ਗਰਭਵਤੀ ਮਜ਼ਦੂਰ ਮਾਂ ਦੀ ਬੱਚੀ ਮਰਨ ਤੋਂ ਬਾਅਦ ਜਾਗੀ ਪੰਜਾਬ ਸਰਕਾਰ
Monday, May 25, 2020 - 01:32 PM (IST)
ਚੰਡੀਗੜ੍ਹ (ਅਸ਼ਵਨੀ) : ਲੁਧਿਆਣਾ ਤੋਂ ਬਿਹਾਰ ਲਈ ਪੈਦਲ ਚੱਲੀ ਇੱਕ ਗਰਭਵਤੀ ਮਜ਼ਦੂਰ ਮਾਂ ਦੀ ਬੱਚੀ ਮਰਨ ਦਾ ਮਾਮਲਾ ਸੋਸ਼ਲ ਮੀਡੀਆ 'ਤੇ ਸੁਰਖੀਆਂ 'ਚ ਆਉਣ ਤੋਂ ਬਾਅਦ ਪੰਜਾਬ ਸਰਕਾਰ ਦੀ ਨੀਂਦ ਟੁੱਟੀ ਹੈ। ਆਨਨ-ਫਾਨਨ ਮੁੱਖ ਮੰਤਰੀ ਨੇ ਸੂਬੇ ਦੇ ਤਮਾਮ ਡਿਪਟੀ ਕਮਿਸ਼ਨਰਾਂ ਅਤੇ ਪੁਲਸ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਕੋਈ ਵੀ ਮਜ਼ਦੂਰ ਪੈਦਲ ਚੱਲਣ ਜਾਂ ਭੁੱਖਾ ਰਹਿਣ ਲਈ ਮਜਬੂਰ ਨਾ ਹੋਵੇ। ਮੁੱਖ ਮੰਤਰੀ ਦੇ ਇਸ ਹੁਕਮ ਦਾ ਸਵਾਗਤ ਕੀਤਾ ਜਾ ਰਿਹਾ ਹੈ ਪਰ ਸਵਾਲ ਵੀ ਚੁੱਕੇ ਜਾ ਰਹੇ ਹਨ ਕਿ ਆਖਿਰ ਪਹਿਲਾਂ ਹੀ ਡਿਪਟੀ ਕਮਿਸ਼ਨਰ ਅਤੇ ਪੁਲਸ ਅਧਿਕਾਰੀ ਪੈਦਲ ਜਾਣ ਵਾਲੇ ਮਜ਼ਦੂਰਾਂ ਨੂੰ ਕਿਉਂ ਨਹੀਂ ਰੋਕ ਰਹੇ ਹਨ। ਉਧਰ ਮੁੱਖ ਮੰਤਰੀ ਨੇ ਹੁਣ ਡਿਪਟੀ ਕਮਿਸ਼ਨਰਾਂ ਅਤੇ ਪੁਲਸ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਹਨ ਕਿ ਜੇਕਰ ਕਿਸੇ ਵੀ ਪ੍ਰਵਾਸੀ ਦੇ ਸੜਕ 'ਤੇ ਪੈਦਲ ਚੱਲਣ ਦਾ ਪਤਾ ਲੱਗੇ ਤਾਂ ਉਸ ਨੂੰ ਨਜ਼ਦੀਕ ਦੀ ਜਗ੍ਹਾ 'ਤੇ ਛੱਡਣਾ ਚਾਹੀਦਾ ਹੈ, ਜਿੱਥੇ ਉਹ ਆਪਣੇ ਘਰ ਰਾਜ ਲਈ ਰੇਲ ਗੱਡੀ ਜਾਂ ਬਸ ਲੈ ਸਕੇ। ਨਾਲ ਹੀ ਅਧਿਕਾਰੀਆਂ ਨੂੰ ਉਨ੍ਹਾਂ ਨੂੰ ਪੰਜਾਬ ਛੱਡਣ ਤੱਕ ਖਾਣਾਅਤੇ ਪਾਣੀ ਵੀ ਮੁਹੱਈਆ ਕਰਵਾਇਆ ਜਾਣਾ ਚਾਹੀਦਾ ਹੈ।
ਪ੍ਰਵਾਸੀਆਂ ਨੂੰ ਨਾ ਘਬਰਾਉਣ ਦੀ ਅਪੀਲ ਕਰਦੇ ਹੋਏ ਮੁੱਖ ਮੰਤਰੀ ਨੇ ਭਰੋਸਾ ਦਿੱਤਾ ਹੈ ਕਿ ਰਾਜ ਸਰਕਾਰ ਗ੍ਰਹਿ ਰਾਜਾਂ 'ਚ ਵਾਪਸੀ ਦੇ ਇਛੁੱਕ ਹਰ ਪ੍ਰਵਾਸੀ ਦੀ ਮਦਦਕਰੇਗੀ ਅਤੇ ਉਨ੍ਹਾਂ ਦੀ ਮੁਫ਼ਤ ਯਾਤਰਾ ਅਤੇ ਖਾਣੇ ਦਾ ਵੀ ਬੰਦੋਬਸਤ ਕਰੇਗੀ। ਪ੍ਰਵਾਸੀਆਂ ਨਾਲ ਰੂ-ਬ-ਰੂ ਹੁੰਦੇ ਹੋਏ ਮੁੱਖ ਮੰਤਰੀ ਨੇ ਕਿਹਾ,''ਪੰਜਾਬ ਤੁਹਾਡੀ ਕਰਮ ਭੂਮੀ ਹੈ, ਚਾਹੇ ਇਹ ਤੁਹਾਡੀ ਜਨਮ ਭੂਮੀ ਨਾ ਵੀ ਹੋਵੇ।'' ਕੈਪਟਨ ਅਮਰਿੰਦਰ ਸਿੰਘ ਨੇ ਪ੍ਰਵਾਸੀ ਨੂੰ ਆਪਣੇ ਗ੍ਰਹਿ ਰਾਜ 'ਚ ਵਾਪਸੀ ਕਰਨ ਦਾ ਔਖਾ ਰਸਤਾ ਪੈਦਲ ਚੱਲ ਕੇ ਤੈਅ ਕਰਨ ਦੀ ਕੋਸ਼ਿਸ਼ ਨਾ ਕਰਨ ਦੀ ਅਪੀਲ ਕੀਤੀ ਹੈ ਕਿਉਂਕਿ ਸੂਬਾ ਸਰਕਾਰ ਉਨ੍ਹਾਂ ਦੇ ਸਫਰ ਲਈ ਰੇਲ ਅਤੇ ਬੱਸਾਂ ਸਮੇਤ ਸਾਰੇ ਜ਼ਰੂਰੀ ਪ੍ਰਬੰਧ ਕਰ ਰਹੀ ਹੈ। ਮੁੱਖ ਮੰਤਰੀ ਨੇ ਖੁਲਾਸਾ ਕੀਤਾ ਕਿ ਪੰਜਾਬ ਤੋਂ ਬਾਹਰ ਜਾਣ ਲਈ ਰਾਜ ਦੇ ਪੋਰਟਲ 'ਤੇ ਹੁਣ ਤੱਕ 10 ਲੱਖ ਤੋਂ ਜ਼ਿਆਦਾ ਵਿਅਕਤੀ ਨਾਂ ਦਰਜ ਕਰਵਾ ਚੁੱਕੇ ਹਨ। ਉਨ੍ਹਾਂ ਦੱਸਿਆ ਹਰ ਵਿਅਕਤੀ ਨੂੰ ਫੋਨ ਕਾਲ ਕਰਕੇ ਦੁਬਾਰਾ ਪਤਾ ਲਾਇਆ ਜਾ ਰਿਹਾ ਹੈ ਕਿ ਕੀ ਉਹ ਆਪਣੇ ਘਰ ਰਾਜ 'ਚ ਵਾਪਸੀ ਕਰਨ ਦੇ ਇਛੁੱਕ ਹਨ ਜਾਂ ਨਹੀਂ। ਮੁੱਖ ਮੰਤਰੀ ਨੇ ਕਿਹਾ,''ਇਹ ਇਸ ਸੱਚਾਈ ਦੇ ਮੱਦੇਨਜ਼ਰ ਕੀਤਾ ਜਾ ਰਿਹਾ ਹੈ ਕਿ ਪਿਛਲੇ 3-4 ਦਿਨਾਂ ਤੋਂ ਰਾਜ 'ਚ ਦੋ ਤਿਹਾਈ ਉਦਯੋਗਿਕ ਇਕਾਈਆਂ ਨੇ ਬਾਸ਼ਿੰਦਿਆਂ 'ਚ ਢਿੱਲ ਦੇਣ ਤੋਂ ਬਾਅਦ ਕੰਮ ਸ਼ੁਰੂ ਕਰ ਦਿੱਤਾ ਹੈ, ਜਿਸ ਤੋਂ ਬਾਅਦ ਪੰਜਾਬ ਤੋਂ ਬਾਹਰ ਜਾਣ ਦੇ ਇਛੁੱਕ ਵਿਅਕਤੀਆਂ ਦੀ ਗਿਣਤੀ 'ਚ ਵੱਡੀ ਕਮੀ ਆਈ ਹੈ। ਕੈਪਟਨ ਅਮਰਿੰਦਰ ਸਿੰਘ ਨੇ ਇਸ ਨੂੰ ਸਵਾਗਤੀ ਸੰਕੇਤ ਕਰਾਰ ਦਿੱਤਾ ਹੈ।