''ਡੀ.ਬੀ.ਟੀ. ਰਾਹੀਂ ਰਜਿਸਟਰਡ ਉਸਾਰੀ ਕਿਰਤੀਆਂ ਲਈ 90 ਕਰੋੜ ਰੁਪਏ ਦੀ ਰਾਸ਼ੀ ਜਾਰੀ''
Saturday, Apr 18, 2020 - 10:40 PM (IST)
ਚੰਡੀਗੜ- ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ 'ਤੇ ਕਿਰਤ ਵਿਭਾਗ ਨੇ ਅੱਜ ਰਜਿਸਟਰਡ ਕਿਰਤੀਆਂ ਲਈ 90 ਕਰੋੜ ਰੁਪਏ ਦੀ ਅੰਤਰਿਮ ਰਾਹਤ ਦੀ ਦੂਜੀ ਕਿਸ਼ਤ ਜਾਰੀ ਕੀਤੀ। ਡੀ.ਬੀ.ਟੀ ਦੇ ਜ਼ਰੀਏ 2,82,576 ਰਜਿਸਟਰਡ ਉਸਾਰੀ ਕਿਰਤੀਆਂ ਦੇ ਸੇਵਿੰਗ ਬੈਂਕ ਖਾਤਿਆਂ 'ਚ ਹਰੇਕ ਨੂੰ 3,000 ਰੁਪਏ ਟ੍ਰਾਂਸਫਰ ਕੀਤੇ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਰਤ ਤੇ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਕੋਰੋਨਾ ਵਾਇਰਸ ਬਿਮਾਰੀ (ਕੋਵਿਡ-19) ਨੇ ਸਾਡੇ ਦੇਸ਼ ਸਮੇਤ ਪੂਰੀ ਦੁਨੀਆ ਨੂੰ ਆਪਣੀ ਪਕੜ 'ਚ ਲੈ ਲਿਆ ਹੈ। ਇਸ ਲਈ ਉਸਾਰੀ ਕਿਰਤੀਆਂ ਨੂੰ ਬਿਨਾਂ ਕੰਮ ਤੇ ਮਜ਼ਦੂਰੀ ਦੇ ਘਰ ਰਹਿਣਾ ਪਏਗਾ। ਜੇਕਰ ਉਸਾਰੀ ਕਿਰਤੀਆਂ ਨੂੰ ਕੰਮ ਤੇ ਤਨਖਾਹ ਨਹੀਂ ਮਿਲਦੀ ਤਾਂ ਉਹ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਜੀਵਨ ਨਿਰਬਾਹ ਖਤਰੇ 'ਚ ਪੈ ਜਾਵੇਗਾ। ਉਸਾਰੀ ਮਜ਼ਦੂਰਾਂ ਦੇ ਕੰਮ ਦੀ ਪ੍ਰਕਿਰਤੀ ਨੂੰ ਵੇਖਦਿਆਂ ਉਨ੍ਹਾਂ ਕਿਹਾ ਕਿ ਕਿਰਤੀ ਕਰਫਿਊ ਦੀਆਂ ਪਾਬੰਦੀਆਂ ਦੌਰਾਨ ਘਰ ਤੋਂ ਕੰਮ ਨਹੀਂ ਕਰ ਪਾਉਂਦੇ ਇਸ ਲਈ ਪੰਜਾਬ ਸਰਕਾਰ ਹਰ ਰਜਿਸਟਰਡ ਉਸਾਰੀ ਕਿਰਤੀਆਂ ਨੂੰ ਰਾਹਤ ਪ੍ਰਦਾਨ ਕਰ ਰਹੀ ਹੈ।