ਨਸ਼ਾ ਤਸਕਰ ਨੂੰ ਫੜਨ ਗਏ ਪੁਲਸ ਮੁਲਾਜ਼ਮਾਂ ’ਤੇ ਜਾਨਲੇਵਾ ਹਮਲਾ, ਤਿੰਨ ਔਰਤਾਂ ਸਮੇਤ 4 ਖ਼ਿਲਾਫ ਕੇਸ ਦਰਜ

Tuesday, Mar 05, 2024 - 03:31 PM (IST)

ਨਸ਼ਾ ਤਸਕਰ ਨੂੰ ਫੜਨ ਗਏ ਪੁਲਸ ਮੁਲਾਜ਼ਮਾਂ ’ਤੇ ਜਾਨਲੇਵਾ ਹਮਲਾ, ਤਿੰਨ ਔਰਤਾਂ ਸਮੇਤ 4 ਖ਼ਿਲਾਫ ਕੇਸ ਦਰਜ

ਭਵਾਨੀਗੜ੍ਹ (ਵਿਕਾਸ ਮਿੱਤਲ) : ਪਿੰਡ ਜੌਲੀਆਂ ਵਿਖੇ ਨਸ਼ਾ ਤਸਕਰੀ ਦੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਗਏ ਪੁਲਸ ਮੁਲਾਜ਼ਮਾਂ ’ਤੇ ਲੋਹੇ ਦੀ ਨੁਕੀਲੀ ਪਾਈਪ ਤੇ ਡੰਡੇ ਨਾਲ ਹਮਲਾ ਕਰ ਦਿੱਤਾ ਗਿਆ। ਘਟਨਾ ’ਚ ਦੋ ਪੁਲਸ ਮੁਲਾਜ਼ਮ ਜ਼ਖਮੀ ਹੋ ਗਏ। ਮਾਮਲੇ ਸਬੰਧੀ ਪੁਲਸ ਨੇ ਤਿੰਨ ਔਰਤਾਂ ਸਮੇਤ 4 ਜਣਿਆਂ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦੇ ਹੋਏ ਪੁਲਸ ਚੌਕੀ ਜੌਲੀਆਂ ਦੇ ਇੰਚਾਰਜ ਏ. ਐੱਸ. ਆਈ ਓਮਕਾਰ ਸਿੰਘ ਨੇ ਦੱਸਿਆ ਕਿ ਚੌਕੀ ਦੇ ਏ. ਐੱਸ. ਆਈ ਸਤਵੰਤ ਸਿੰਘ ਤੇ ਦਰਸ਼ਨ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਥਾਣਾ ਭਵਾਨੀਗੜ੍ਹ ’ਚ ਦਰਜ ਨਸ਼ਾ ਤਸਕਰੀ ਦੇ ਦੋ ਮਾਮਲਿਆਂ ’ਚ ਦੋਸ਼ੀ ਸ਼ਤਰੂ ਸਿੰਘ ਵਾਸੀ ਜੌਲੀਆਂ ਆਪਣੇ ਘਰ ਦੇ ਬਾਹਰ ਬੈਠਾ ਤਾਸ਼ ਖੇਡ ਰਿਹਾ ਹੈ ਜਿਸ ਨੂੰ ਛਾਪੇਮਾਰੀ ਕਰਕੇ ਕਾਬੂ ਕੀਤਾ ਜਾ ਸਕਦਾ ਹੈ ਅਤੇ ਜਦੋਂ ਦੋਵੇਂ ਪੁਲਸ ਮੁਲਾਜ਼ਮ ਸ਼ਤਰੂ ਸਿੰਘ ਦੇ ਘਰ ਦੇ ਬਾਹਰ ਪੁੱਜੇ ਤਾਂ ਮੁਲਜ਼ਮ ਭੱਜ ਕੇ ਆਪਣੇ ਘਰ 'ਚ ਦਾਖ਼ਲ ਹੋ ਗਿਆ। ਪੁਲਸ ਮੁਲਾਜ਼ਮ ਪਿੱਛਾ ਕਰਦੇ ਹੋਏ ਗਏ ਤਾਂ ਘਰ 'ਚ ਮੌਜੂਦ ਸ਼ਤਰੂ ਦੀ ਮਾਂ ਮੂਰਤੀ, ਪਤਨੀ ਨਿਸ਼ਾ ਤੇ ਭਰਜਾਈ ਕਰਮਜੀਤ ਕੌਰ ਨੇ ਏ.ਐੱਸ.ਆਈ ਦਰਸ਼ਨ ਸਿੰਘ ਨੂੰ ਫੜ ਕੇ ਪੌੜੀਆਂ ਚੜ੍ਹਨ ਤੋਂ ਰੋਕ ਲਿਆ ਜਦੋਂਕਿ ਸ਼ਤਰੂ ਸਿੰਘ ਨੇ ਕਥਿਤ ਮਾਰ ਦੇਣ ਦੇ ਇਰਾਦੇ ਨਾਲ ਛੱਤ ’ਤੇ ਪਈ ਲੋਹੇ ਦੀ ਨੁਕੀਲੀ ਪਾਈਪ ਪੌੜੀਆਂ ਚੜ੍ਹ ਰਹੇ ਏ.ਐੱਸ.ਆਈ ਸਤਵੰਤ ਸਿੰਘ ਦੇ ਸਿਰ ’ਤੇ ਮਾਰੀ ਤੇ ਮੌਕੇ ਤੋਂ ਫਰਾਰ ਹੋ ਗਿਆ।

ਏ. ਐੱਸ. ਆਈ. ਓਮਕਾਰ ਸਿੰਘ ਨੇ ਦੱਸਿਆ ਕਿ ਸਤਵੰਤ ਸਿੰਘ ਸੱਟ ਲੱਗਣ ਕਾਰਨ ਪੌੜੀਆਂ ਤੋਂ ਹੇਠਾਂ ਉਤਰਿਆ ਤਾਂ ਸ਼ਤਰੂ ਦੀ ਪਤਨੀ ਨਿਸ਼ਾ ਨੇ ਵੀ ਕਥਿਤ ਜਾਨੋਂ ਮਾਰਨ ਦੀ ਨੀਅਤ ਨਾਲ ਉਸ ਉੱਪਰ ਡੰਡੇ ਨਾਲ ਹਮਲਾ ਕਰ ਦਿੱਤਾ ਜੋ ਆਪਣਾ ਬਚਾਅ ਕਰਦੇ ਸਮੇਂ ਸਤਵੰਤ ਸਿੰਘ ਦੇ ਗੁੱਟ ’ਤੇ ਵੱਜਾ। ਏ. ਐੱਸ. ਆਈ. ਓਮਕਾਰ ਨੇ ਦੱਸਿਆ ਕਿ ਘਟਨਾ ਵਿਚ ਜ਼ਖ਼ਮੀ ਹੋਏ ਦੋਵੇਂ ਪੁਲਸ ਮੁਲਾਜ਼ਮਾਂ ਨੂੰ ਭਵਾਨੀਗੜ੍ਹ ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੋਂ ਡਾਕਟਰਾਂ ਨੇ ਦੋਵਾਂ ਨੂੰ ਸੰਗਰੂਰ ਰੈਫ਼ਰ ਕਰ ਦਿੱਤਾ। ਇਸ ਮਾਮਲੇ ਸਬੰਧੀ ਏ. ਐੱਸ. ਆਈ ਸਤਵੰਤ ਸਿੰਘ ਦੇ ਬਿਆਨਾਂ ’ਤੇ ਕਾਰਵਾਈ ਕਰਦਿਆਂ ਪੁਲਸ ਨੇ ਕੰਮ ’ਚ ਵਿਘਨ ਪਾਉਣ, ਇਰਾਦਾ ਕਤਲ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮੁਲਜ਼ਮ ਸ਼ਤਰੂ ਸਿੰਘ, ਉਸਦੀ ਪਤਨੀ ਨਿਸ਼ਾ, ਮਾਂ ਮੂਰਤੀ ਤੇ ਭਰਜਾਈ ਕਰਮਜੀਤ ਕੌਰ ਖ਼ਿਲਾਫ਼ ਥਾਣਾ ਭਵਾਨੀਗੜ੍ਹ ਵਿਖੇ ਮੁਕੱਦਮਾ ਦਰਜ ਕਰ ਲਿਆ ਹੈ। ਪੁਲਸ ਨੇ ਦੱਸਿਆ ਕਿ ਮਾਮਲੇ ’ਚ ਸਾਰੇ ਮੁਲਜ਼ਮ ਫ਼ਰਾਰ ਹਨ।


author

Gurminder Singh

Content Editor

Related News