ਤਿੰਨ ਦਿਨਾਂ ਬਾਅਦ ਨਹਿਰ ''ਚੋਂ ਮਿਲੀ ਲਾਸ਼
Saturday, Mar 10, 2018 - 08:06 AM (IST)
ਮੋਗਾ (ਆਜ਼ਾਦ) - ਆਪਣੀ ਭੈਣ ਨੂੰ ਮੋਬਾਇਲ ਤੋਂ ਗਲਤ ਮੈਸੇਜ ਭੇਜਣ ਦੇ ਮਾਮਲੇ ਤੋਂ ਗੁੱਸੇ 'ਚ ਆਏ ਮਾਮੇ ਦੇ ਲੜਕੇ ਵਿਜੇ ਕੁਮਾਰ ਨਿਵਾਸੀ ਬਾਘਾਪੁਰਾਣਾ ਵੱਲੋਂ ਆਪਣੇ ਦੋਸਤਾਂ ਨਾਲ ਮਿਲ ਕੇ ਆਪਣੀ ਸਕੀ ਭੂਆ ਦੇ ਬੇਟੇ ਅਜੇ ਕੁਮਾਰ ਨਿਵਾਸੀ ਲੁਧਿਆਣਾ, ਜੋ ਬਰਨਾਲਾ ਦੇ ਇਕ ਕਾਲਜ 'ਚ ਬੀ. ਟੈੱਕ. ਇੰਜੀਨੀਅਰ ਦਾ ਵਿਦਿਆਰਥੀ ਸੀ, ਦੀ ਬੀਤੇ 6 ਮਾਰਚ ਨੂੰ ਬੇਰਹਿਮੀ ਨਾਲ ਕੁੱਟ-ਮਾਰ ਕਰ ਕੇ ਤੇਜ਼ਧਾਰ ਕੈਂਚੀ ਨਾਲ ਹੱਤਿਆ ਕਰਨ ਤੋਂ ਬਾਅਦ ਲਾਸ਼ ਨੂੰ ਖੁਰਦ-ਬੁਰਦ ਕਰਨ ਦੇ ਮੰਤਵ ਨਾਲ ਚੰਨੂੰ ਵਾਲਾ ਨਹਿਰ 'ਚ ਸੁੱਟ ਦਿੱਤੀ ਗਈ ਸੀ। ਕੁੱਟ-ਮਾਰ ਤੋਂ ਪਹਿਲਾਂ ਉਨ੍ਹਾਂ ਅਜੇ ਦੀ ਨਗਨ ਹਾਲਤ 'ਚ ਵੀਡੀਓ ਵੀ ਬਣਾਈ। ਬਾਘਾਪੁਰਾਣਾ ਪੁਲਸ ਨੇ ਅੱਜ ਲਾਸ਼ ਨੂੰ ਨਹਿਰ 'ਚੋਂ ਬਰਾਮਦ ਕਰ ਲਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਬਾਘਾਪੁਰਾਣਾ ਦੇ ਮੁਖੀ ਇੰਸਪੈਕਟਰ ਜੰਗਜੀਤ ਸਿੰਘ ਨੇ ਦੱਸਿਆ ਕਿ ਬੀਤੇ ਤਿੰਨ ਦਿਨਾਂ ਤੋਂ ਲਾਸ਼ ਦੀ ਤਲਾਸ਼ ਕੀਤੀ ਜਾ ਰਹੀ ਸੀ ਤੇ ਦੂਰ ਤੱਕ ਨਹਿਰ ਨੂੰ ਖੰਗਾਲਿਆ ਗਿਆ। ਅਸੀਂ ਪਿੰਡ ਖੋਟੇ ਤੋਂ ਲਿਆਂਦੇ ਗਏ ਗੋਤਾਖੋਰਾਂ ਦੀ ਸਹਾਇਤਾ ਨਾਲ ਆਖਿਰ ਅਜੇ ਕੁਮਾਰ ਦੀ ਲਾਸ਼ ਨੂੰ ਪੰਜਗਰਾਈਂ ਖੁਰਦ ਨਹਿਰ ਅਬੋਹਰ ਫੀਡਰ 'ਚੋਂ ਅੱਜ ਬਰਾਮਦ ਕਰ ਲਿਆ। ਹੌਲਦਾਰ ਅਮਰਜੀਤ ਸਿੰਘ ਵੱਲੋਂ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਮੋਗਾ ਪਹੁੰਚਾ ਦਿੱਤੀ ਗਈ, ਜਿਸ ਤੋਂ ਬਾਅਦ ਵਾਰਿਸਾਂ ਨੂੰ ਸੌਂਪੀ ਜਾਵੇਗੀ।
ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ
ਥਾਣਾ ਬਾਘਾਪੁਰਾਣਾ ਦੇ ਮੁਖੀ ਇੰਸਪੈਕਟਰ ਜੰਗਜੀਤ ਸਿੰਘ ਨੇ ਦੱਸਿਆ ਕਿ ਉਕਤ ਹੱਤਿਆ ਦੇ ਮਾਮਲੇ 'ਚ ਮ੍ਰਿਤਕ ਦੇ ਮਾਮੇ ਦੇ ਲੜਕੇ ਵਿਜੇ ਕੁਮਾਰ ਪੁੱਤਰ ਬੇਅੰਤ ਰਾਜ ਅਤੇ ਉਸ ਦੇ ਦੋਸਤ ਫਤਿਹ ਸਿੰਘ ਦੋਨੋਂ ਨਿਵਾਸੀ ਮੁਗਲੂ ਪੱਤੀ ਬਾਘਾਪੁਰਾਣਾ ਦੇ ਇਲਾਵਾ ਬਿੱਟੂ ਸਿੰਘ ਉਰਫ ਬੁੱਟਰ ਨਿਵਾਸੀ ਹੈਬੋਵਾਲ ਡੇਰਿਆਂ (ਲੁਧਿਆਣਾ) ਖਿਲਾਫ ਮ੍ਰਿਤਕ ਦੇ ਪਿਤਾ ਜਸਵਿੰਦਰ ਕੁਮਾਰ ਨਿਵਾਸੀ ਲੁਧਿਆਣਾ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕੀਤਾ ਗਿਆ ਸੀ। ਉਕਤ ਮਾਮਲੇ 'ਚ ਦੋਸ਼ੀਆਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਟੀਮ ਗਠਿਤ ਕੀਤੀ ਗਈ ਹੈ, ਜਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਦੋਸ਼ੀਆਂ ਦੇ ਜਲਦੀ ਕਾਬੂ ਆ ਜਾਣ ਦੀ ਸੰਭਾਵਨਾ ਹੈ।
