ਕੰਮ ਤੋਂ ਘਰ ਜਾ ਰਹੇ ਨੌਜਵਾਨਾਂ ਨਾਲ ਵਾਪਰਿਆ ਹਾਦਸਾ, ਇਕ ਦੀ ਮੌਤ
Sunday, Dec 01, 2019 - 11:13 PM (IST)

ਜਲੰਧਰ, (ਸ਼ੋਰੀ)— ਪਿੰਡ ਧਾਰੀਵਾਲ ਕਾਦੀਆਂ ਪਟਰੋਲ ਪੰਪ ਨੇੜੇ ਤੇਜ਼ ਰਫਤਾਰ ਆਟੋ ਨੇ ਗਲਤ ਦਿਸ਼ਾ ਤੋਂ ਆ ਕੇ ਸਕੂਟਰੀ ਨੂੰ ਟੱਕਰ ਮਾਰ ਦਿੱਤੀ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਸਕੂਟਰੀ ਸਵਾਰ ਦੋਵੇਂ ਨੌਜਵਾਨ ਘੜੀਸਦੇ ਹੋਏ ਕਾਫੀ ਦੂਰ ਚਲੇ ਗਏ। ਖੂਨ ਨਾਲ ਲਥਪਥ ਦੋਵੇਂ ਨੌਜਵਾਨਾਂ ਨੂੰ ਹਸਪਤਾਲ ਪਹੁੰਚਾਉਣ ਦੀ ਥਾਂ 'ਤੇ ਆਟੋ ਚਾਲਕ ਲੋਕਾਂ ਦੀ ਭੀੜ ਜਮਾਂ ਹੁੰਦੀ ਦੇਖ ਕੇ ਭੱਜ ਗਿਆ।
ਲੋਕਾਂ ਨੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਪਰ ਹਸਪਤਾਲ ਆਉਣ ਤੋਂ ਪਹਿਲਾਂ ਹੀ ਇਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਬਲਕਾਰ ਸਿੰਘ (22) ਪੁੱਤਰ ਜਸਵੰਤ ਸਿੰਘ ਵਾਸੀ ਪਿੰਡ ਨਵਾਂ ਪਿੰਡ ਦੋਨੇ (ਸ਼ਾਹਕੋਟ) ਦੀ ਲਾਸ਼ ਨੂੰ ਪੋਸਟਮਾਰਟਮ ਲਈ ਮੁਰਦਾ ਘਰ ਰੱਖਿਆ ਹੈ ਤੇ ਦੂਜੇ ਜ਼ਖ਼ਮੀ ਰੋਹਿਤ ਪੁੱਤਰ ਨਾਨਾ ਵਾਸੀ ਪਿੰਡ ਲੋਹੀਆਂ ਖਾਸ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ, ਹਾਲਾਂਕਿ ਉਸ ਦੇ ਪੈਰ ਦੀ ਹੱਡੀ ਬੁਰੀ ਤਰ੍ਹਾਂ ਨਾਲ ਟੁੱਟ ਚੁੱਕੀ ਹੈ।
ਜਾਣਕਾਰੀ ਮੁਤਾਬਕ ਦੋਵੇਂ ਨੌਜਵਾਨ ਡੀ. ਸੀ. ਨਾਮਕ ਵਿਅਕਤੀ ਕੋਲ ਲੋਹੀਆ ਖਾਸ ਥਾਣੇ ਨੇੜੇ ਸਕੂਟਰ ਰਿਪੇਅਰ ਦਾ ਕੰਮ ਕਰਦੇ ਹਨ। ਦੇਰ ਸ਼ਾਮ ਸਕੂਟਰੀ 'ਤੇ ਸਵਾਰ ਹੋ ਕੇ ਘਰ ਨੂੰ ਜਾ ਰਹੇ ਸਨ। ਬਲਕਾਰ ਸਿੰਘ ਸਕੂਟਰੀ ਚੱਲਾ ਰਿਹਾ ਸੀ ਕਿ ਅਚਾਨਕ ਸਾਹਮਣਿਓਂ ਆਏ ਆਟੋ ਨੇ ਉਨ੍ਹਾਂ ਨੂੰ ਟੱਕਰ ਮਾਰੀ, ਹਾਦਸੇ 'ਚ ਆਟੋ ਵੀ ਨੁਕਸਾਨਿਆ ਗਿਆ। ਥਾਣਾ ਲਾਂਬੜਾ ਦੇ ਐੱਸ. ਐੱਚ. ਓ. ਪੁਸ਼ਪ ਬਾਲੀ ਦਾ ਕਹਿਣਾ ਸੀ ਕਿ ਪੁਲਸ ਨੇ ਆਟੋ ਨੂੰ ਕਬਜ਼ੇ 'ਚ ਲੈ ਲਿਆ ਹੈ ਤੇ ਫਰਾਰ ਆਟੋ ਚਾਲਕ ਦੀ ਭਾਲ ਜਾਰੀ ਹੈ। ਪੁਲਸ ਵਲੋਂ ਆਟੋ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਜਲਦੀ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।