ਸੜਕ ’ਤੇ ਜਾ ਰਹੇ ਲੋਕਾਂ ’ਤੇ ਚੜ੍ਹੀ ਤੇਜ਼ ਰਫਤਾਰ ਕਾਰ, 2 ਦੀ ਮੌਤ

Saturday, Aug 31, 2019 - 10:41 PM (IST)

ਸੜਕ ’ਤੇ ਜਾ ਰਹੇ ਲੋਕਾਂ ’ਤੇ ਚੜ੍ਹੀ ਤੇਜ਼ ਰਫਤਾਰ ਕਾਰ, 2 ਦੀ ਮੌਤ

ਫਿਲੌਰ, (ਭਾਖਡ਼ੀ)- ਬੀਤੀ ਰਾਤ ਤੇਜ਼ ਰਫਤਾਰ ਕਾਰ ਸਡ਼ਕ ਕੰਢੇ ਪੈਦਲ ਜਾ ਰਹੇ 5 ਵਿਅਕਤੀਆਂ ’ਤੇ ਚਡ਼੍ਹ ਗਈ। ਇਸ ਹਾਦਸੇ ’ਚ ਦੋ ਵਿਅਕਤੀਆਂ ਦੀ ਮੌਕੇ ’ਤੇ ਮੌਤ ਹੋ ਗਈ, ਜਦਕਿ 3 ਨੇ ਭੱਜ ਕੇ ਜਾਨ ਬਚਾਈ। ਦੋਵਾਂ ਮ੍ਰਿਤਕਾਂ ਨੂੰ ਕਾਰ ਚਾਲਕ ਅੱਧਾ ਕਿਲੋਮੀਟਰ ਦੂਰ ਤੱਕ ਘਡ਼ੀਸਦਾ ਹੋਇਆ ਨਾਲ ਲੈ ਗਿਆ।

ਮਿਲੀ ਸੂਚਨਾ ਮੁਤਾਬਕ ਬੀਤੀ ਰਾਤ ਸਾਢੇ 9 ਵਜੇ ਦੇ ਕਰੀਬ ਨੈਸ਼ਨਲ ਹਾਈਵੇ ਕੋਲ ਸਥਿਤ ਭਗਵਾਨ ਮਈਆਂ ਦਾ ਦਰਬਾਰ ਜਿੱਥੇ ਅੱਜ ਤੋਂ 3 ਦਿਨ ਦੇ ਮੇਲੇ ਦੀ ਸ਼ੁਰੂਆਤ ਹੋਣ ਜਾ ਰਹੀ ਹੈ, ਉੱਥੇ ਪਹਿਲਾਂ ਤੋਂ ਹੀ ਦੂਜੇ ਸ਼ਹਿਰਾਂ ਤੋਂ ਵੱਡੀ ਗਿਣਤੀ ਵਿਚ ਲੋਕ ਭਗਵਾਨ ਮਈਆ ਦਾ ਆਸ਼ੀਰਵਾਦ ਲੈਣ ਲਈ ਪੁੱਜ ਰਹੇ ਹਨ। ਅਚਾਨਕ ਰਾਤ ਨੂੰ ਚੀਕਾਂ ਦੀਆਂ ਆਵਾਜ਼ਾਂ ਸੁਣ ਕੇ ਲੋਕ ਹੈਰਾਨੀ ਵਿਚ ਪੈ ਗਏ। ਜਦੋਂ ਸਡ਼ਕ ਕੰਢੇ ਆਪਣੇ ਰਸਤੇ ਜਾ ਰਹੇ ਪੰਜ ਵਿਅਕਤੀਆਂ ਦੇ ਉੱਪਰ ਲੁਧਿਆਣਾ ਵੱਲੋਂ ਆ ਰਹੀ ਤੇਜ਼ ਰਫਤਾਰ ਕਾਰ ਚਡ਼੍ਹ ਗਈ। ਦੋ ਵਿਅਕਤੀ ਗੱਡੀ ਦੇ ਥੱਲੇ ਟਾਇਰਾਂ ਵਿਚ ਫਸ ਗਏ, ਜਦੋਂਕਿ 3 ਨੇ ਇਧਰ ਉਧਰ ਭੱਜ ਕੇ ਜਾਨ ਬਚਾਈ।

ਕਾਰ ਚਾਲਕ ਨੇ ਕੀਤੀਆਂ ਹੈਵਾਨੀਅਤ ਦੀਆਂ ਹੱਦਾਂ ਪਾਰ

ਕਾਰ ਚਾਲਕ ਨੇ ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰਦੇ ਹੋਏ ਆਪਣੀ ਕਾਰ ਥੱਲੇ 2 ਵਿਅਕਤੀ ਫਸੇ ਹੋਣ ਦੇ ਬਾਵਜੂਦ ਨਾ ਤਾਂ ਕਾਰ ਰੋਕੀ ਅਤੇ ਨਾ ਹੀ ਕਾਰ ਦੀ ਸਪੀਡ ਘੱਟ ਕੀਤੀ। ਦੋਵੇਂ ਵਿਅਕਤੀਆਂ ਨੂੰ ਘੜੀਸਦਾ ਹੋਇਆ ਉਹ ਅੱਧਾ ਕਿਲੋਮੀਟਰ ਦੂਰ ਤੱਕ ਲੈ ਗਿਆ ਜਿਸ ਨਾਲ ਗੱਡੀ ਦੇ ਥੱਲੇ ਫਸੇ ਲੋਕਾਂ ਦੇ ਸਰੀਰ ਦੇ ਅੰਗ ਟੁੱਟ ਕੇ ਸਡ਼ਕ ਵਿਚ ਆ ਗਏ। ਸਾਥੀਆਂ ਨੂੰ ਬਚਾਉਣ ਲਈ ਉਹ ਤਿੰਨੋ ਜ਼ੋਰ ਨਾਲ ਚੀਕਦੇ ਰਹੇ ਪਰ ਉਨ੍ਹਾਂ ਦੀਆਂ ਚੀਕਾਂ ਦਾ ਕਾਰ ਚਾਲਕ ’ਤੇ ਕੋਈ ਅਸਰ ਨਹੀਂ ਹੋਇਆ। ਜਿਵੇਂ ਹੀ ਦੋਵੇਂ ਗੱਡੀ ਤੋਂ ਵੱਖ ਹੋਏ ਤਾਂ ਉਹ ਕਾਰ ਭਜਾ ਕੇ ਜਲੰਧਰ ਵੱਲ ਲੈ ਗਿਆ। ਉਕਤ ਘਟਨਾ ਵਿਚ ਦਿਨੇਸ਼ (23) ਅਤੇ ਸ਼ਿਵ ਭਗਵਾਨ (33) ਦੀ ਮੌਕੇ ’ਤੇ ਹੀ ਮੌਤ ਹੋ ਗਈ ਜਿਨ੍ਹਾਂ ਦੀਆਂ ਲਾਸ਼ਾਂ ਕਬਜ਼ੇ ਵਿਚ ਲੈ ਕੇ ਸਥਾਨਕ ਪੁਲਸ ਨੇ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਵਿਚ ਰਖਵਾ ਦਿੱਤੀਆਂ। ਉਕਤ ਘਟਨਾ ਵਿਚ ਕਾਰ ਚਾਲਕ ਦੇ ਗੱਡੀ ਦੀ ਅਗਲੀ ਨੰਬਰ ਪਲੇਟ ਟੁੱਟ ਕੇ ਉੱਥੇ ਡਿੱਗ ਗਈ ਜਿਸ ਨੂੰ ਮ੍ਰਿਤਕਾਂ ਦੇ ਸਾਥੀਆਂ ਨੇ ਚੁੱਕ ਕੇ ਪੁਲਸ ਨੂੰ ਦੇ ਦਿੱਤੀ, ਜਿਸ ਤੋਂ ਹੁਣ ਪੁਲਸ ਕਾਰ ਚਾਲਕ ਤੱਕ ਆਸਾਨੀ ਨਾਲ ਪੁੱਜ ਸਕਦੀ ਹੈ। ਘਟਨਾ ਵਿਚ ਬਾਲ-ਬਾਲ ਬਚੇ ਤਿੰਨੋ ਵਿਅਕਤੀਆਂ ਨੇ ਪੁਲਸ ਨੂੰ ਦੱਸਿਆ ਕਿ ਦੋਵੇਂ ਮ੍ਰਿਤਕ ਜਗਤਪੁਰਾ ਫਿਲੌਰ ਦੇ ਰਹਿਣ ਵਾਲੇ ਹਨ, ਜੋ ਧਾਰਮਕ ਅਸਥਾਨ ’ਤੇ ਲੱਗਣ ਵਾਲੇ ਮੇਲਿਆਂ ਵਿਚ ਬਾਹਰ ਖਿਡੌਣੇ ਵੇਚਣ ਦੀਆਂ ਦੁਕਾਨਾਂ ਲਾਉਂਦੇ ਸਨ।

 


author

KamalJeet Singh

Content Editor

Related News