ਦੋ ਧਿਰਾਂ ਦੀ ਲੜਾਈ ''ਚ ਬੇਕਸੂਰ ਨੂੰ ਮਿਲੀ ਖੌਫਨਾਕ ਮੌਤ
Monday, May 18, 2020 - 06:14 PM (IST)

ਬਰਨਾਲਾ (ਪੁਨੀਤ ਮਾਨ): ਜ਼ਿਲਾ ਬਰਨਾਲਾ ਪਿੰਡ ਗਹਿਲਾ ਦੇ ਕੋਲ ਦੋ ਧਿਰਾਂ ਵਿਚਾਲੇ ਹੋਈ ਖੂਨੀ ਜੰਗ 'ਚ ਇਕ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਇਸ ਖੂਨੀ ਜੰਗ 'ਚ ਕਈ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਅਤੇ ਕੁਝ ਨੂੰ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਇਸ ਖੂਨੀ ਜੰਗ 'ਚ 2 ਲੋਕਾਂ ਨੂੰ ਜ਼ਿਆਦਾ ਗੰਭੀਰ ਹਾਲਤ 'ਚ ਪਟਿਆਲਾ ਰੈਫਰ ਕੀਤਾ ਗਿਆ ਸੀ, ਜਿਸ 'ਚ ਇਕ 17 ਸਾਲ ਦੇ ਮੁੰਡੇ ਦਾ ਜ਼ਿਆਦਾ ਖੂਨ ਨਿਕਲਣ ਕਾਰਨ ਉਸ ਦੀ ਰਸਤੇ 'ਚ ਹੀ ਮੌਤ ਹੋ ਗਈ। ਦਰਅਸਲ ਰਾਜਾ ਸਿੰਘ ਨਾਂ ਦੇ ਲੜਕੇ ਦੀ ਕੁਝ ਵਿਅਕਤੀਆਂ ਨਾਲ ਪੁਰਾਣੀ ਰੰਜਿਸ਼ ਚੱਲੀ ਆ ਰਹੀ ਸੀ। ਬੀਤੇ ਦਿਨ ਜਦੋਂ ਉਹ ਆਪਣੇ 2 ਸਾਥੀਆਂ ਨਾਲ ਕਿਸੇ ਪਿੰਡ ਤੂੜੀ ਦਾ ਪਤਾ ਕਰਨ ਗਏ ਤਾਂ ਘਾਤ ਲਗਾ ਕੇ ਬੈਠੇ ਕੁਝ ਹਥਿਆਰਬੰਦ ਵਿਅਕਤੀਆਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ।
ਇਸ ਹਮਲੇ 'ਚ ਰਾਜਾ ਸਿੰਘ ਦੇ ਨਾਲ ਗਏ 17 ਸਾਲਾ ਪ੍ਰਿੰਸ ਦੀ ਮੌਤ ਹੋ ਗਈ। ਇਸ ਸਾਰੀ ਘਟਨਾ ਦੀ ਛਾਣਬੀਣ ਕਰ ਰਹੀ ਐੱਸ.ਐੱਚ.ਓ. ਅਮਨਦੀਪ ਕੌਰ ਨੇ ਦੱਸਿਆ ਕਿ ਦੋ ਧਿਰਾਂ 'ਚ ਆਪਸੀ ਮੁੱਠਭੇੜ ਹੋਈ ਹੈ, ਜਿਸ 'ਚ ਕਈ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਅਤੇ ਜ਼ਿਆਦਾ ਗੰਭੀਰ ਨੂੰ ਪਟਿਆਲਾ ਰੈਫਰ ਕੀਤਾ ਗਿਆ। ਬਾਕੀ ਬਰਨਾਲਾ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਏ ਗਏ ਹਨ। ਪੁੱਛਗਿਛ ਅਤੇ ਜਾਂਚ ਚੱਲ ਰਹੀ ਹੈ ਅਤੇ ਜੋ ਵੀ ਤੱਥ ਸਾਹਮਣੇ ਆਉਣੇ ਉਸ ਦੇ ਆਧਾਰ 'ਤੇ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਜਾਵੇਗਾ।