ਹੁਸ਼ਿਆਰਪੁਰ 'ਚ ਵੱਡੀ ਵਾਰਦਾਤ, ਦੋ ਸਕੇ ਭਰਾਵਾਂ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ, ਇਕ ਦੀ ਮੌਤ
Monday, Jul 20, 2020 - 11:31 PM (IST)
ਹੁਸ਼ਿਆਰਪੁਰ/ਮਾਹਿਲਪੁਰ (ਅਮਰੀਕ)— ਥਾਣਾ ਮਾਹਿਲਪੁਰ ਅਧੀਨ ਪੈਂਦੇ ਪਿੰਡ ਪੋਸੀ 'ਚ ਦੋ ਸਕੇ ਭਰਾਵਾਂ ਨੂੰ ਪਿੰਡ ਦੇ ਹੀ ਇਕ ਬੇਦਖ਼ਲ ਨੌਜਵਾਨ ਨੂੰ ਘਰ 'ਚ ਰੱਖਣਾ ਇੰਨਾ ਮਹਿੰਗਾ ਪੈ ਗਿਆ ਕਿ ਇਸ ਦੀ ਕੀਮਤ ਦੋਹਾਂ 'ਚੋਂ ਭਰਾਵਾਂ 'ਚੋਂ ਇਕ ਨੂੰ ਆਪਣੀ ਜਾਨ ਦੇ ਕੇ ਗੁਆਉਣੀ ਪਈ।
ਬੇਦਖ਼ਲ ਲੜਕੇ ਦੇ ਪਰਿਵਾਰਕ ਮੈਂਬਰਾਂ ਨੇ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਬੀਤੀ ਸ਼ਾਮ ਦੁਕਾਨ 'ਤੇ ਜਾ ਕੇ ਸਕੇ ਭਰਾਵਾਂ 'ਤੇ ਕਾਤਲਾਨਾ ਹਮਲਾ ਕਰ ਦਿੱਤਾ। ਮੌਕੇ 'ਤੇ ਦੋਹਾਂ ਜ਼ਖ਼ਮੀਆਂ ਨੂੰ ਤੁੰਰਤ ਸਿਵਲ ਹਸਪਤਾਲ ਗੜ੍ਹਸ਼ੰਕਰ ਦਾਖ਼ਲ ਕਰਵਾਇਆ ਗਿਆ, ਜਿੱਥੇ ਇਕ ਦੀ ਹਾਲਤ ਨੂੰ ਨਾਜ਼ੁਕ ਵੇਖਦੇ ਹੋਏ ਉਸ ਨੂੰ ਪੀ. ਜੀ. ਆਈ. ਚੰਡੀਗੜ੍ਹ ਰੈਫ਼ਰ ਕਰ ਦਿੱਤਾ, ਜਿੱਥੇ ਉਸ ਦੀ ਮੌਤ ਹੋ ਗਈ। ਥਾਣਾ ਮਾਹਿਲਪੁਰ ਦੀ ਪੁਲਸ ਨੇ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸੀਮਾ ਰਾਣੀ ਪਤਨੀ ਰਾਮ ਲੁਭਾਇਆ ਵਾਸੀ ਪੋਸੀ ਨੇ ਥਾਣਾ ਮਾਹਿਲਪੁਰ ਦੀ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਉਸ ਦੇ ਦੋ ਲੜਕੇ ਦੀਪਕ ਕੁਮਾਰ ਅਤੇ ਸ਼ਿਵ ਸ਼ਾਂਤ ਨੇ ਇਕ ਮਹੀਨਾ ਪਹਿਲਾਂ ਹੀ ਪਿੰਡ ਦੇ ਬਾਹਰਵਾਰ ਵੈਲਡਿੰਗ ਦੀ ਦੁਕਾਨ ਪਾਈ ਸੀ ਅਤੇ ਉਸ ਦੀ ਭੈਣ ਸੁਨੀਤਾ ਦਾ ਘਰ ਵੀ ਉਨ੍ਹਾਂ ਦੇ ਪੁੱਤਰਾਂ ਦੀ ਦੁਕਾਨ ਦੇ ਨਜ਼ਦੀਕ ਹੈ।
ਉਸ ਨੇ ਦੱਸਿਆ ਕਿ ਬੀਤੀ ਸ਼ਾਮ ਉਹ ਆਪਣੀ ਭੈਣ ਦੇ ਘਰ ਜਾ ਰਹੀ ਸੀ ਤਾਂ ਉਸ ਦੇ ਪੁੱਤਰਾਂ ਦੀ ਦੁਕਾਨ ਕੋਲ ਭੀੜ ਇੱਕਠੀ ਸੀ, ਜਿੱਥੋਂ ਪਤਾ ਲੱਗਾ ਕਿ ਅੱਧਾ ਦਰਜ਼ਨ ਮੋਟਰਸਾਈਕਲਾਂ 'ਤੇ ਸਵਾਰ ਹਥਿਆਬੰਦ ਨੌਜਵਾਨਾਂ ਨੇ ਉਨ੍ਹਾਂ ਦੇ ਲੜਕਿਆਂ ਦੀ ਦੁਕਾਨ 'ਤੇ ਤੇਜ਼ਧਾਰ ਹਥਿਆਰਾਂ ਨਾਲ ਕਾਤਲਾਨਾ ਹਮਲਾ ਕਰ ਦਿੱਤਾ ਹੈ ਅਤੇ ਉਸ ਦੇ ਦੋਵੇਂ ਪੁੱਤਰ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਨੂੰ ਗੜ੍ਹਸ਼ੰਕਰ ਦਾਖ਼ਲ ਕਰਵਾਇਆ ਗਿਆ ਹੈ।
ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਲਾਡੀ ਪੁੱਤਰ ਗੁਰਮੇਲ ਸਿੰਘ ਨੂੰ ਉਸ ਦੇ ਘਰ ਵਾਲਿਆਂ ਨੇ ਬੇਦਖ਼ਲ ਕੀਤਾ ਹੋਇਆ ਹੈ ਅਤੇ ਲਾਡੀ ਪਿਛਲੇ ਇਕ ਸਾਲ ਤੋਂ ਉਨ੍ਹਾਂ ਦੇ ਘਰ ਰਹਿ ਰਿਹਾ ਹੈ। ਲਾਡੀ ਦੇ ਪਰਿਵਾਰਕ ਮੈਂਬਰ ਅਤੇ ਲਾਡੀ ਦੀ ਭੈਣ ਕਮਲਜੀਤ ਕੌਰ ਪਤਨੀ ਚਰਨਦਾਸ ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਦੇ ਘਰ ਆਏ ਸਨ ਅਤੇ ਉਨ੍ਹਾਂ ਨੂੰ ਸਬਕ ਸਿਖ਼ਾਉਣ ਦੀਆਂ ਧਮਕੀਆਂ ਦੇ ਕੇ ਗਏ ਸਨ। ਉਨ੍ਹਾਂ ਦੱਸਿਆ ਕਿ ਸੋਨੀ ਵਾਸੀ ਰਾਜਪੁਰ ਭਾਈਆਂ ਜਿਸ ਦਾ ਕਮਲਜੀਤ ਦੇ ਘਰ ਆਉਣਾ-ਜਾਣਾ ਹੈ, ਨੇ ਹਮਸਲਾਹ ਹੋ ਕੇ ਆਪਣੇ ਨਾਲ ਅਣਪਛਾਤੇ ਵਿਅਕਤੀ ਲੈ ਕੇ ਉਨ੍ਹਾਂ ਦੇ ਪੁੱਤਰਾਂ 'ਤੇ ਕਾਤਲਾਨਾ ਹਮਲਾ ਕਰ ਦਿੱਤਾ।
ਦੀਪਕ ਦੀ ਪੀ. ਜੀ. ਆਈ. ਚੰਡੀਗੜ੍ਹ ਵਿਖ਼ੇ ਮੌਤ ਹੋ ਗਈ ਜਦਕਿ ਸ਼ਿਵਸ਼ਾਂਤ ਨੂੰ ਗੰਭੀਰ ਜ਼ਖਮੀ ਹਾਲਤ 'ਚ ਸਿਵਲ ਹਸਪਤਾਲ ਮਾਹਿਲਪੁਰ ਦਾਖ਼ਲ ਕਰਵਾਇਆ ਗਿਆ ਹੈ। ਥਾਣਾ ਮਾਹਿਲਪੁਰ ਦੀ ਪੁਲਸ ਨੇ ਸੋਨੀ ਵਾਸੀ ਰਾਜਪੁਰ ਭਾਈਆਂ, ਕੁਲਵਿੰਦਰ ਕੌਰ ਪਤਨੀ ਗੁਰਮੇਲ ਸਿੰਘ ਵਾਸੀ ਪੋਸੀ, ਮਨਦੀਪ ਕੌਰ ਪਤਨੀ ਰਵੀ ਵਾਸੀ ਪੋਸੀ, ਰਵੀ ਪੁੱਤਰ ਗੁਰਮੇਲ ਸਿੰਘ, ਸੋਨੂੰ ਪੁੱਤਰ ਗੁਰਮੇਲ ਸਿੰਘ ਵਾਸੀ ਪੋਸੀ, ਕਮਲਜੀਤ ਕੌਰ ਪਤਨੀ ਚਰਨਦਾਸ ਵਾਸੀ ਪੋਸੀ, ਚਰਨ ਦਾਸ ਅਤੇ ਕੁੱਝ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖ਼ੀ ਸੁਖ਼ਵਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।