ਸਰਕਾਰੀ ਮੈਡੀਕਲ ਕਾਲਜ ਦੀ ਵਿਦਿਆਰਥਣ ਦੀ ਭੇਦਭਰੀ ਹਾਲਤ ’ਚ ਮੌਤ

Saturday, Jul 20, 2024 - 09:56 PM (IST)

ਸਰਕਾਰੀ ਮੈਡੀਕਲ ਕਾਲਜ ਦੀ ਵਿਦਿਆਰਥਣ ਦੀ ਭੇਦਭਰੀ ਹਾਲਤ ’ਚ ਮੌਤ

ਪਟਿਆਲਾ (ਬਲਜਿੰਦਰ) : ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੇ ਐਨਾਸਥੀਸੀਆ ਵਿਭਾਗ ਦੇ ਤੀਜੇ ਸਾਲ ਦੀ ਵਿਦਿਆਰਥਣ ਸ਼ੁਭਾਸ਼ਿਨੀ ਦੀ ਭੇਦਭਰੀ ਹਾਲਤ ਵਿਚ ਮੌਤ ਹੋ ਗਈ। ਉਹ ਚੇੱਨਈ ਦੀ ਰਹਿਣ ਵਾਲੀ ਸੀ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਨਿਊ ਅਫਸਰ ਕਾਲੋਨੀ ਦੀ ਪੁਲਸ ਪਾਰਟੀ ਮੌਕੇ ’ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਮੌਕੇ ’ਤੇ ਫੋਰੈਂਸਿਕ ਮਾਹਿਰਾਂ ਦੀਆਂ ਟੀਮਾਂ ਵੀ ਬੁਲਾ ਲਈਆ ਸਨ।

ਨਿਊ ਅਫਸਰ ਕਾਲੋਨੀ ਚੌਕੀ ਇੰਚਾਰਜ ਇੰਦਰਜੀਤ ਸਿੰਘ ਨੇ ਦੱਸਿਆ ਕਿ ਹੁਣ ਤੱਕ ਸਾਹਮਣੇ ਆਇਆ ਹੈ ਕਿ ਹਰੇਕ ਵਿਦਿਆਰਥਣ ਨੂੰ ਇਕ-ਇਕ ਕਮਰਾ ਅਲਾਟ ਕੀਤਾ ਹੋÎਇਆ ਹੈ ਅਤੇ ਸੁਭਾਸ਼ਿਨੀ ਰੋਜ਼ਾਨਾ ਦੀ ਤਰ੍ਹਾਂ ਸ਼ੁੱਕਰਵਾਰ ਨੂੰ ਆਪਣੇ ਹੋਸਟਲ ਦੇ ਕਮਰੇ ’ਚ ਗਈ ਅਤੇ ਸ਼ਨੀਵਾਰ ਨੂੰ ਆਪਣੇ ਕਮਰੇ ’ਚੋਂ ਨਹੀਂ ਨਿਕਲੀ, ਜਿਸ ਤੋਂ ਬਾਅਦ ਹੋਸਟਲ ਦੇ ਵਾਰਡਨ ਨੂੰ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਕਮਰਾ ਖੋਲ੍ਹਿਆ ਅਤੇ ਦੇਖਿਆ ਕਿ ਸੁਭਾਸ਼ਿਨੀ ਬੇਸ਼ੁੱਧ ਪਈ ਸੀ। ਇਸ ਤੋਂ ਬਾਅਦ ਪੁਲਸ ਨੂੰ ਸੂਚਨਾ ਦਿੱਤੀ ਗਈ।

ਉਨ੍ਹਾਂ ਦੱਸਿਆ ਕਿ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਸੂਚਨਾ ਦੇ ਦਿੱਤੀ ਗਈ ਹੈ ਅਤੇ ਮੌਤ ਦਾ ਕੀ ਕਾਰਨ ਸੀ, ਇਸ ਦਾ ਪਤਾ ਪੋਸਟਮਾਰਟਮ ਤੋਂ ਬਾਅਦ ਹੀ ਲੱਗੇਗਾ। ਉਨ੍ਹਾਂ ਦੱਸਿਆ ਕਿ ਐਤਵਾਰ ਨੂੰ ਪਰਿਵਾਰ ਦੇ ਪਹੁੰਚਣ ਦੀ ਸੰਭਾਵਨਾ ਹੈ।


author

Baljit Singh

Content Editor

Related News