ਪੁਲਸ ਮੁਲਾਜ਼ਮ ਸਹੁਰੇ ਦੀ ਮੌਤ ਦੇ 27 ਸਾਲਾਂ ਮਗਰੋਂ ਜੱਗ-ਜ਼ਾਹਰ ਹੋਇਆ ਸੱਸ ਦਾ ਕਾਰਾ, ਨੂੰਹ ਨੇ ਖੋਲ੍ਹੇ ਰਾਜ਼
Saturday, Apr 02, 2022 - 01:34 PM (IST)
ਖੰਨਾ (ਵਿਪਨ) : ਪੁਲਸ ਮੁਲਾਜ਼ਮ ਸਹੁਰੇ ਦੀ ਮੌਤ ਤੋਂ ਬਾਅਦ ਸੱਸ ਜੋ ਕਾਰਾ ਕਰਦੀ ਰਹੀ, ਉਸ ਨੂੰ ਨੂੰਹ ਨੇ 27 ਸਾਲਾਂ ਬਾਅਦ ਜੱਗ-ਜ਼ਾਹਰ ਕੀਤਾ ਹੈ। ਇਹ ਪੂਰਾ ਮਾਮਲਾ ਬੇਹੱਦ ਹੈਰਾਨ ਕਰਨ ਵਾਲਾ ਹੈ। ਫਿਲਹਾਲ ਪੁਲਸ ਨੇ ਸੱਸ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਮੁਤਾਬਕ ਰਮਨਜੀਤ ਕੌਰ ਪਤਨੀ ਬਲਜੀਤ ਸਿੰਘ ਵਾਸੀ ਅਰਬਨ ਸਿਟੀ, ਜ਼ਿਲ੍ਹਾ ਹੁਸ਼ਿਆਰਪੁਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਦਾ ਸਹੁਰਾ ਗੁਰਜੰਟ ਸਿੰਘ ਪੰਜਾਬ ਪੁਲਸ 'ਚ ਬਤੌਰ ਹੌਲਦਾਰ ਪੁਲਸ ਜ਼ਿਲ੍ਹਾ ਖੰਨਾ 'ਚ ਡਿਊਟੀ ਕਰਦਾ ਸੀ। ਰਮਨਜੀਤ ਨੇ ਦੱਸਿਆ ਕਿ 17 ਮਈ, 1994 ਨੂੰ ਉਸ ਦੇ ਸਹੁਰੇ ਦੀ ਮੌਤ ਹੋ ਗਈ।
ਸਹੁਰੇ ਦੀ ਮੌਤ ਮਗਰੋਂ ਉਸ ਦੀ ਸੱਸ ਬਲਵਿੰਦਰ ਕੌਰ ਨੂੰ ਫੈਮਿਲੀ ਪੈਨਸ਼ਨ ਲੱਗ ਗਈ ਸੀ। ਸਹੁਰੇ ਦੀ ਮੌਤ ਦੇ ਕੁੱਝ ਮਹੀਨਿਆਂ ਬਾਅਦ ਸੱਸ ਬਲਵਿੰਦਰ ਕੌਰ ਨੇ 15 ਨਵੰਬਰ, 1994 ਨੂੰ ਦਰਸ਼ਨ ਸਿੰਘ ਪੁੱਤਰ ਹਰਭਜਨ ਸਿੰਘ ਨਾਲ ਦੂਜਾ ਵਿਆਹ ਕਰਵਾ ਲਿਆ ਸੀ, ਜਿਨ੍ਹਾਂ ਦਾ ਇਕ ਪੁੱਤਰ ਪਰਦੀਪ ਸਿੰਘ (23) ਹੈ। ਰਮਨਜੀਤ ਕੌਰ ਨੇ ਦੱਸਿਆ ਕਿ ਉਸ ਦੀ ਸੱਸ ਦੂਜਾ ਵਿਆਹ ਕਰਾਉਣ ਦੇ ਬਾਵਜੂਦ ਸਹੁਰੇ ਦੀ ਪੈਨਸ਼ਨ ਲੈਂਦੀ ਆ ਰਹੀ ਹੈ ਅਤੇ ਕਾਨੂੰਨ ਮੁਤਾਬਕ ਇਹ ਪੈਨਸ਼ਨ ਲੈਣਾ ਉਸ ਦਾ ਹੱਕ ਨਹੀਂ ਹੈ।
ਇਸ ਤੋਂ ਬਾਅਦ ਰਮਨਜੀਤ ਕੌਰ ਨੇ ਪੁਲਸ ਨੂੰ ਸੱਸ ਖ਼ਿਲਾਫ਼ ਸ਼ਿਕਾਇਤ ਦਿੱਤੀ। ਹੁਣ ਪੁਲਸ ਨੇ ਸੱਸ ਬਲਵਿੰਦਰ ਕੌਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਇਸ ਬਾਰੇ ਬੋਲਦਿਆਂ ਆਈ. ਓ. ਨੇ ਦੱਸਿਆ ਕਿ ਸੱਸ ਖ਼ਿਲਾਫ਼ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ