ਸ੍ਰੀ ਹੇਮਕੁੰਟ ਸਾਹਿਬ ਦੀ ਪੈਦਲ ਯਾਤਰਾ ਦੌਰਾਨ ਵਾਪਰੇ ਸੜਕ ਹਾਦਸੇ 'ਚ ਇਕ ਹੋਰ ਸ਼ਰਧਾਲੂ ਦੀ ਮੌਤ

06/17/2023 2:03:03 AM

ਗੁਰਦਾਸਪੁਰ/ਬਟਾਲਾ (ਗੁਰਪ੍ਰੀਤ ਸਿੰਘ) : ਸ੍ਰੀ ਹੇਮਕੁੰਟ ਸਾਹਿਬ ਦੀ ਪੈਦਲ ਯਾਤਰਾ ਦੌਰਾਨ ਗੁਰਦੁਆਰਾ ਪਾਉਂਟਾ ਸਾਹਿਬ ਨੇੜੇ ਵਾਪਰੇ ਸੜਕ ਹਾਦਸੇ 'ਚ 2 ਸ਼ਰਧਾਲੂਆਂ ਦੀ ਮੌਤ ਹੋ ਗਈ ਹੈ। ਮ੍ਰਿਤਕ ਸ਼ਰਧਾਲੂਆਂ 'ਚ ਇਕ ਔਰਤ ਵੀ ਸ਼ਾਮਲ ਹੈ। ਇਸ ਹਾਦਸੇ 'ਚ 2 ਹੋਰ ਜ਼ਖ਼ਮੀ ਹੋਏ ਹਨ। ਮ੍ਰਿਤਕ ਸ਼ਰਧਾਲੂਆਂ 'ਚ ਬਟਾਲਾ ਦੇ ਨੇੜਲੇ ਪਿੰਡ ਤਲਵੰਡੀ ਬਖਤਾ ਦੇ ਰਹਿਣ ਵਾਲੇ ਕੁਲਬੀਰ ਸਿੰਘ (49) ਪੁੱਤਰ ਕਰਮ ਸਿੰਘ ਦਾ ਨਾਂ ਵੀ ਹੈ। ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਨੂੰ ਜਾ ਰਹੇ ਪੈਦਲ ਸ਼ਰਧਾਲੂਆਂ ਨੂੰ ਇੱਟਾਂ ਨਾਲ ਲੱਦੇ ਟਰੱਕ ਨੇ ਬੇਕਾਬੂ ਹੋ ਕੇ ਆਪਣੀ ਲਪੇਟ ਵਿੱਚ ਲੈ ਲਿਆ ਸੀ। ਕੁਲਬੀਰ ਸਿੰਘ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਪਿੰਡ ਤਲਵੰਡੀ ਬਖਤਾ 'ਚ ਸੋਗ ਦੀ ਲਹਿਰ ਦੌੜ ਗਈ ਹੈ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਪਠਾਨਕੋਟ 'ਚ ਪ੍ਰਸਤਾਵਿਤ NSG ਕਮਾਂਡੋ ਹੱਬ ਲਈ ਪੰਜਾਬ ਸਰਕਾਰ ਦੇਵੇਗੀ 103 ਏਕੜ ਮੁਫ਼ਤ ਜ਼ਮੀਨ

ਜ਼ਿਕਰਯੋਗ ਹੈ ਕਿ ਸ੍ਰੀ ਹੇਮਕੁੰਟ ਸਾਹਿਬ ਦੀ ਪੈਦਲ ਯਾਤਰਾ ਲਈ ਇਕ ਜਥਾ 2 ਜੂਨ ਨੂੰ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਤੋਂ ਅਰਦਾਸ ਉਪਰੰਤ ਰਵਾਨਾ ਹੋਇਆ ਸੀ। ਪੈਦਲ ਜਾ ਰਹੇ ਸ਼ਰਧਾਲੂ ਵੱਖ-ਵੱਖ ਥਾਵਾਂ 'ਤੇ ਪੜਾਅ-ਦਰ-ਪੜਾਅ ਵਿਸ਼ਰਾਮ ਕਰਨ ਉਪਰੰਤ ਅਗਲੀ ਮੰਜ਼ਿਲ ਲਈ ਵਧ ਰਹੇ ਸਨ। ਵੀਰਵਾਰ ਰਾਤ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਵਿਖੇ ਵਿਸ਼ਰਾਮ ਕਰਨ ਉਪਰੰਤ ਤੜਕਸਾਰ ਗੁਰਦੁਆਰਾ ਸਾਹਿਬ ਤੋਂ ਰਵਾਨਾ ਹੋਏ ਪੈਦਲ ਸ਼ਰਧਾਲੂਆਂ ਨਾਲ ਕੁਝ ਦੂਰੀ 'ਤੇ ਹਾਦਸਾ ਵਾਪਰ ਗਿਆ।

ਇਹ ਵੀ ਪੜ੍ਹੋ : ਨਾਇਬ ਤਹਿਸੀਲਦਾਰ ਪ੍ਰੀਖਿਆ : ਪਹਿਲੀ ਵਾਰ ਬਾਇਓ ਮੈਟ੍ਰਿਕ ਮਸ਼ੀਨ ਰਾਹੀਂ ਹੋਵੇਗਾ ਉਮੀਦਵਾਰਾਂ ਦਾ ਦਾਖ਼ਲਾ

ਮ੍ਰਿਤਕ ਕੁਲਬੀਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪੈਦਲ ਯਾਤਰਾ ਲਈ ਉਹ ਘਰੋਂ 1 ਜੂਨ ਨੂੰ ਹੀ ਚਲੇ ਗਏ ਸਨ ਅਤੇ ਪਹਿਲੀ ਵਾਰ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਜਾ ਰਹੇ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਨਾਲ ਨਜ਼ਦੀਕੀ ਪਿੰਡ ਦਾ ਇਕ ਵਿਅਕਤੀ ਵੀ ਯਾਤਰਾ 'ਚ ਸ਼ਾਮਲ ਹੈ, ਜਿਸ ਨੇ ਸ਼ੁੱਕਰਵਾਰ ਉਨ੍ਹਾਂ ਨੂੰ ਫੋਨ ਰਾਹੀਂ ਦੱਸਿਆ ਕਿ ਕੁਲਬੀਰ ਸਿੰਘ ਦੀ ਹਾਦਸੇ 'ਚ ਮੌਤ ਹੋ ਗਈ ਹੈ। ਮ੍ਰਿਤਕ ਖੇਤੀਬਾੜੀ ਦਾ ਕੰਮ ਕਰਦਾ ਸੀ ਤੇ ਆਪਣੇ ਪਿੱਛੇ ਪਤਨੀ, 2 ਬੇਟੀਆਂ ਅਤੇ 3 ਬੇਟੇ ਛੱਡ ਗਿਆ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News