ਮਾਂ ਤੇ ਪਤਨੀ ਨੇ ਪਛਾਣੀ ਬੋਰੀ ''ਚੋਂ ਮਿਲੀ ਨੌਜਵਾਨ ਦੀ ਲਾਸ਼
Sunday, Apr 01, 2018 - 07:28 AM (IST)

ਸੋਸ਼ਲ ਮੀਡੀਆ ਰਾਹੀਂ ਕੀਤੀ ਸ਼ਨਾਖਤ
ਮਲੇਰਕੋਟਲਾ(ਜ਼ਹੂਰ/ਸ਼ਹਾਬੂਦੀਨ)— ਵੀਰਵਾਰ ਨੂੰ ਨੇੜਲੇ ਪਿੰਡ ਆਹਨਖੇੜੀ ਵਿਖੇ ਸਵੇਰੇ ਬੋਰੀ 'ਚ ਬੰਦ ਨੌਜਵਾਨ ਦੀ ਲਾਸ਼ ਮਿਲੀ ਸੀ, ਜਿਸਦੀ ਸ਼ਨਾਖਤ ਹੋ ਗਈ ਹੈ। ਮ੍ਰਿਤਕ ਦੀ ਸ਼ਨਾਖਤ ਉਸਦੀ ਪਤਨੀ ਮਨਦੀਪ ਕੌਰ ਅਤੇ ਮਾਤਾ ਕੁਲਜੀਤ ਕੌਰ ਨੇ ਕੀਤੀ। ਡੀ.ਐੱਸ.ਪੀ ਯੋਗੀਰਾਜ ਅਨੁਸਾਰ ਮ੍ਰਿਤਕ ਜਸਵਿੰਦਰ ਸਿੰਘ ਪੁੱਤਰ ਬਹਾਦਰ ਸਿੰਘ ਪਿੰਡ ਚਾਂਗਲੀ ਦਾ ਵਸਨੀਕ ਸੀ। ਮ੍ਰਿਤਕ ਦੇ ਤਿੰਨ ਬੱਚੇ ਹਨ ਅਤੇ ਉਹ ਮਜ਼ਦੂਰੀ ਕਰਦਾ ਸੀ। ਪੁਲਸ ਨੇ ਲਾਸ਼ ਸ਼ਨਾਖਤ ਲਈ ਸਿਵਲ ਹਸਪਤਾਲ ਵਿਚ 72 ਘੰਟਿਆਂ ਲਈ ਰੱਖੀ ਸੀ। ਸੋਸ਼ਲ ਮੀਡੀਆ ਰਾਹੀਂ ਪੁਲਸ ਵੱਲੋਂ ਜਾਰੀ ਕੀਤੀ ਗਈ ਮ੍ਰਿਤਕ ਦੀ ਤਸਵੀਰ ਦੀ ਸ਼ਨਾਖਤ ਕਰਦਿਆਂ ਜਸਵਿੰਦਰ ਸਿੰਘ ਦੀ ਪਤਨੀ ਨੇ ਸਥਾਨਕ ਪੁਲਸ ਨਾਲ ਸੰਪਰਕ ਕੀਤਾ, ਜਿਸ 'ਤੇ ਪੁਲਸ ਨੇ ਦਰਜ ਮਾਮਲੇ ਵਿਚ ਵਾਧਾ ਕਰਦਿਆਂ ਲਾਸ਼ ਦਾ ਪੋਸਟਮਾਰਟਮ ਕਰਨ ਲਈ ਡਾਕਟਰਾਂ ਦਾ ਤਿੰਨ ਮੈਂਬਰੀ ਬੋਰਡ ਗਠਿਤ ਕੀਤਾ , ਜਿਸ ਵਿਚ ਡਾ. ਸੌਰਵ ਸਿੰਗਲਾ, ਡਾ. ਸੁਖਵਿੰਦਰ ਸਿੰਘ ਅਤੇ ਡਾ. ਮੁਹੰਮਦ ਬਿਲਾਲ ਸ਼ਾਮਲ ਸਨ। ਪੋਸਟਮਾਰਟਮ ਕਰ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ। ਹਸਪਤਾਲ ਦੇ ਐੈੱਸ. ਐੈੱਮ. ਓ. ਡਾ. ਕਰਨੈਲ ਸਿੰਘ ਅਨੁਸਾਰ ਮ੍ਰਿਤਕ ਜਸਵਿੰਦਰ ਸਿੰਘ ਦੀ ਪੋਸਟਮਾਰਟਮ ਰਿਪੋਰਟ ਦਾ ਅਜੇ ਖੁਲਾਸਾ ਨਹੀਂ ਕੀਤਾ ਜਾ ਸਕਦਾ ਅਤੇ ਮਾਹਿਰਾਂ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ।