ਫ਼ਰੀਦਕੋਟ ਡੀਸੀ ਦਫ਼ਤਰ ਨੂੰ ਮਿਲੀ ਵੱਡੀ ਧਮਕੀ, ਪੁਲਸ ਨੇ ਸਖ਼ਤ ਕੀਤੀ ਸੁਰੱਖਿਆ

Tuesday, Aug 18, 2026 - 11:15 AM (IST)

ਫ਼ਰੀਦਕੋਟ ਡੀਸੀ ਦਫ਼ਤਰ ਨੂੰ ਮਿਲੀ ਵੱਡੀ ਧਮਕੀ, ਪੁਲਸ ਨੇ ਸਖ਼ਤ ਕੀਤੀ ਸੁਰੱਖਿਆ

ਫ਼ਰੀਦਕੋਟ (ਰਾਜਨ) : ਫ਼ਰੀਦਕੋਟ ਦੇ ਮਿੰਨੀ ਸਕੱਤਰੇਤ ਸਥਿਤ ਡਿਪਟੀ ਕਮਿਸ਼ਨਰ (ਡੀ.ਸੀ.) ਦਫ਼ਤਰ ਨੂੰ ਮੰਗਲਵਾਰ ਦੁਪਹਿਰ ਈ-ਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਜ਼ਿਲ੍ਹਾ ਪੁਲਸ ਅਤੇ ਪ੍ਰਸ਼ਾਸਨ ਵਿਚ ਹੜਕੰਪ ਮਚ ਗਿਆ। ਧਮਕੀ ਨੂੰ ਗੰਭੀਰਤਾ ਨਾਲ ਲੈਂਦਿਆਂ ਪੁਲਸ ਵੱਲੋਂ ਤੁਰੰਤ ਮਿੰਨੀ ਸਕੱਤਰੇਤ ਕੰਪਲੈਕਸ ਨੂੰ ਖਾਲੀ ਕਰਵਾ ਕੇ ਵੱਡੇ ਪੱਧਰ ’ਤੇ ਸਰਚ ਆਪ੍ਰੇਸ਼ਨ ਚਲਾਇਆ ਗਿਆ। ਜਾਣਕਾਰੀ ਅਨੁਸਾਰ ਡਿਪਟੀ ਕਮਿਸ਼ਨਰ ਦਫ਼ਤਰ ਨੂੰ ਭੇਜੀ ਗਈ ਧਮਕੀ ਭਰੀ ਈ-ਮੇਲ ਕਥਿਤ ਤੌਰ ’ਤੇ ‘ਖਾਲਿਸਤਾਨ ਨੈਸ਼ਨਲ ਆਰਮੀ’ ਦੇ ਨਾਮ ਨਾਲ ਭੇਜੀ ਗਈ ਸੀ। ਈ-ਮੇਲ ਪ੍ਰਾਪਤ ਹੁੰਦੇ ਹੀ ਇਸ ਦੀ ਸੂਚਨਾ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ। ਸੁਰੱਖਿਆ ਦੇ ਮੱਦੇਨਜ਼ਰ ਪੁਲਸ ਨੇ ਮਿੰਨੀ ਸਕੱਤਰੇਤ ਵਿਚ ਮੌਜੂਦ ਅਧਿਕਾਰੀਆਂ, ਕਰਮਚਾਰੀਆਂ ਅਤੇ ਆਪਣੇ ਕੰਮਕਾਜ ਲਈ ਆਏ ਆਮ ਲੋਕਾਂ ਨੂੰ ਤੁਰੰਤ ਸੁਰੱਖਿਅਤ ਬਾਹਰ ਕੱਢ ਦਿੱਤਾ।

ਇਹ ਵੀ ਪੜ੍ਹੋ : ਇੰਗਲੈਂਡ ਤੋਂ ਆਈ ਔਰਤ ਨਾਲ ਵਾਪਰੀ ਅਣਹੋਣੀ, ਇੰਝ ਆਵੇਗੀ ਮੌਤ ਸੋਚਿਆ ਨਾ ਸੀ

ਸੂਚਨਾ ਮਿਲਦੇ ਹੀ ਡੀਐੱਸਪੀ ਤਰਲੋਚਨ ਸਿੰਘ ਦੀ ਅਗਵਾਈ ਹੇਠ ਭਾਰੀ ਪੁਲਸ ਬਲ ਮੌਕੇ ’ਤੇ ਪਹੁੰਚਿਆ। ਪੁਲਸ ਦੀ ਐਂਟੀ-ਸੈਬੋਟਾਜ ਟੀਮ ਅਤੇ ਡੌਗ ਸਕੁਐਡ ਦੀ ਮਦਦ ਨਾਲ ਮਿੰਨੀ ਸਕੱਤਰੇਤ ਦੇ ਪੂਰੇ ਕੰਪਲੈਕਸ, ਡੀ.ਸੀ. ਦਫ਼ਤਰ ਦੀ ਮੁੱਖ ਇਮਾਰਤ, ਆਲੇ-ਦੁਆਲੇ ਦੇ ਖੇਤਰਾਂ ਅਤੇ ਹੋਰ ਸੰਵੇਦਨਸ਼ੀਲ ਥਾਵਾਂ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ। ਪੁਲਸ ਟੀਮਾਂ ਵੱਲੋਂ ਕਾਫ਼ੀ ਸਮੇਂ ਤੱਕ ਚੱਪਾ-ਚੱਪਾ ਖੰਗਾਲਿਆ ਗਿਆ ਪਰ ਤਲਾਸ਼ੀ ਦੌਰਾਨ ਕੋਈ ਵੀ ਸ਼ੱਕੀ ਜਾਂ ਇਤਰਾਜ਼ਯੋਗ ਵਸਤੂ ਬਰਾਮਦ ਨਹੀਂ ਹੋਈ।

ਇਹ ਵੀ ਪੜ੍ਹੋ : ਜਨਮ ਦਿਨ ਦੀ ਪਾਰਟੀ ਤੋਂ ਆ ਰਹੇ ਮੁੰਡੇ ਦਾ ਕਤਲ, ਕਾਰ ਸਵਾਰਾਂ ਨੇ ਮੀਂਹ ਵਾਂਗ ਵਰ੍ਹਾਈਆਂ ਗੋਲੀਆਂ

ਇਸ ਮੌਕੇ ਡੀਐੱਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਈ-ਮੇਲ ਰਾਹੀਂ ਮਿਲੀ ਧਮਕੀ ਨੂੰ ਪੁਲਸ ਵੱਲੋਂ ਬੇਹੱਦ ਗੰਭੀਰਤਾ ਨਾਲ ਲਿਆ ਗਿਆ ਅਤੇ ਤੁਰੰਤ ਸੁਰੱਖਿਆ ਦੇ ਲੋੜੀਂਦੇ ਕਦਮ ਚੁੱਕੇ ਗਏ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਪੰਜਾਬ ਦੇ ਵੱਖ-ਵੱਖ ਹਿੱਸਿਆਂ ਅਤੇ ਫ਼ਰੀਦਕੋਟ ਵਿਚ ਅਜਿਹੀਆਂ ਝੂਠੀਆਂ ਧਮਕੀਆਂ ਮਿਲਦੀਆਂ ਰਹੀਆਂ ਹਨ ਪਰ ਪੁਲਸ ਪ੍ਰਸ਼ਾਸਨ ਕਿਸੇ ਵੀ ਧਮਕੀ ਜਾਂ ਸੂਚਨਾ ਨੂੰ ਹਲਕੇ ਵਿਚ ਨਹੀਂ ਲੈਂਦਾ ਅਤੇ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਜਾਂਦੇ ਹਨ। ਡੀਐੱਸਪੀ ਨੇ ਦੱਸਿਆ ਕਿ ਫਿਲਹਾਲ ਤਲਾਸ਼ੀ ਦੌਰਾਨ ਕੁਝ ਵੀ ਸ਼ੱਕੀ ਨਹੀਂ ਮਿਲਿਆ ਹੈ। ਇਸ ਦੇ ਬਾਵਜੂਦ ਸਾਵਧਾਨੀ ਵਜੋਂ ਮਿੰਨੀ ਸਕੱਤਰੇਤ ਅਤੇ ਆਲੇ-ਦੁਆਲੇ ਦੇ ਇਲਾਕੇ ਵਿੱਚ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ। ਪੁਲਸ ਵੱਲੋਂ ਸਥਿਤੀ ’ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਧਮਕੀ ਭਰੀ ਈ-ਮੇਲ ਭੇਜਣ ਵਾਲੇ ਸ਼ਰਾਰਤੀ ਤੱਤਾਂ ਦਾ ਪਤਾ ਲਗਾਉਣ ਲਈ ਤਕਨੀਕੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਸ ਵੱਲੋਂ ਈ-ਮੇਲ ਦੇ ਸਰੋਤ ਅਤੇ ਇਸ ਨੂੰ ਭੇਜਣ ਵਾਲੇ ਵਿਅਕਤੀ ਦੀ ਪਛਾਣ ਕਰਨ ਲਈ ਜਾਂਚ ਕੀਤੀ ਜਾ ਰਹੀ ਹੈ। ਪੁਲਸ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਘਬਰਾਉਣ ਦੀ ਬਜਾਏ ਸੁਚੇਤ ਰਹਿਣ ਦੀ ਅਪੀਲ ਕੀਤੀ ਗਈ ਹੈ।

ਇਹ ਵੀ ਪੜ੍ਹੋ : ਘਰ ਸੱਦ ਕੇ ਉਤਰਵਾ ਲੈਂਦੀਆਂ ਕੱਪੜੇ ਤੇ ਫਿਰ ਖੇਡਦੀਆਂ 'ਗੰਦਾ ਖੇਡ'

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News