ਵੱਡੇ ਸੁਫ਼ਨੇ ਲੈ ਕੇ ਓਮਾਨ ਗਈ ਕੁੜੀ ਦੀ ਤਾਬੂਤ ''ਚ ਆਈ ਲਾਸ਼! ਮਾਂ ਨੂੰ ਕਹਿੰਦੀ ਸੀ ਵਿਦੇਸ਼ੋਂ ਆ ਕੇ ਬਣਾਵਾਂਗੀ ਨਵਾਂ ਘਰ
Monday, May 04, 2026 - 02:12 PM (IST)
ਜਲੰਧਰ (ਸੋਨੂੰ)- ਅਬਾਦਪੁਰਾ ਦੀ ਰਹਿਣ ਵਾਲੀ ਇਕ ਕੁੜੀ ਦੀ ਏਜੰਟ ਵੱਲੋਂ ਧੋਖਾ ਖਾਣ ਤੋਂ ਬਾਅਦ ਓਮਾਨ ਵਿੱਚ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ। ਉਸ ਦੀ ਲਾਸ਼ ਜਲੰਧਰ ਪਹੁੰਚ ਗਈ ਹੈ। ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਜੋਤੀ ਨੇ ਦੱਸਿਆ ਕਿ ਉਸ ਦੀ 23 ਸਾਲਾ ਚਚੇਰੀ ਭੈਣ ਅੰਕਿਤਾ ਨੇ ਟ੍ਰੈਵਲ ਏਜੰਟ ਜਸਕਰਨ ਸਿੰਘ ਰਾਹੀਂ ਸ਼ਾਰਜਾਹ ਦਾ ਵੀਜ਼ਾ ਲਗਵਾਇਆ ਸੀ। ਪਰਿਵਾਰ ਦਾ ਦੋਸ਼ ਹੈ ਕਿ ਟ੍ਰੈਵਲ ਏਜੰਟ ਨੇ ਉਸ ਨੂੰ ਓਮਾਨ ਭੇਜਿਆ, ਜਿੱਥੇ ਉਸ ਨੂੰ ਸੱਤ ਮਹੀਨਿਆਂ ਤੱਕ ਟਾਰਚਰ ਕੀਤਾ ਗਿਆ।
ਇਹ ਵੀ ਪੜ੍ਹੋ: ਅਮਰੀਕਾ-ਈਰਾਨ ਦੇ ਤਣਾਅ ਵਿਚਾਲੇ ਦੇਸ਼ ਦੇ ਕਾਰੋਬਾਰੀਆਂ 'ਤੇ ਮੰਡਰਾ ਰਿਹੈ ਖ਼ਤਰਾ! ਝੱਲਣੀ ਪੈ ਸਕਦੀ ਵੱਡੀ ਮੁਸੀਬਤ

ਭੈਣ ਨਾਲ ਉਥੇ ਬੇਰਹਿਮੀ ਨਾਲ ਕੁੱਟਮਾਰ ਕੀਤੀ ਜਾਂਦੀ ਸੀ। ਇਸ ਘਟਨਾ ਵਿਚ ਭੈਣ ਦੀ ਉਥੇ ਮੌਤ ਹੋ ਗਈ। ਭੈਣ ਦੀ ਲਾਸ਼ ਹੁਣ ਓਮਾਨ ਤੋਂ ਜਲੰਧਰ ਪਹੁੰਚੀ ਹੈ। ਵਿਦੇਸ਼ ਜਾਣ ਤੋਂ ਪਹਿਲਾਂ ਉਸ ਨੇ ਮਾਂ ਨੂੰ ਕਿਹਾ ਸੀ ਕਿ ਉਹ ਵਾਪਸੀ ਕਰਕੇ ਨਵਾਂ ਘਰ ਬਣਾਏਗੀ ਪਰ ਕਿਸੇ ਨੂੰ ਨਹੀਂ ਪਤਾ ਸੀ ਕਿ ਉਸ ਦੀ ਲਾਸ਼ ਹੀ ਉਥੋਂ ਜਲੰਧਰ ਪਹੁੰਚੇਗੀ। ਪਰਿਵਾਰ ਨੇ ਪ੍ਰਸ਼ਾਸਨ ਤੋਂ ਇਨਸਾਫ਼ ਦੀ ਗੁਹਾਰ ਲਗਾਈ ਹੈ ਅਤੇ ਏਜੰਟਾਂ ਦੇ ਪਿੱਛੇ ਲੱਗਣ ਤੋਂ ਬਚਣ ਲਈ ਕਿਹਾ ਹੈ। ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਤੱਕ ਏਜੰਟ ਖ਼ਿਲਾਫ਼ ਕਾਰਵਾਈ ਨਹੀ ਕੀਤੀ ਜਾਂਦੀ ਉਦੋਂ ਤੱਕ ਉਹ ਲਾਸ਼ ਲੈ ਕੇ ਸੜਕ 'ਤੇ ਬੈਠੇ ਰਹਿਣਗੇ ਅਤੇ ਧਰਨਾ ਦੇਣਗੇ। ਪਰਿਵਾਰ ਨੇ ਕਿਹਾ ਕਿ ਜਦੋਂ ਤੱਕ ਟ੍ਰੈਵਲ ਏਜੰਟ ਜਸਕਰਨ, ਆਸ਼ਾ ਅਤੇ ਅਲੀ ਖ਼ਿਲਾਫ਼ ਪੁਲਸ ਕੋਈ ਕਾਰਵਾਈ ਨਹੀਂ ਕਰਦੀ, ਉਦੋਂ ਤੱਕ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਪੰਜਾਬ 'ਚ ਰਿਸ਼ਤੇ ਸ਼ਰਮਸਾਰ! ਦਰਿੰਦਾ ਬਣੇ ਨਾਨੇ ਨੇ ਦੋਹਤੀ ਦੀ ਰੋਲ਼ੀ ਪੱਤ, ਇੰਝ ਖੁੱਲ੍ਹਿਆ ਭੇਤ
ਪਰਿਵਾਰ ਨੇ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਏਜੰਟਾਂ ਕਾਰਨ ਕਿਸੇ ਹੋਰ ਕੁੜੀ ਦੀ ਲਾਸ਼ ਇਸ ਤਰ੍ਹਾਂ ਡੱਬੇ ਵਿੱਚ ਆਵੇ। ਪਰਿਵਾਰ ਨੇ ਏਜੰਟ 'ਤੇ ਕੁੜੀ ਨੂੰ ਵਿਦੇਸ਼ 'ਚ ਵੇਚਣ ਦਾ ਦੋਸ਼ ਲਗਾਏ ਹਨ। ਪਰਿਵਾਰ ਨੇ ਕਿਹਾ ਕਿ ਉਹ 10 ਦਿਨਾਂ ਤੋਂ ਕੁੜੀ ਦੀ ਮੌਤ ਕਾਰਨ ਸੋਗ ਵਿਚ ਹਨ। ਉਨ੍ਹਾਂ ਨੇ ਪਿਛਲੇ 10 ਦਿਨਾਂ ਤੋਂ ਕੁੜੀ ਦਾ ਚਿਹਰਾ ਨਹੀਂ ਵੇਖਿਆ। ਮ੍ਰਿਤਕ ਕੁੜੀ ਦੀ ਮਾਂ ਨੇ ਦੱਸਿਆ ਕਿ ਸੋਸ਼ਲ ਮੀਡੀਆ 'ਤੇ ਇਕ ਇਸ਼ਤਿਹਾਰ ਵੇਖਣ ਤੋਂ ਬਾਅਦ ਏਜੰਟ ਜਸਕਰਨ ਨਾਲ ਸੰਪਰਕ ਕੀਤਾ ਸੀ। ਫਿਰ ਉਹ ਪੁਲਸ ਲਾਈਨ ਅੰਬਿਕਾ ਟਾਵਰ ਵਿਖੇ ਜੇ. ਆਰ. ਐਂਟਰਪ੍ਰਾਈਜ਼ਿਜ਼ ਗਏ, ਜਿੱਥੇ ਏਜੰਟ ਨੇ ਕੁੜੀ ਨੂੰ ਸ਼ਾਰਜਾਹ ਦੀ ਬਜਾਏ ਓਮਾਨ ਦਾ ਵੀਜ਼ਾ ਲੱਗਵਾ ਦਿੱਤਾ। ਜਸਕਰਨ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਸੀ ਕਿ ਅੰਕਿਤਾ ਨੂੰ ਘਰੇਲੂ ਕੰਮ ਲਈ ਓਮਾਨ ਭੇਜਿਆ ਜਾਵੇਗਾ ਅਤੇ ਬਦਲੇ ਵਿੱਚ ਉਸ ਨੂੰ 30,000 ਮਿਲਣਗੇ। ਪਰਿਵਾਰ ਨੇ 71,000 ਰੁਪਏ ਅਤੇ ਅੰਕਿਤਾ ਦਾ ਪਾਸਪੋਰਟ ਏਜੰਟ ਨੂੰ ਸੌਂਪ ਦਿੱਤਾ। ਅੰਕਿਤਾ 2 ਅਕਤੂਬਰ 2025 ਨੂੰ ਦਿੱਲੀ ਤੋਂ ਓਮਾਨ ਲਈ ਰਵਾਨਾ ਹੋ ਗਈ ਸੀ।

ਓਮਾਨ ਪਹੁੰਚਣ ਤੋਂ ਬਾਅਦ ਅੰਕਿਤਾ ਆਪਣੀ ਮਾਂ ਦੇ ਸੰਪਰਕ 'ਚ ਸੀ। ਇਸ ਦੌਰਾਨ ਉਸਨੇ ਆਪਣੀ ਮਾਂ ਨੂੰ ਫ਼ੋਨ 'ਤੇ ਦੱਸਿਆ ਕਿ ਉੱਥੇ ਉਸ ਨੂੰ ਕਾਫ਼ੀ ਟਾਰਚਰ ਕੀਤਾ ਜਾ ਰਿਹਾ ਸੀ ਅਤੇ ਜਿਨਸੀ ਸ਼ੋਸ਼ਣ ਵੀ ਕੀਤਾ ਗਿਆ ਸੀ। ਜਦੋਂ ਪਰਿਵਾਰ ਨੇ ਏਜੰਟ ਨੂੰ ਆਪਣੀ ਧੀ ਨੂੰ ਵਾਪਸ ਲਿਆਉਣ ਲਈ ਕਿਹਾ ਤਾਂ ਉਸ ਨੇ ਝੂਠੇ ਭਰੋਸੇ ਦਿੱਤੇ। 24 ਅਪ੍ਰੈਲ ਨੂੰ ਪਰਿਵਾਰ ਨੂੰ ਇਕ ਫੋਨ ਆਇਆ ਜਿਸ 'ਚ ਉਨ੍ਹਾਂ ਨੂੰ ਦੱਸਿਆ ਗਿਆ ਕਿ ਅੰਕਿਤਾ ਦੀ ਮੌਤ ਹੋ ਗਈ ਹੈ। ਜਿਸ ਦਾ ਪਤਾ ਲੱਗਦੇ ਹੀ ਏਜੰਟ ਜਸਕਰਨ ਦਫ਼ਤਰ ਬੰਦ ਕਰਕੇ ਫਰਾਰ ਹੋ ਗਿਆ।

ਇਹ ਵੀ ਪੜ੍ਹੋ: Punjab: ਦਿਹਾੜੀ ਲਾਉਣ ਚੱਲਿਆ ਬੰਦਾ ਬਣਿਆ ਲੱਖਪਤੀ, 7 ਰੁਪਏ 'ਚ ਚਮਕੀ ਕਿਸਮਤ

ਭਾਜਪਾ ਵਰਕਰ ਗੁਰਵਿੰਦਰ ਸਿੰਘ ਮੁਲਤਾਨੀ ਨੇ ਕਿਹਾ ਕਿ ਅੰਕਿਤਾ ਦੀ ਲਾਸ਼ ਓਮਾਨ ਤੋਂ ਜਲੰਧਰ ਪਹੁੰਚ ਚੁੱਕੀ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇ ਅਤੇ ਪੁਲਸ ਧੋਖੇਬਾਜ਼ ਏਜੰਟ ਵਿਰੁੱਧ ਢੁੱਕਵੀਂ ਕਾਰਵਾਈ ਕਰੇ। ਗੁਰਵਿੰਦਰ ਨੇ ਕਿਹਾ ਕਿ ਉਨ੍ਹਾਂ ਨੇ ਪਰਿਵਾਰ ਨਾਲ ਗੱਲ ਕੀਤੀ ਹੈ, ਜਿਨ੍ਹਾਂ ਨੇ ਕਿਹਾ ਹੈ ਕਿ ਜਦੋਂ ਤੱਕ ਇਨਸਾਫ਼ ਨਹੀਂ ਮਿਲਦਾ ਅਤੇ ਏਜੰਟ ਵਿਰੁੱਧ ਸਖ਼ਤ ਕਾਰਵਾਈ ਨਹੀਂ ਕੀਤੀ ਜਾਂਦੀ, ਉਹ ਅੰਕਿਤਾ ਦਾ ਅੰਤਿਮ ਸੰਸਕਾਰ ਨਹੀਂ ਕਰਨਗੇ।
ਇਹ ਵੀ ਪੜ੍ਹੋ: 3,4,5,6 ਨੂੰ ਭਾਰੀ ਮੀਂਹ! ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਹਨ੍ਹੇਰੀ-ਤੂਫ਼ਾਨ ਦਾ Alert, ਸਾਵਧਾਨ ਰਹਿਣ ਲੋਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
