼ਾਦ) -ਜ਼ਿਲੇ ਦੇ ਪਿੰਡ ਨਾਥੇਵਾਲਾ ਨਿਵਾਸੀ ਸੁਖਦੇਵ ਸਿੰਘ (70) ਦੀ ਬਾਘਾਪੁਰਾਣਾ ਦੇ ਸਿਵਲ ਹਸਪਤਾਲ 'ਚ ਸ਼ੱਕੀ ਹਾਲਾਤ 'ਚ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਉਸਦੀ ਜੇਬ 'ਚੋਂ ਮਿਲੇ ਖੁਦਕੁਸ਼ੀ ਨੋਟ 'ਤੇ ਪੈਲੇਸ ਸੰਚਾਲਕਾਂ 'ਤੇ ਕਤਲ ਦਾ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਕੀ ਹੈ ਸਾਰਾ ਮਾਮਲਾ
ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਮ੍ਰਿਤਕ ਦੇ ਬੇਟੇ ਰਣਜੀਤ ਸਿੰਘ ਨੇ ਕਿਹਾ ਕਿ ਉਸਦਾ ਪਿਤਾ ਬੀਤੀ 28 ਮਾਰਚ ਨੂੰ ਸਵੇਰੇ ਬਾਘਾਪੁਰਾਣਾ ਵਿਖੇ ਕੰਮ ਦੇ ਸਿਲਸਿਲੇ 'ਚ ਗਿਆ ਸੀ ਅਤੇ ਦੁਪਹਿਰ ਸਮੇਂ ਮੈਨੂੰ ਪਿੰਡ ਦੇ ਡਾਕਟਰ ਨੇ ਦੱਸਿਆ ਕਿ ਉਸਦਾ ਪਿਤਾ ਬਾਘਾਪੁਰਾਣਾ ਦੇ ਸਿਵਲ ਹਸਪਤਾਲ 'ਚ ਦਾਖਲ ਹੈ, ਜਿਸ 'ਤੇ ਮੈਂ ਆਪਣੇ ਦੋਸਤ ਅਮਰੀਕ ਸਿੰਘ ਨੂੰ ਆਪਣੇ ਪਿਤਾ ਦੀ ਦੇਖਭਾਲ ਲਈ ਹਸਪਤਾਲ ਭੇਜਿਆ। ਜਦੋਂ ਮੈਂ ਪਿੰਡ ਤੋਂ ਹਸਪਤਾਲ ਪੁੱਜਾ ਤਾਂ ਮੇਰੇ ਪਿਤਾ ਸੁਖਦੇਵ ਸਿੰਘ ਦੀ ਮੌਤ ਹੋ ਚੁੱਕੀ ਸੀ। ਜਦ ਅਸੀਂ ਆਪਣੇ ਪਿਤਾ ਦੇ ਪਹਿਨੀ ਹੋਈ ਕਮੀਜ਼ ਦੀ ਜੇਬ ਨੂੰ ਦੇਖਿਆ ਤਾਂ ਉਸ 'ਚੋਂ ਇਕ ਖੁਦਕੁਸ਼ੀ ਨੋਟ ਬਰਾਮਦ ਹੋਇਆ, ਜਿਸ 'ਚ ਲਿਖਿਆ ਸੀ ਕਿ ਮੈਨੂੰ ਅੱਜ ਇਕ ਪੈਲੇਸ ਮਾਲਕ ਅਤੇ ਨਿਰਮਲ ਸਿੰਘ ਨਿਹਾਲ ਸਿੰਘ ਵਾਲਾ ਵਿਖੇ ਮਿਲੇ ਸਨ ਅਤੇ ਉਨ੍ਹਾਂ ਮੈਨੂੰ ਚਾਹ ਅਤੇ ਟਿੱਕੀ ਖਵਾਈ ਸੀ। ਜਦ ਮੈਂ ਪਿੰਡ ਜਾ ਰਿਹਾ ਸੀ ਤਾਂ ਮੈਨੂੰ ਨਸ਼ਾ ਹੋਣ ਲੱਗਾ। ਜੇਕਰ ਮੇਰੀ ਮੌਤ ਹੁੰਦੀ ਹੈ ਤਾਂ ਇਸ ਲਈ ਉਕਤ ਦੋਵੇਂ ਜ਼ਿੰਮੇਵਾਰ ਹੋਣਗੇ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਮੇਰੇ ਪਿਤਾ ਨੂੰ ਉਨ੍ਹਾਂ ਨੇ ਹੀ ਕੋਈ ਜ਼ਹਿਰੀਲੀ ਵਸਤੂ ਦਿੱਤੀ ਹੈ, ਜਿਸ ਕਾਰਨ ਉਸਦੀ ਮੌਤ ਹੋ ਗਈ।
ਕੀ ਹੈ ਰੰਜਿਸ਼
ਰਣਜੀਤ ਸਿੰਘ ਨੇ ਕਿਹਾ ਕਿ ਮੇਰੀ ਪੈਲੇਸ ਮਾਲਕ ਦੀ ਬੇਟੀ ਨਾਲ ਦੋਸਤੀ ਸੀ ਅਤੇ ਅਸੀਂ ਦੋਨੋਂ ਇਕ-ਦੂਸਰੇ ਨਾਲ ਫੋਨ 'ਤੇ ਗੱਲਬਾਤ ਵੀ ਕਰਦੇ ਰਹਿੰਦੇ ਸਾਂ ਅਤੇ ਉਹ ਮੈਨੂੰ ਵਿਆਹ ਲਈ ਕਹਿੰਦੀ ਸੀ। ਮੈਂ ਉਸਦੀ ਆਪਣੇ ਪਿਤਾ ਨਾਲ ਗੱਲ ਵੀ ਕਰਵਾਈ, ਜਿਸ ਨੇ ਮੇਰੇ ਪਿਤਾ ਨੂੰ ਦੱਸਿਆ ਕਿ ਉਸਦੇ ਦੋ ਬੱਚੇ ਹਨ। ਜਦ ਮੈਨੂੰ ਉਸ ਦੇ ਬੱਚਿਆਂ ਬਾਰੇ ਪਤਾ ਲੱਗਾ ਤਾਂ ਮੈਂ ਉਸ ਨੂੰ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਇਸ ਕਾਰਨ ਉਹ ਮੇਰੇ ਨਾਲ ਰੰਜਿਸ਼ ਰੱਖਦੇ ਆ ਰਹੇ ਸਨ। ਮੇਰੇ ਪਿਤਾ ਦੀ ਦੋਵਾਂ ਨੇ ਕਥਿਤ ਮਿਲੀਭੁਗਤ ਕਰ ਕੇ ਹੱਤਿਆ ਕੀਤੀ ਹੈ।
ਕੀ ਹੋਈ ਪੁਲਸ ਕਾਰਵਾਈ
ਇਸ ਸਬੰਧ 'ਚ ਜਾਣਕਾਰੀ ਦਿੰਦੇ ਹੋਏ ਥਾਣਾ ਬਾਘਾਪੁਰਾਣਾ ਦੇ ਇੰਚਾਰਜ ਇੰਸਪੈਕਟਰ ਜੰਗਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਰਣਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਦੇ ਬਿਆਨਾਂ 'ਤੇ ਪੈਲੇਸ ਮਾਲਕ ਅਤੇ ਨਿਰਮਲ ਸਿੰਘ ਨਿਵਾਸੀ ਨਿਹਾਲ ਸਿੰਘ ਵਾਲਾ ਖਿਲਾਫ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਮਾਮਲੇ ਦੀ ਅਗਲੇਰੀ ਜਾਂਚ ਸਹਾਇਕ ਥਾਣੇਦਾਰ ਕੁਲਵੰਤ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ ਹੈ ਅਤੇ ਜਾਂਚ ਤੋਂ ਬਾਅਦ ਸੱਚਾਈ ਸਾਹਮਣੇ ਆਉਣ ਦੀ ਸੰਭਾਵਨਾ ਹੈ।
ਮ੍ਰਿਤਕ ਦੀ ਜੇਬ 'ਚੋਂ ਮਿਲੇ ਖੁਦਕੁਸ਼ੀ ਨੋਟ ਨੂੰ ਜਾਂਚ ਲਈ ਫੋਰੈਂਸਿਕ ਲੈਬ
ਮੋਹਾਲੀ ਨੂੰ ਭੇਜਿਆ ਜਾਵੇਗਾ, ਤਾਂ ਕਿ ਪਤਾ ਲੱਗ ਸਕੇ ਕਿ ਉਕਤ ਖੁਦਕੁਸ਼ੀ ਨੋਟ
ਸੁਖਦੇਵ ਸਿੰਘ ਵੱਲੋਂ ਹੀ ਲਿਖਿਆ ਗਿਆ ਹੈ ਜਾਂ ਕਿਸੇ ਹੋਰ ਵੱਲੋਂ।
ਕੀ ਕਹਿਣੈ ਦੋਸ਼ੀਆਂ ਦਾ
ਜਦ ਇਸ ਸਬੰਧ 'ਚ ਪੈਲੇਸ ਮਾਲਕ ਅਤੇ ਨਿਰਮਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਕਤ ਵਿਅਕਤੀ ਦੀ ਮੌਤ ਬਾਰੇ ਕੋਈ ਜਾਣਕਾਰੀ ਨਹੀਂ ਹੈ। ਜੋ ਦੋਸ਼ ਹੱਤਿਆ ਦੇ ਸਾਡੇ
ਉਪਰ ਲਾਏ ਗਏ ਹਨ, ਉਹ ਝੂਠੇ ਅਤੇ ਬੇਬੁਨਿਆਦ ਹਨ। ਉਨ੍ਹਾਂ ਜ਼ਿਲਾ ਪੁਲਸ ਮੁਖੀ ਮੋਗਾ ਤੋਂ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ, ਤਾਂ ਕਿ ਸੱਚਾਈ ਸਾਹਮਣੇ ਆ ਸਕੇ।


Related News