ਸਾਰੀ ਦੁਨੀਆ ਦਾ ਬੋਝ ਚੁੱਕਣ ਵਾਲੇ ਕੁਲੀ ਬੈਠੇ ਹੜਤਾਲ ''ਤੇ
Thursday, Mar 01, 2018 - 03:48 AM (IST)

ਲੁਧਿਆਣਾ, (ਵਿਪਨ)- ਰੇਲਵੇ ਸਟੇਸ਼ਨ ਪੁੱਜਦੇ ਹੀ ਮੁੱਖ ਗੇਟ 'ਤੇ ਭਾਰੀ ਸਾਮਾਨ ਦੇ ਨਾਲ ਸਫਰ ਕਰਨ ਵਾਲੇ ਯਾਤਰੀਆਂ ਨੂੰ ਲੱਭ ਰਹੇ ਕੁਲੀਆਂ (ਯਾਤਰੀ ਸਹਾਇਕ ਨਵਾਂ ਨਾਂ) 'ਤੇ ਨਜ਼ਰ ਪੈਂਦੇ ਹੀ ਮਨ ਹੀ ਮਨ 'ਚ ਕੁਲੀ ਫਿਲਮ 'ਚ ਸੁਪਰ ਸਟਾਰ ਅਮਿਤਾਭ ਬੱਚਨ 'ਤੇ ਫਿਲਮਾਇਆ ਗਿਆ ਗੀਤ ਦਾ ਮੁਖੜਾ, ਸਾਰੀ ਦੁਨੀਆ ਕਾ ਬੋਝ ਹਮ ਉਠਾਤੇ ਹੈਂ, ਅਚਾਨਕ ਵੱਜਣ ਲੱਗਦਾ ਹੈ ਪਰ ਬੁੱਧਵਾਰ ਨੂੰ ਕੁਲੀਆਂ ਵੱਲੋਂ ਕਿਸੇ ਦਾ ਵੀ ਬੋਝ ਨਹੀਂ ਚੁੱਕਿਆ ਗਿਆ ਅਤੇ ਰੇਲਵੇ ਮੰਤਰਾਲੇ ਵੱਲੋਂ ਉਨ੍ਹਾਂ ਦੀ ਅਣਦੇਖੀ ਕੀਤੇ ਜਾਨਣ ਦੇ ਗੰਭੀਰ ਦੋਸ਼ ਲਾ ਕੇ ਕੰਮ-ਕਾਜ ਠੱਪ ਕਰ ਕੇ ਦੇਸ਼ ਪੱਧਰੀ ਹੜਤਾਲ ਕੀਤੀ ਗਈ। ਸਥਾਨਕ ਸਟੇਸ਼ਨ 'ਤੇ ਕੁਲੀ ਯੂਨੀਅਨ ਦੇ ਜੈ ਭਗਵਾਨ, ਜੀਤ ਰਾਮ ਨੇ ਦੱਸਿਆ ਕਿ ਰੇਲਵੇ ਮੰਤਰਾਲਾ ਉਨ੍ਹਾਂ ਦੀਆਂ ਜਾਇਜ਼ ਮੰਗਾਂ, ਜਿਨ੍ਹਾਂ 'ਚ ਮੁੱਖ ਰੂਪ ਨਾਲ ਕੁਲੀਆਂ ਨੂੰ ਸਰਕਾਰੀ ਨੌਕਰੀ ਦੇਣਾ, ਬਿਰਧ ਕੁਲੀਆਂ ਦੇ ਆਸ਼ਰਿਤਾਂ ਨੂੰ ਰੇਲਵੇ 'ਚ ਨੌਕਰੀ ਦੇਣਾ, ਸਰੀਰਕ ਤੌਰ 'ਤੇ ਬੀਮਾਰ ਕੁਲੀਆਂ ਨੂੰ ਰੇਲਵੇ ਵਿਚ ਚਪੜਾਸੀ, ਮਾਲੀ, ਵਾਲਮੇਨ ਦੀ ਨੌਕਰੀ 'ਤੇ ਰੱਖਣਾ, ਨਹੀਂ ਮੰਨ ਰਿਹਾ ਹੈ, ਜਿਸ ਕਾਰਨ ਮਜਬੂਰ ਹੋ ਕੇ ਸਾਨੂੰ ਇਹ ਕਦਮ ਚੁੱਕ ਕੇ ਹੜਤਾਲ ਕਰ ਕੇ ਧਰਨਾ ਦੇਣਾ ਪੈ ਰਿਹਾ ਹੈ। ਧਰਨੇ 'ਚ ਪ੍ਰਤਾਪ, ਗੁਰਪ੍ਰੀਤ, ਰਾਮ ਚੰਦਰ, ਰੋਹਿਤਾਸ, ਸੰਜੇ, ਸੁਰਿੰਦਰ, ਮਨਪੀਤ, ਸ਼ਿਵ ਲਾਲ, ਸੰਨੀ, ਨਰੇਸ਼, ਮਾਇਆ ਦੇਵੀ, ਲੱਜੋਵਤੀ ਅਤੇ ਹੋਰ ਹਾਜ਼ਰ ਸਨ।
ਯਾਤਰੀਆਂ ਨੂੰ ਸਹਿਣੀ ਪਈ ਭਾਰੀ ਪ੍ਰੇਸ਼ਾਨੀ
ਕੁਲੀਆਂ ਦੇ ਹੜਤਾਲ 'ਤੇ ਚਲੇ ਜਾਣ ਕਾਰਨ ਯਾਤਰੀਆਂ, ਖਾਸ ਕਰ ਭਾਰੀ ਸਾਮਾਨ ਦੇ ਨਾਲ ਯਾਤਰਾ 'ਤੇ ਨਿਕਲੀਆਂ ਇਕੱਲੀਆਂ ਔਰਤਾਂ, ਬਿਰਧ ਅਤੇ ਬੱਚਿਆਂ ਅਤੇ ਸਾਮਾਨ ਦੇ ਨਾਲ ਯਾਤਰਾ ਦੇ ਲਈ ਸਟੇਸ਼ਨ ਪੁੱਜੀਆਂ ਔਰਤਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਸਟੇਸ਼ਨ 'ਤੇ ਆਰਾਮ ਲਈ ਕਮਰੇ ਦੀ ਹੈ ਵੱਖ ਤੋਂ ਮੰਗ
ਸਥਾਨਕ ਸਟੇਸ਼ਨ 'ਤੇ ਹੜਤਾਲ ਕਰ ਕੇ ਧਰਨਾ ਦੇ ਰਹੇ ਕੁਲੀਆਂ ਨੇ ਦੱਸਿਆ ਕਿ ਰੇਲ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਆਰਾਮ ਕਰਨ ਦੇ ਲਈ ਜੋ ਕਮਰਾ ਦਿੱਤਾ ਗਿਆ ਹੈ, ਉਸ ਕਮਰੇ 'ਚ ਕੁਲੀ ਆਰਾਮ ਕੀ ਕਰ ਸਕਦੇ ਹਨ, ਜਿਸ ਵਿਚ ਮੁਸ਼ਕਲ ਨਾਲ ਚਾਰ ਵਿਅਕਤੀ ਢੰਗ ਨਾਲ ਬੈਠ ਨਹੀਂ ਸਕਦੇ। ਉਨ੍ਹਾਂ ਨੇ ਸਥਾਨਕ ਸਟੇਸ਼ਨ ਨਿਦੇਸ਼ਕ ਅਭਿਨਵ ਸਿੰਗਲਾ ਅਤੇ ਫਿਰੋਜ਼ਪੁਰ ਮੰਡਲ ਦੇ ਪ੍ਰਬੰਧਕ ਵਿਵੇਕ ਕੁਮਾਰ ਤੋਂ ਉਨ੍ਹਾਂ ਨੂੰ ਆਰਾਮ ਦੇ ਲਈ ਵੱਡਾ ਕਮਰਾ ਬਣਾ ਕੇ ਦਿੱਤੇ ਜਾਣ ਦੀ ਮੰਗ ਕੀਤੀ।