ਇਕਲੌਤੇ ਪੁੱਤ ਦੀ ਮੌਤ ਦਾ ਸਦਮਾ ਨਾ ਸਹਾਰਦਿਆਂ ਪਿਓ ਦੀ ਦੁਬਈ ’ਚ ਹੋ ਗਈ ਸੀ ਮੌਤ, ਮਹੀਨੇ ਬਾਅਦ ਘਰ ਪੁੱਜੀ ਲਾਸ਼

07/29/2023 10:03:22 PM

ਭੋਗਪੁਰ (ਰਾਜੇਸ਼ ਸੂਰੀ) : ਬੀਤੀ 23 ਜੂਨ ਨੂੰ ਬਲਾਕ ਭੁਲੱਥ ਦੇ ਪਿੰਡ ਲੰਮੇ ਵਾਸੀ ਨੌਜਵਾਨ ਦੀ ਲਾਸ਼ ਥਾਣਾ ਭੋਗਪੁਰ ਦੇ ਪਿੰਡ ਖੋਜਪੁਰ ਦੇ ਸ਼ਮਸ਼ਾਨਘਾਟ ’ਚ ਮਿਲਣ ਤੋਂ ਬਾਅਦ ਭੋਗਪੁਰ ਪੁਲਸ ਵੱਲੋਂ ਸਹੀ ਕਾਰਵਾਈ ਨਾ ਕੀਤੇ ਜਾਣ ਕਾਰਨ ਇਨਸਾਫ਼ ਉਡੀਕਦੇ ਪਿਤਾ ਦੀ ਵੀ ਸਦਮੇ ਕਾਰਨ ਦੁਬਈ ’ਚ ਮੌਤ ਹੋ ਗਈ । ਮ੍ਰਿਤਕ ਨੌਜਵਾਨ ਦੇ ਪਿਤਾ ਦੀ ਲਾਸ਼ ਜਦੋਂ ਪਿੰਡ ਲੰਮੇ ਪੁੱਜੀ ਤਾਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਇਕ ਮਹੀਨਾ ਪਹਿਲਾਂ ਉਨ੍ਹਾਂ ਦੇ ਨੌਜਵਾਨ ਦੀ ਹੋਈ ਮੌਤ ਨੂੰ ਕਤਲ ਦੱਸਦਿਆਂ ਭੋਗਪੁਰ ਪੁਲਸ ’ਤੇ ਉਨ੍ਹਾਂ ਦੇ ਪੁੱਤ ਦੇ ਕਤਲ ਦੇ ਦੋਸ਼ੀਆਂ ਖਿਲਾਫ਼ ਕਾਰਵਾਈ ਨਾ ਕੀਤੇ ਜਾਣ ਦੇ ਗੰਭੀਰ ਦੋਸ਼ ਲਗਾਏ ਹਨ । ਉਨ੍ਹਾਂ ਕਿਹਾ ਕਿ ਪਹਿਲਾਂ ਘਰ ਦੇ ਨੌਜਵਾਨ ਪੁੱਤ ਦੀ ਮੌਤ ਹੋ ਗਈ ਅਤੇ ਪੁੱਤ ਦੀ ਮੌਤ ਦੇ ਜ਼ਿੰਮੇਵਾਰ ਦੋਸ਼ੀਆਂ ਖਿਲਾਫ਼ ਕਾਰਵਾਈ ਦੀ ਉਡੀਕ ਕਰਦੇ ਪਿਤਾ ਦੀ ਵੀ ਮੌਤ ਹੋ ਗਈ ਪਰ ਭੋਗਪੁਰ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ ਅਤੇ 174 ਦੀ ਕਾਰਵਾਈ ਕਰ ਕੇ ਖਾਨਾਪੂਰਤੀ ਕਰ ਦਿੱਤੀ ।

ਇਹ ਖ਼ਬਰ ਵੀ ਪੜ੍ਹੋ : ਡੀਜ਼ਲ ਇੰਜਣ ਕਾਰਾਂ ਖ਼ਰੀਦਣ ਵਾਲਿਆਂ ਲਈ ਬੇਹੱਦ ਅਹਿਮ ਖ਼ਬਰ, ਇਨ੍ਹਾਂ ਗੱਡੀਆਂ ’ਤੇ ਲੱਗ ਸਕਦੀ ਹੈ ਪਾਬੰਦੀ

ਸਬ-ਡਵੀਜ਼ਨ ਕਸਬਾ ਭੁਲੱਥ ਦੇ ਪਿੰਡ ਲੰਮੇ ਵਿਖੇ ਪਿਛਲੇ ਮਹੀਨੇ ਦੀ 22 ਜੂਨ ਨੂੰ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਲੰਮੇ ਦੇ 20 ਸਾਲਾ ਨੌਜਵਾਨ ਕਮਲਜੀਤ ਸਿੰਘ ਨੂੰ ਪਿੰਡ ਲੰਮੇ ਦਾ ਰਾਜਾ ਨਾਂ ਦਾ ਨੌਜਵਾਨ ਘਰੋਂ ਬੁਲਾ ਲੈ ਕੇ ਗਿਆ ਸੀ ਕਿ ਅਸੀਂ ਕਿਸੇ ਧਾਰਮਿਕ ਸਥਾਨ ’ਤੇ ਜਾਣਾ ਹੈ, ਫਿਰ ਜਦੋਂ ਮਾਤਾ ਕਮਲੇਸ਼ ਨੇ ਆਪਣੇ ਪੁੱਤ ਨੂੰ ਰਾਤ 9 ਵਜੇ ਫੋਨ ਕੀਤਾ, ਉਦੋਂ ਵੀ ਉਹਦੀ ਗੱਲ ਹੋਈ। ਮਾਤਾ ਕਮਲੇਸ਼ ਦਾ ਕਹਿਣਾ ਹੈ ਕਿ ਸੀ. ਸੀ. ਟੀ. ਵੀ. ਦੀ ਫੁਟੇਜ ’ਚ ਰਾਤ 10 ਵਜੇ ਤੱਕ ਉਨ੍ਹਾਂ ਦਾ ਪੁੱਤ ਠੀਕ-ਠਾਕ ਸੀ ਪਰ ਉਸ ਤੋਂ ਬਾਅਦ ਉਸ ਦੇ ਪੁੱਤ ਦਾ ਫੋਨ ਬੰਦ ਸੀ। 23 ਜੂਨ ਨੂੰ ਸਵੇਰੇ ਅਨੀਸ ਨਾਂ ਦਾ ਨੌਜਵਾਨ ਪਿੰਡ ਖੋਜਪੁਰ ਨੇ ਕਮਲਜੀਤ ਦੀ ਮਾਤਾ ਨੂੰ ਫੋਨ ਕਰ ਕੇ ਦੱਸਿਆ ਕਿ ਕਮਲਜੀਤ ਪਿੰਡ ਖੋਜਪੁਰ ਦੇ ਸ਼ਮਸ਼ਾਨਘਾਟ ਵਿਚ  ਡਿੱਗਿਆ ਪਿਆ ਹੈ ਤੇ ਮਾਤਾ ਕਮਲੇਸ਼ ਤੇ ਹੋਰ ਆਂਢ-ਗੁਆਂਢ ਦੇ ਲੋਕ ਜਦੋਂ ਪਿੰਡ ਖੋਜਪੁਰ ਦੇ ਸ਼ਮਸ਼ਾਨਘਾਟ ’ਚ ਸਵੇਰੇ 10 ਵਜੇ ਪਹੁੰਚੇ ਤਾਂ ਉਨ੍ਹਾਂ ਜਲਦ ਨਾਲ ਟਾਂਡੇ ਦੇ ਸਰਕਾਰੀ ਹਸਪਤਾਲ ਕਮਲਜੀਤ ਨੂੰ ਪਹੁੰਚਾਇਆ।

ਇਹ ਖ਼ਬਰ ਵੀ ਪੜ੍ਹੋ : ਅਹਿਮ ਖ਼ਬਰ : ਵਿਜੀਲੈਂਸ ਨੇ ਸਾਬਕਾ ਵਿਧਾਇਕ ਕੁਸ਼ਲਦੀਪ ਢਿੱਲੋਂ ਖ਼ਿਲਾਫ਼ ਸਪਲੀਮੈਂਟਰੀ ਚਾਰਜਸ਼ੀਟ ਕੀਤੀ ਦਾਖ਼ਲ

 ਜਿਥੇ ਡਿਊਟੀ ’ਤੇ ਮੌਜੂਦ ਡਾਕਟਰਾਂ ਨੇ ਦੱਸਿਆ ਕਿ ਉਸ ਦੀ ਮੌਤ ਹੋਈ ਨੂੰ ਤਾਂ ਚਾਰ-ਪੰਜ ਘੰਟੇ ਹੋ ਗਏ ਹਨ ਤੇ ਨਸ਼ੇ ਦੀ ਵੱਧ ਓਵਰਡੋਜ਼ ਤੇ ਸਰੀਰ ’ਤੇ 5 ਟੀਕਿਆਂ ਦੇ ਵੀ ਨਿਸ਼ਾਨ ਸਨ। ਮ੍ਰਿਤਕ ਨੌਜਵਾਨ ਕਮਲਜੀਤ ਦੀ ਮਾਂ ਕਮਲੇਸ਼ ਨੇ ਦੱਸਿਆ ਕਿ ਮੇਰੇ ਕੋਲੋਂ ਸਾਡੇ ਪਿੰਡ ਦੇ ਮੌਜੂਦਾ ਸਰਪੰਚ ਤੇ ਮੈਂਬਰ ਪੰਚਾਇਤ ਨੇ ਹਸਪਤਾਲ ’ਚ ਇਹ ਕਹਿ ਕੇ ਦਸਤਖ਼ਤ ਕਰਵਾਏ ਕਿ ਪੋਸਟਮਾਰਟਮ ਕਰਵਾਉਣਾ ਹੈ, ਇਸ ਤੋਂ ਬਾਅਦ ਮ੍ਰਿਤਕ ਲੜਕੇ ਦਾ ਪਿਤਾ ਜਗਤਾਰ ਸਿੰਘ ਸੋਨੀ, ਜੋ ਪਿਛਲੇ ਕੁਝ ਸਾਲਾਂ ਤੋਂ ਦੁਬਈ ’ਚ ਰਹਿ ਰਿਹਾ ਸੀ, ਨੂੰ ਜਦੋਂ ਪੁੱਤ ਕਮਲਜੀਤ ਦੀ ਮੌਤ ਦੀ ਖ਼ਬਰ ਮਿਲੀ ਤਾਂ ਉਸ ਨੂੰ ਕਾਫ਼ੀ ਸਦਮਾ ਲੱਗਾ ਤੇ ਉਹ 26 ਜੂਨ ਨੂੰ ਜਦੋਂ ਦੁਬਈ ਕੰਮ ’ਤੇ ਗਿਆ ਤਾਂ ਉਥੇ ਡਿਊਟੀ ਦੌਰਾਨ ਹੀ ਹਾਰਟ ਅਟੈਕ ਨਾਲ ਮੌਤ ਹੋ ਗਈ। ਪਰਿਵਾਰ ਵਾਲਿਆਂ ਵੱਲੋਂ ਕਾਫ਼ੀ ਜੱਦੋ-ਜਹਿਦ ਕਰਨ ਮਗਰੋਂ 1 ਮਹੀਨੇ ਬਾਅਦ  ਮ੍ਰਿਤਕ ਦੇਹ ਭਾਰਤ ਲਿਆਂਦੀ ਗਈ ਤੇ ਪਿੰਡ ਲੰਮੇ ਦੇ ਸ਼ਮਸ਼ਾਨਘਾਟ ’ਚ ਜਗਤਾਰ ਸਿੰਘ ਸੋਨੀ ਦਾ ਸਸਕਾਰ ਕੀਤਾ । ਇਸ ਮੌਕੇ ਮ੍ਰਿਤਕ ਕਮਲਜੀਤ ਸਿੰਘ ਦੀ ਮਾਂ ਕਮਲੇਸ਼ ਨੇ ਪੰਜਾਬ ਸਰਕਾਰ ਤੋਂ ਇਨਸਾਫ਼ ਦੀ ਮੰਗ ਕੀਤੀ ਤੇ ਕਿਹਾ ਕਿ ਮੇਰੇ ਲੜਕੇ ਨੂੰ ਮਾਰਨ ਵਾਲੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕੀਤਾ ਜਾਵੇ ਤੇ ਮੇਰੇ ਘਰਵਾਲੇ, ਜਿਸ ਦੀ ਦੁਬਈ ’ਚ ਮੌਤ ਹੋ ਗਈ ਹੈ। ਸਾਡਾ ਕੋਈ ਵੀ ਸਹਾਰਾ ਨਹੀਂ ਹੈ, ਸਾਡੀ ਮਾਲੀ ਮਦਦ ਕੀਤੀ ਜਾਵੇ । 

ਜੇਕਰ ਪੀੜਤ ਸ਼ਿਕਾਇਤ ਦੇਣ ਤਾਂ ਜਾਂਚ ਉਪਰੰਤ ਮਾਮਲਾ ਹੋਵੇਗਾ ਦਰਜ : ਡੀ. ਐੱਸ. ਪੀ. ਆਦਮਪੁਰ

ਇਸ ਮਾਮਲੇ ਸਬੰਧੀ ਜਦੋਂ ਡੀ.ਐੱਸ.ਪੀ. ਆਦਮਪੁਰ ਸੁਖਨਾਜ਼ ਸਿੰਘ ਹੁਰਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮ੍ਰਿਤਕ ਕਮਲਜੀਤ ਸਿੰਘ ਦੀ ਮਾਂ, ਸਰਪੰਚ ਅਤੇ ਹੋਰਨਾਂ ਵੱਲੋਂ ਦਿੱਤੇ ਬਿਆਨਾਂ ਤਹਿਤ ਪੁਲਸ ਵੱਲੋਂ ਕਾਰਵਾਈ ਕੀਤੀ ਗਈ ਸੀ ਪਰ ਜੇਕਰ ਪੀੜਤ ਦੁਬਾਰਾ ਸ਼ਿਕਾਇਤ ਦੇਣ ਤਾਂ ਜਾਂਚ ਉਪਰੰਤ ਮਾਮਲਾ ਦਰਜ ਕਰ ਦਿੱਤਾ ਜਾਵੇਗਾ।


Manoj

Content Editor

Related News